17-01-2025
ਸੜਕਾਂ 'ਤੇ ਗ਼ਲਤ ਪਾਸੇ ਨਾ ਚੱਲੋ
ਰੋਜ਼ਾਨਾ ਸੜਕਾਂ ਉੱਪਰ ਅਨੇਕਾਂ ਹੀ ਹਾਦਸੇ ਵਾਪਰ ਰਹੇ ਹਨ, ਇਨ੍ਹਾਂ ਹਾਦਸਿਆਂ ਕਾਰਨ ਹਰ ਵਰ੍ਹੇ ਅਨੇਕਾਂ ਹੀ ਲੋਕ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਇਨ੍ਹਾਂ ਹਾਦਸਿਆਂ ਦੇ ਅਨੇਕਾਂ ਕਾਰਨ ਹੋ ਸਕਦੇ ਹਨ, ਪਰੰਤੂ ਇਕ ਵੱਡਾ ਕਾਰਨ ਸੜਕਾਂ 'ਤੇ ਗਲਤ ਪਾਸੇ ਗੱਡੀ ਚਲਾਉਣਾ ਹੈ।
ਵੱਡੀਆਂ ਸੜਕਾਂ 'ਤੇ ਆਮ ਹੀ ਵੇਖਣ ਵਿਚ ਆਉਂਦਾ ਹੈ ਕਿ ਕਈ ਵਾਰ ਬਹੁਤੇ ਲੋਕ ਨਿਰਧਾਰਿਤ ਥਾਂ ਤੋਂ ਜਾ ਕੇ ਮੁੜਨ ਦੀ ਬਜਾਏ ਸੜਕ ਦੇ ਗਲਤ/ਉਲਟ ਪਾਸੇ ਹੀ ਗੱਡੀ ਚਲਾਉਣ ਲੱਗ ਜਾਂਦੇ ਹਨ, ਪ੍ਰੰਤੂ ਰਾਤ ਸਮੇਂ ਜਾਂ ਧੁੰਦ ਵਿਚ ਤਾਂ ਉਦੋਂ ਹੀ ਪਤਾ ਲੱਗਦਾ ਹੈ, ਜਦੋਂ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਤੇ ਕੀਮਤੀ ਜਾਨਾਂ ਵੀ ਚਲੀਆਂ ਜਾਂਦੀਆਂ ਹਨ।
ਸੋ, ਸਾਡਾ ਸਭ ਦਾ ਨੈਤਿਕ ਫਰਜ਼ ਬਣਦਾ ਹੈ ਕਿ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਸਾਨੂੰ ਕਦੇ ਵੀ ਸੜਕ ਦੇ ਉਲਟ/ਗਲਤ ਪਾਸੇ ਨਹੀਂ ਚੱਲਣਾ ਚਾਹੀਦਾ।
ਆਪੋ, ਆਪਣੇ ਆਵਾਜਾਈ ਦੇ ਸਾਧਨਾਂ ਉੱਪਰ ਰਿਫਲੈਕਟਰ ਵੀ ਜ਼ਰੂਰ ਲਗਾ ਕੇ ਰੱਖਣੇ ਚਾਹੀਦੇ ਹਨ।
-ਅੰਗਰੇਜ ਸਿੰਘ ਵਿੱਕੀ,
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)
ਅਵਾਰਾ ਪਸ਼ੂ ਬਣੇ ਸਿਰਦਰਦੀ
ਧੂਰੀ ਸ਼ਹਿਰ ਦੇ ਲੋਕ ਜਿੱਥੇ ਬਾਜ਼ਾਰਾਂ ਅੰਦਰ ਨਾਜਾਇਜ਼ ਕਬਜ਼ਿਆਂ ਕਾਰਨ ਆਵਾਜਾਈ ਦੀ ਸਮੱਸਿਆ ਦਾ ਸਾਹਮਣਾ ਕਰਨ ਲਈ ਮਜਬੂਰ ਹਨ, ਉਥੇ ਸ਼ਹਿਰ 'ਚ ਫਿਰਦੇ ਅਵਾਰਾ ਪਸ਼ੂ ਲੋਕਾਂ ਦੀ ਸਿਰਦਰਦੀ ਵਧਾ ਰਹੇ ਹਨ।
