ਈ-ਰਿਕਸ਼ਾ ਪਲਟਣ ਕਾਰਨ ਇਕ ਬੱਚੀ ਸਮੇਤ 8 ਵਿਅਕਤੀ ਜ਼ਖਮੀ
ਕਪੂਰਥਲਾ, 9 ਜਨਵਰੀ (ਅਮਨਜੋਤ ਸਿੰਘ ਵਾਲੀਆ)-ਕਾਂਜਲੀ ਰੋਡ 'ਤੇ ਪੁਲਿਸ ਲਾਈਨ ਨਜ਼ਦੀਕ ਸੜਕ ਕਿਨਾਰੇ ਖੱਡਾ ਹੋਣ ਕਾਰਨ ਸਵਾਰੀਆਂ ਸਮੇਤ ਈ-ਰਿਕਸ਼ਾ ਦੇ ਅਚਾਨਕ ਪਲਟਣ ਕਾਰਨ ਇਕ ਬੱਚੀ ਸਮੇਤ 8 ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਵਿਚ ਚਾਰ ਸਵਾਰੀਆਂ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਦਕਿ ਬਾਕੀ ਸਵਾਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਸਨ। ਜ਼ਖਮੀਆਂ ਦੀ ਪਛਾਣ ਮੋਹਨ ਲਾਲ ਪੁੱਤਰ ਝੰਡਾ ਵਾਸੀ ਕਾਂਜਲੀ ਤੇ ਉਸਦੀ ਪਤਨੀ ਪ੍ਰਕਾਸ਼ ਕੌਰ, ਅਰਮਾਨ ਪੁੱਤਰ ਸੁਖਵਿੰਦਰ, ਸੋਨੀਆ, ਤਿੰਨ ਸਾਲਾ ਬੱਚੀ ਰੀਤ, ਬਲਵਿੰਦਰ ਕੌਰ, ਜਸਬੀਰ ਕੌਰ ਤੇ ਡਰਾਈਵਰ ਵਿਕਾਸ ਕ੍ਰਿਸ਼ਨ ਵਜੋਂ ਹੋਈ, ਜਿਨ੍ਹਾਂ ਵਿਚ ਮੋਹਨ ਲਾਲ, ਸੋਨੀਆ, ਪ੍ਰਕਾਸ਼ ਤੇ ਬੱਚੀ ਰੀਤ ਦਾ ਇਲਾਜ ਸਿਵਲ ਹਸਪਤਾਲ ਵਿਚ ਜਾਰੀ ਹੈ। ਇਸ ਸਬੰਧੀ ਈ-ਰਿਕਸ਼ਾ ਡਰਾਈਵਰ ਵਿਕਾਸ ਕ੍ਰਿਸ਼ਨ ਨੇ ਦੱਸਿਆ ਕਿ ਉਹ ਸਵਾਰੀਆਂ ਲੈ ਕੇ ਕਾਂਜਲੀ ਵੱਲ ਨੂੰ ਜਾ ਰਿਹਾ ਸੀ ਜਦੋਂ ਉਹ ਪੁਲਿਸ ਲਾਈਨ ਨੇੜੇ ਪਹੁੰਚੇ ਤਾਂ ਸੜਕ ਟੁੱਟੀ ਹੋਣ ਕਰਨ ਉਸਦਾ ਈ-ਰਿਕਸ਼ਾ ਅਚਾਨਕ ਪਲਟ ਗਿਆ, ਜਿਸ ਕਾਰਨ ਸਵਾਰੀਆਂ ਦੇ ਸੱਟਾਂ ਲੱਗੀਆਂ ਤੇ ਉਸਦਾ ਈ-ਰਿਕਸ਼ਾ ਵੀ ਨੁਕਸਾਨਿਆ ਗਿਆ। ਇਸ ਸਬੰਧੀ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।