ਸਾਨੂੰ ਵਿਕਸਿਤ ਭਾਰਤ ਲਈ ਆਪਣੇ ਆਰਾਮ ਖ਼ੇਤਰ ’ਚੋਂ ਨਿਕਲਣਾ ਹੋਵੇਗਾ ਬਾਹਰ- ਪ੍ਰਧਾਨ ਮੰਤਰੀ
ਓਡੀਸ਼ਾ, 23 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੋਕਾਂ ਨੂੰ ‘ਵਿਕਸਤ ਭਾਰਤ’ ਲਈ ਇਕਜੁੱਟ ਰਹਿਣ ਦਾ ਸੱਦਾ ਦਿੱਤਾ ਅਤੇ ਦੇਸ਼ ਨੂੰ ਕਮਜ਼ੋਰ ਕਰਨ ਅਤੇ ਇਸ ਦੀ ਏਕਤਾ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲੀਆਂ ਤਾਕਤਾਂ ਵਿਰੁੱਧ ਚਿਤਾਵਨੀ ਦਿੱਤੀ। ਸੁਭਾਸ਼ ਚੰਦਰ ਬੋਸ ਦੀ 128ਵੀਂ ਜਯੰਤੀ ਮੌਕੇ ਕਟਕ ਵਿਚ ਆਯੋਜਿਤ ‘ਪਰਾਕ੍ਰਮ ਦਿਵਸ’ ਸਮਾਗਮ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪ੍ਰਸਿੱਧ ਆਜ਼ਾਦੀ ਘੁਲਾਟੀਏ ਦਾ ਜੀਵਨ ਲੋਕਾਂ ਲਈ ਨਿਰੰਤਰ ਪ੍ਰੇਰਨਾ ਦਾ ਸਰੋਤ ਹੈ। ਆਪਣੇ ਭਾਸ਼ਣ ਵਿਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਨੇਤਾ ਜੀ ਨੇ ਆਰਾਮ ਖੇਤਰ ਤੋਂ ਬਾਹਰ ਨਿਕਲ ਕੇ ਦੇਸ਼ ਦੀ ਆਜ਼ਾਦੀ ਲਈ ਲੜਨ ਨੂੰ ਤਰਜੀਹ ਦਿੱਤੀ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਉਹ ਕਦੇ ਵੀ ਆਪਣੇ ਆਰਾਮ ਖੇਤਰ ਵਿਚ ਨਹੀਂ ਫਸੇ। ਇਸੇ ਤਰ੍ਹਾਂ, ਸਾਨੂੰ ਸਾਰਿਆਂ ਨੂੰ ਇਕ ਵਿਕਸਤ ਭਾਰਤ ਬਣਾਉਣ ਲਈ ਆਪਣੇ ਆਰਾਮ ਖੇਤਰ ਤੋਂ ਬਾਹਰ ਨਿਕਲਣਾ ਪਵੇਗਾ। ਸਾਨੂੰ ਵਿਸ਼ਵ ਪੱਧਰ ’ਤੇ ਆਪਣੇ ਆਪ ਨੂੰ ਸਭ ਤੋਂ ਵਧੀਆ ਬਣਾਉਣਾ ਪਵੇਗਾ। ਸਾਨੂੰ ਉੱਤਮਤਾ ਦੀ ਚੋਣ ਕਰਨੀ ਪਵੇਗੀ ਅਤੇ ਕੁਸ਼ਲਤਾ ’ਤੇ ਧਿਆਨ ਕੇਂਦਰਿਤ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਬੋਸ ਪੂਰੀ ਤਰ੍ਹਾਂ ਦੇਸ਼ ਦੇ ‘ਸਵਰਾਜ’ (ਸਵੈ-ਸ਼ਾਸਨ) ’ਤੇ ਕੇਂਦ੍ਰਿਤ ਸਨ। ਉਨ੍ਹਾਂ ਕਿਹਾ ਕਿ ਹੁਣ ਸਾਨੂੰ ਵਿਕਸਤ ਭਾਰਤ ਲਈ ਇਕਜੁੱਟ ਰਹਿਣਾ ਪਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਭਾਰਤ ਦੀ ਏਕਤਾ ਲਈ ਬੋਸ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।