JALANDHAR WEATHER

ਅਮਰੀਕਾ ਤੋਂ ਆਏ 35 ਸਾਲਾਂ ਨੌਜਵਾਨ ਨੇ ਕੀਤੀ ਖੁਦਕੁਸ਼ੀ

ਮਾਛੀਵਾੜਾ ਸਾਹਿਬ (ਲੁਧਿਆਣਾ), 17 ਜਨਵਰੀ (ਜੀ.ਐਸ.ਚੌਹਾਨ) - ਅੱਜ ਬਲਾਕ ਮਾਛੀਵਾੜਾ ਸਾਹਿਬ ਅਧੀਨ ਪੈਂਦੇ ਪਿੰਡ ਗੌਂਸਗੜ੍ਹ ਵਿਖੇ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਅਮਰੀਕਾ ਤੋਂ ਆਏ ਇਕ 35 ਸਾਲਾਂ ਨੌਜਵਾਨ ਸੁਰਿੰਦਰ ਸਿੰਘ ਉਰਫ ਸ਼ਿੰਦਾ ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਦੌਰਾਨ ਇਕ ਕਰੀਬੀ ਰਿਸ਼ਤੇਦਾਰ ਨੇ ਦੱਸਿਆ ਕਿ ਸੁਰਿੰਦਰ ਸਿੰਘ ਕਰੀਬ 3 ਮਹੀਨੇ ਪਹਿਲਾਂ ਹੀ ਅਮਰੀਕਾ ਤੋਂ ਆਇਆ ਸੀ ਅਤੇ ਇਸ ਮਹੀਨੇ ਦੀ 4 ਤਰੀਕ ਨੂੰ ਉਸ ਦਾ ਭਰਾ ਸੁਖਦੀਪ ਸਿੰਘ ਵੀ ਇੰਗਲੈਂਡ ਤੋਂ ਆਪਣੇ ਪਰਿਵਾਰ ਸਮੇਤ ਆਇਆ ਸੀ, ਜਿਸ ਨੇ ਇਥੇ ਘੁੰਮਣ ਫਿਰਨ ਲਈ ਇਕ ਗੱਡੀ ਕਿਰਾਏ 'ਤੇ ਲਈ ਹੋਈ ਸੀ। ਉਨ੍ਹਾਂ ਦੇ ਦੱਸਣ ਮੁਤਾਬਿਕ ਸੁਰਿੰਦਰ ਸਿੰਘ ਜਦੋਂ ਅਮਰੀਕਾ ਗਿਆ ਸੀ ਤਾਂ ਉਹ ਆਪਣਾ ਅਸਲਾ ਖੰਨਾ ਵਿਖੇ ਜਮ੍ਹਾਂ ਕਰਵਾ ਕੇ ਗਿਆ ਸੀ ਅਤੇ ਅੱਜ ਉਹ ਆਪਣੇ ਭਰਾ ਤੋਂ ਗੱਡੀ ਲੈ ਕੇ ਖੰਨਾ ਵਿਖੇ ਗਿਆ ਅਤੇ ਅਸਲਾ ਵਾਪਸ ਲੈ ਕੇ ਆ ਰਿਹਾ ਸੀ ਤਾਂ ਆਉਂਦੇ ਹੋਏ ਕਰੀਬ 11.30 ਵਜੇ ਬਲਾਕ ਮਾਛੀਵਾੜਾ ਸਾਹਿਬ ਅਧੀਨ ਪੈਂਦੇ ਪਿੰਡ ਹਿਆਤਪੁਰਾ ਬੇਟ ਨਜ਼ਦੀਕ ਉਸ ਨੇ ਆਪਣੀ ਲਾਈਸੈਂਸੀ ਰਿਵਾਲਵਰ ਤੋਂ ਚਲਦੀ ਗੱਡੀ ਦੌਰਾਨ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਸੁਰਿੰਦਰ ਸਿੰਘ ਪਿੱਛੇ ਆਪਣੀ ਧਰਮ ਪਤਨੀ ਸਮੇਤ ਇਕ 10 ਸਾਲ ਦਾ ਬੇਟਾ ਛੱਡ ਗਿਆ ਹੈ। ਪੁਲਿਸ ਜ਼ਿਲ੍ਹਾ ਖੰਨਾ ਤੋਂ (ਐੱਸ.ਐੱਸ.ਪੀ.) ਅਸ਼ਵਨੀ ਗੋਟਿਆਲ, (ਡੀ.ਐੱਸ.ਪੀ) ਸਮਰਾਲਾ ਤਰਲੋਚਨ ਸਿੰਘ ਅਤੇ ਮਾਛੀਵਾੜਾ ਥਾਣਾ ਮੁਖੀ ਪਵਿੱਤਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਵਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