
ਅਟਾਰੀ (ਅੰਮ੍ਰਿਤਸਰ), 23 ਫਰਵਰੀ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ) - ਬੀ.ਐਸ.ਐਫ. ਵਲੋਂ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਸਹਾਇਤਾ ਨਾਲ ਨਸ਼ਿਆਂ ਤੋਂ ਨੌਜਵਾਨਾਂ ਨੂੰ ਦੂਰ ਰੱਖਣ ਲਈ ਹਰ ਸਾਲ ਮੈਰਾਥਨ ਦੌੜ ਕਰਵਾਈ ਜਾਂਦੀ ਹੈ। ਇਸ ਮੈਰਾਥਨ ਦੌੜ ਵਿਚ ਸਮੁੱਚੇ ਭਾਰਤ ਤੋਂ ਅੱਜ ਕਰੀਬ 5 ਹਜ਼ਾਰ ਦੋੜਾਕ ਸ਼ਾਮਿਲ ਹੋਏ ਸਨ। ਮੈਰਾਥਨ ਵਿਚ ਸਭ ਤੋਂ ਲੰਬੀ ਦੌੜ 42 ਕਿਲੋਮੀਟਰ, ਉਸ ਤੋਂ ਬਾਅਦ 22 ਕਿਲੋਮੀਟਰ ਅਤੇ ਉਸ ਤੋਂ ਬਾਅਦ 11 ਕਿਲੋਮੀਟਰ ਦਾ ਆਗਾਜ਼ ਅੱਜ ਤੜਕੇ ਗੋਲਡਨ ਗੇਟ ਅੰਮ੍ਰਿਤਸਰ ਤੋਂ ਹੋਇਆ ਸੀ। ਅਟਾਰੀ ਸਰਹੱਦ 'ਤੇ ਪੁੱਜ ਕੇ ਜੇਤੂ ਦੌੜਾਕਾਂ ਨੇ ਖੁਸ਼ੀ ਸਾਂਝੀ ਕਰਦੇ ਹੋਏ ਬੀ.ਐਸ.ਐਫ. ਵਲੋਂ ਸਰਹੱਦ 'ਤੇ ਲਗਾਏ ਗਏ ਡੀ.ਜੇ. 'ਤੇ ਭੰਗੜੇ ਪਾਏ ਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ। ਬੀ.ਐਸ.ਐਫ. ਦੇ ਡੀ.ਜੀ. ਵਲੋਂ ਅੱਜ ਦੀ ਮੈਰਾਥਨ ਵਿਚ ਸ਼ਿਰਕਤ ਕਰਨ ਵਾਲੇ ਦੌੜਾਕਾਂ ਨੂੰ ਨਗਦ ਇਨਾਮ ਅਤੇ ਯਾਦਗਾਰੀ ਚਿੰਨ ਸ਼ਾਮ ਨੂੰ ਵੰਡੇ ਜਾਣਗੇ।