ਕਿਸ਼ਤੀ ਪਲਟਣ ਨਾਲ 40 ਤੋਂ ਵੱਧ ਪਾਕਿਸਤਾਨੀਆਂ ਦੇ ਡੁੱਬਣ ਦਾ ਖਦਸ਼ਾ ? ਅਫਰੀਕਾ ਦੇ ਐਟਲਾਂਟਿਕ ਤੱਟ 'ਤੇ ਘਟਨਾ
ਮੋਰੋਕੋ, 17 ਜਨਵਰੀ - ਪੱਛਮੀ ਅਫ਼ਰੀਕਾ ਦੇ ਤੱਟ ਨੇੜੇ ਐਟਲਾਂਟਿਕ ਮਹਾਂਸਾਗਰ ਵਿਚ ਇਕ ਕਿਸ਼ਤੀ ਪਲਟਣ ਤੋਂ ਬਾਅਦ 40 ਤੋਂ ਵੱਧ ਪਾਕਿਸਤਾਨੀਆਂ ਦੇ ਡੁੱਬਣ ਦਾ ਖਦਸ਼ਾ ਹੈ। ਵਿਦੇਸ਼ ਦਫ਼ਤਰ ਨੇ ਕਿਹਾ ਕਿ ਮੋਰੋਕੋ ਦੇ ਨੇੜੇ 40 ਤੋਂ ਵੱਧ ਪਾਕਿਸਤਾਨੀਆਂ ਸਮੇਤ 80 ਯਾਤਰੀਆਂ ਨੂੰ ਲੈ ਜਾ ਰਹੀ ਇਕ ਕਿਸ਼ਤੀ ਪਲਟ ਗਈ। ਪ੍ਰਵਾਸੀ ਅਧਿਕਾਰ ਸਮੂਹ ਵਾਕਿੰਗ ਬਾਰਡਰਜ਼ ਨੇ ਕਿਹਾ ਕਿ ਪੱਛਮੀ ਅਫਰੀਕਾ ਤੋਂ ਸਪੇਨ ਦੇ ਕੈਨਰੀ ਟਾਪੂਆਂ ਤੱਕ ਜਾਣ ਦੀ ਕੋਸ਼ਿਸ਼ ਵਿਚ 50 ਤੋਂ ਵੱਧ ਪ੍ਰਵਾਸੀ ਡੁੱਬ ਗਏ ਹਨ। ਸਮੂਹ ਨੇ ਕਿਹਾ ਕਿ ਮੋਰੋਕੋ ਦੇ ਅਧਿਕਾਰੀਆਂ ਨੇ ਇਕ ਦਿਨ ਪਹਿਲਾਂ 2 ਜਨਵਰੀ ਨੂੰ ਮੌਰੀਤਾਨੀਆ ਤੋਂ ਰਵਾਨਾ ਹੋਏ ਇਕ ਜਹਾਜ਼ ਵਿੱਚੋਂ 36 ਲੋਕਾਂ ਨੂੰ ਬਚਾਇਆ ਸੀ, ਜਿਸ ਵਿਚ 86 ਪ੍ਰਵਾਸੀ ਸਵਾਰ ਸਨ, ਜਿਨ੍ਹਾਂ ਵਿਚ 66 ਪਾਕਿਸਤਾਨੀ ਵੀ ਸ਼ਾਮਿਲ ਸਨ। ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਅਤੇ ਮਨੁੱਖੀ ਤਸਕਰੀ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਲੋੜ 'ਤੇ ਜ਼ੋਰ ਦਿੱਤਾ।