ਸੰਗਰੂਰ, 25 ਜਨਵਰੀ (ਧੀਰਜ ਪਸ਼ੋਰੀਆ)-ਜ਼ਿਲ੍ਹਾ ਮੈਜਿਸਟਰੇਟ ਸ੍ਰੀ ਸੰਦੀਪ ਰਿਸ਼ੀ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਲਾਈਨ ਸਟੇਡੀਅਮ ਸੰਗਰੂਰ ਅਤੇ ਇਸ ਦੇ ਆਲੇ-ਦੁਆਲੇ ਦੇ 500 ਮੀਟਰ ਦੇ ਘੇਰੇ ਅੰਦਰ ਡਰੋਨ ਉਡਾਉਣ ’ਤੇ ਪੂਰਨ ਪਾਬੰਦੀ ਲਗਾਉਂਦੇ ਹੋਏ ਇਸ ਏਰੀਏ ਨੂੰ ‘ਨੋ ਡਰੋਨ ਫ਼ਲਾਇੰਗ ਜ਼ੋਨ’ ਘੋਸ਼ਿਤ ਕੀਤਾ ਹੈ।
ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਇਹ ਹੁਕਮ 25 ਜਨਵਰੀ ਤੋਂ 26 ਜਨਵਰੀ 2025 ਤੱਕ ਲਾਗੂ ਰਹਿਣਗੇ।
ਹੁਕਮਾਂ ਵਿਚ ਕਿਹਾ ਗਿਆ ਹੈ ਕਿ 76ਵਾਂ ਗਣਤੰਤਰ ਦਿਵਸ ਸਮਾਰੋਹ 26 ਜਨਵਰੀ ਨੂੰ ਪੁਲਿਸ ਲਾਈਨ ਸਟੇਡੀਅਮ ਸੰਗਰੂਰ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਜਦਕਿ ਇਸ ਮੌਕੇ ਹੋਰ ਸ਼ਖਸੀਅਤਾਂ ਤੇ ਪਤਵੰਤੇ ਵੀ ਵੱਡੀ ਗਿਣਤੀ ਵਿਚ ਮੌਜੂਦ ਹੋਣਗੇ। ਸਟੇਡੀਅਮ ਅਤੇ ਆਲੇ-ਦੁਆਲੇ ਦੇ ਖੇਤਰ ਵਿਚ ਕਿਸੇ ਵੀ ਡਰੋਨ, ਏਅਰ ਬੋਰਨ ਵੀਡੀਓ ਕੈਮਰਾ ਜਾਂ ਫਲਾਇੰਗ ਆਬਜੈਕਟਸ ਜਾਂ ਹੋਰ ਕਿਸੇ ਵੀ ਤਰੀਕੇ ਨਾਲ ਅਣ-ਅਧਿਕਾਰਤ ਨਿਗਰਾਨੀ ਅਤੇ ਕਿਸੇ ਵੀ ਤਰ੍ਹਾਂ ਦੇ ਅੱਤਵਾਦੀ ਹਮਲਿਆਂ ਨੂੰ ਰੋਕਣ ਲਈ ਇਹ ਪਾਬੰਦੀ ਹੁਕਮ ਲਾਗੂ ਕੀਤੇ ਗਏ ਹਨ।