ਦੱਸਣਯੋਗ ਹੈ ਕਿ ਸ਼ਹਿਰ ਅੰਦਰ ਤਿੰਨ ਵੱਡੀਆਂ ਗਊਸ਼ਾਲਾਵਾਂ ਨਵੀਂ ਅਨਾਜ ਮੰਡੀ, ਪੁਰਾਣੀ ਦਾਣਾ ਮੰਡੀ ਅਤੇ ਕ੍ਰਾਂਤੀ ਚੌਕ ਹੋਣ ਦੇ ਬਾਵਜੂਦ ਸ਼ਹਿਰ ਦੇ ਬਾਜ਼ਾਰਾਂ, ਗਲੀਆਂ ਤੇ ਮੁਹੱਲਿਆਂ 'ਚ ਫਿਰਦੇ ਅਵਾਰਾ ਪਸ਼ੂ ਲੋਕਾਂ ਲਈ ਸਿਰਦਰਦੀ ਬਣੇ ਹੋਏ ਹਨ।
ਭਾਵੇਂ ਪੰਜਾਬ ਸਰਕਾਰ ਵਲੋਂ ਵੱਖ-ਵੱਖ ਚੀਜ਼ਾਂ 'ਤੇ ਲੋਕਾਂ ਪਾਸੋਂ ਕਰੋੜਾਂ ਰੁਪਏ ਗਊਸੈੱਸ ਦੇ ਰੂਪ 'ਚ ਵਸੂਲਿਆ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਲੋਕ ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋਣ ਲਈ ਮਜਬੂਰ ਹਨ।
-ਮਨੋਹਰ ਸਿੰਘ ਸੱਗੂ
ਧੂਰੀ (ਸੰਗਰੂਰ)
ਵਧੇਰੇ ਖ਼ਰਚ ਕਰਨ ਦੀ ਆਦਤ ਛੱਡੋ
ਪੰਜਾਬੀ ਸਮਾਜ ਦੀ ਆਰਥਿਕਤਾ ਦੀ ਇਕ ਮੁੱਖ ਵਿਸ਼ੇਸ਼ਤਾ ਕਰਜ਼ਾਈ ਹੋਣਾ ਹੈ। ਪੰਜਾਬ ਵਿਚ ਬਹੁਤ ਸਾਰੇ ਗਰੀਬ ਲੋਕ ਵੀ ਰਹਿੰਦੇ ਹਨ । ਆਪਣੀ ਹੈਸੀਅਤ ਤੋਂ ਵਧ ਕੇ ਖ਼ਰਚ ਕਰਨ ਦੀ ਆਦਤ ਹੈ। ਸਾਡੇ ਲੋਕ ਆਪਣੇ ਘਰ ਦੇ ਪ੍ਰੋਗਰਾਮਾਂ ਖ਼ਾਸ ਕਰਕੇ ਕੁੜੀਆਂ ਦੇ ਵਿਆਹ 'ਤੇ ਜ਼ਰੂਰਤ ਤੋਂ ਜ਼ਿਆਦਾ ਖ਼ਰਚ ਕਰਦੇ ਹਨ। ਆਪਣੀ ਹੈਸੀਅਤ ਤੋਂ ਵੱਧ ਕੇ ਦਾਜ ਵੀ ਦਿੰਦੇ ਹਨ। ਇਸ ਨਾਲ ਹੀ ਸਮਾਜ ਵਿਚ ਆਪਣੀ ਚੰਗੀ ਹੈਸੀਅਤ ਬਣਾਉਣ ਲਈ ਲੋਕ ਹੱਦੋਂ ਵੱਧ ਖ਼ਰਚੇ ਕਰਦੇ ਹਨ। ਇਸ ਟੌਹਰ ਲਈ ਕਰਜ਼ੇ ਚੁੱਕ ਲੈਂਦੇ ਹਨ। ਫਿਰ ਕਿਸ਼ਤਾਂ ਨਾ ਭਰਨ ਕਰਕੇ ਕਰਜ਼ਾ ਅੱਗੇ ਤੋਂ ਅੱਗੇ ਵਧਦਾ ਹੀ ਜਾਂਦਾ ਹੈ। ਪਿੰਡ ਹੋਵੇ ਜਾਂ ਸ਼ਹਿਰ ਕਿਸੇ ਗੁਆਂਢੀ ਨੇ ਵੱਡੀ ਕੋਠੀ ਪਾਈ ਹੈ ਤਾਂ ਲੋਕ ਉਸ ਦੀ ਰੀਸ ਕਰਕੇ ਉਸ ਤੋਂ ਵੀ ਉੱਚੀ ਕੋਠੀ ਪਾਉਂਦੇ ਹਨ। ਜੇ ਗੁਆਂਢੀਆਂ ਨੇ ਕਾਰ, ਮੋਟਰਸਾਈਕਲ ਲਿਆ ਤਾਂ ਦੂਸਰੇ ਲੋਕ ਵੀ ਉਸ ਦੀ ਰੀਸ ਕਰਕੇ ਕਰਜ਼ਾ ਚੁੱਕ ਕੇ ਕਾਰ, ਜੀਪ, ਮੋਟਰਸਾਈਕਲ ਲੈਂਦੇ ਹਨ। ਡਾਕਟਰ ਰਾਧਾ ਕੰਵਲ ਮੁਕਰਜੀ ਅਨੁਸਾਰ, 1955 ਵਿਚ ਇਹ ਕਰਜ਼ਾ 1200 ਕਰੋੜ ਸੀ ਪਰ ਅੱਜ ਇਹ ਹਜ਼ਾਰਾਂ ਕਰੋੜਾਂ ਵਿਚ ਹੈ। ਸਾਨੂੰ ਆਪਣੀ ਚਾਦਰ ਵੇਖ ਕੇ ਹੀ ਆਪਣੇ ਪੈਰ ਪਸਾਰਨੇ ਚਾਹੀਦੇ ਹਨ।
-ਡਾ. ਨਰਿੰਦਰ ਭੱਪਰ ਝਬੇਲਵਾਲੀ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
ਡਾ. ਮਨਮੋਹਨ ਸਿੰਘ ਨੂੰ 'ਭਾਰਤ ਰਤਨ' ਮਿਲੇ
ਡਾਕਟਰ ਮਨਮੋਹਨ ਸਿੰਘ ਨੂੰ 'ਭਾਰਤ ਰਤਨ' ਦਿੱਤਾ ਜਾਵੇ ਤੇ ਨਵੀਂ ਦਿੱਲੀ ਵਿਖੇ ਕਿਸੇ ਰੋਡ ਦਾ ਨਾਂਅ 'ਡਾਕਟਰ ਮਨਮੋਹਨ ਸਿੰਘ ਮਾਰਗ' ਰੱਖਿਆ ਜਾਵੇ ਤੇ ਭਾਰਤ ਸਰਕਾਰ ਦਾ ਡਾਕ ਟਿਕਟ ਵਿਭਾਗ ਡਾਕਟਰ ਮਨਮੋਹਨ ਸਿੰਘ ਬਾਰੇ ਬਹੁ-ਰੰਗੀ ਡਾਕ ਟਿਕਟ ਜਾਰੀ ਕਰੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਉਹ ਅਧਿਆਪਕ ਰਹੇ ਹਨ, ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਵਿਚ ਕਿਸੇ ਬਲਾਕ ਦਾ ਨਾਂਅ ਡਾਕਟਰ ਮਨਮੋਹਨ ਸਿੰਘ ਬਲਾਕ ਰੱਖਿਆ ਜਾਵੇ। ਪੀ.ਜੀ.ਆਈ. ਚੰਡੀਗੜ੍ਹ ਵਿਖੇ ਕਿਸੇ ਬਲਾਕ ਦਾ ਨਾਂਅ ਡਾਕਟਰ ਮਨਮੋਹਨ ਸਿੰਘ ਬਲਾਕ ਰੱਖਿਆ ਜਾਵੇ। ਡਾਕਟਰ ਮਨਮੋਹਨ ਸਿੰਘ ਦਾ ਸੰਬੰਧ ਅੰਮ੍ਰਿਤਸਰ ਨਾਲ ਰਿਹਾ ਹੈ, ਕਿਸੇ ਰੋਡ ਦਾ ਨਾਂਅ ਡਾਕਟਰ ਮਨਮੋਹਨ ਸਿੰਘ ਮਾਰਗ ਰੱਖਿਆ ਜਾਵੇ ਤੇ ਅੰਮ੍ਰਿਤਸਰ ਵਿਖੇ ਕਿਸੇ ਢੁਕਵੀਂ ਥਾਂ 'ਤੇ ਵੱਡੇ ਆਕਾਰ ਦਾ ਬੁੱਤ ਲਗਾਇਆ ਜਾਵੇ। ਪਾਰਲੀਮੈਂਟ ਗੈਲਰੀ ਵਿਖੇ ਉਨ੍ਹਾਂ ਦੇ ਵੱਡੇ ਆਕਾਰ ਦਾ ਚਿੱਤਰ ਲਗਾਇਆ ਜਾਵੇ।
-ਨਰਿੰਦਰ ਸਿੰਘ
3081-ਏ, ਸੈਕਟਰ-20 ਡੀ, ਚੰਡੀਗੜ੍ਹ।