08-01-2025
ਪੰਜਾਬ ਦੇ ਹਾਲਾਤ ਤੇ ਪੰਥਕ ਸੰਕਟ
ਪਿਛਲੇ ਦਿਨੀਂ ਅਜੀਤ ਦੇ ਸੰਪਾਦਕੀ ਪੰਨੇ 'ਤੇ 'ਕਿਛੁ ਸੁਣੀਐ, ਕਿਛੁ ਕਹੀਐ' ਕਾਲਮ ਅਧੀਨ ਉਘੇ ਲੇਖਕ ਅਤੇ ਕਾਲਮ ਨਵੀਸ ਸ੍ਰੀ ਸਤਨਾਮ ਸਿੰਘ ਮਾਣਕ ਦੀ ਕਲਮ ਦੁਆਰਾ ਲਿਖਿਆ ਲੇਖ ਪੜ੍ਹ ਕੇ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੇਖਕ ਦੇ ਮਨ ਵਿਚ ਪੰਜਾਬ ਅਤੇ ਪੰਥ ਪ੍ਰਤੀ ਕਿੰਨਾ ਦਰਦ ਤੇ ਫਿਕਰ ਹੈ। ਮਾਣਕ ਸਾਹਿਬ ਨੇ ਉਹ ਸਾਰੇ ਕਾਰਨ ਤੱਥਾਂ/ਵੇਰਵਿਆਂ ਸਹਿਤ ਬਿਆਨ ਕੀਤੇ ਹਨ, ਜਿਨ੍ਹਾਂ ਕਰਕੇ ਪੰਜਾਬ ਅਤੇ ਪੰਥ ਅਜੋਕੇ ਸਮੇਂ ਸੰਕਟਮਈ ਹਾਲਾਤਾਂ ਵਿਚੋਂ ਗੁਜ਼ਰ ਰਿਹਾ ਹੈ। ਵਿਦਵਾਨ ਲੇਖਕ ਦਾ ਇਹ ਕਹਿਣਾ ਕਿ ਬਹੁਤ ਸਾਰੇ ਲੋਕ ਮਹਿਸੂਸ ਕਰਦੇ ਹਨ ਕਿ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ, ਜਿਹੜੀ ਕਦੇ ਪੰਜਾਬ ਦੇ ਹੱਕਾਂ-ਹਿਤਾਂ ਲਈ ਡਟ ਕੇ ਸੰਘਰਸ਼ ਕਰਦੀ ਸੀ, ਕਿਸਾਨਾਂ, ਮਜ਼ਦੂਰਾਂ ਅਤੇ ਲੋਕਾਂ ਦੇ ਹੋਰ ਵਰਗਾਂ ਦੇ ਹਿੱਤਾਂ ਦੀ ਰਾਖੀ ਕਰਦੀ ਹੈ, ਸਿੱਖ ਪੰਥ ਵਿਚ ਏਕਤਾ ਅਤੇ ਉਤਸ਼ਾਹ ਬਣਾਈ ਰੱਖਦੀ ਰਹੀ ਹੈ, ਉਹ ਮੁੜ ਮਜ਼ਬੂਤ ਹੋਵੇ ਅਤੇ ਦੁਬਾਰਾ ਤੋਂ ਆਪਣਾ ਪ੍ਰਭਾਵਸ਼ਾਲੀ ਰੋਲ ਅਦਾ ਕਰੇ। ਬਿਲਕੁਲ ਸਹੀ ਅਤੇ ਦਰੁਸਤ ਹੈ। ਮਾਣਕ ਸਾਹਿਬ ਨੇ ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੰਘ ਸਾਹਿਬਾਨ ਵਲੋਂ ਲਏ ਇਤਿਹਾਸਕ ਫ਼ੈਸਲੇ ਦਾ ਜ਼ਿਕਰ ਕਰਦਿਆਂ ਦੱਸਿਆ ਹੈ ਕਿ ਕਿਵੇਂ ਸਾਲ 2007 ਤੋਂ ਲੈ ਕੇ 2017 ਤੱਕ ਸੱਤਾਧਾਰੀ ਹੁੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਕੀਤੀਆਂ ਗਈਆਂ ਗਲਤੀਆਂ ਲਈ, ਉਨ੍ਹਾਂ ਦੀ ਜਵਾਬਦੇਹੀ ਕਰਦਿਆਂ ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਧਾਰਮਿਕ ਸਜ਼ਾਵਾਂ (ਸੇਵਾਵਾਂ) ਲਾਈਆਂ ਗਈਆਂ ਹਨ। ਬਿਨਾਂ ਸ਼ੱਕ ਸ੍ਰੀ ਮਾਣਕ ਜੋ ਵਾਕਿਆ ਹੀ ਮਾਣਕ ਹਨ, ਨੇ ਸਮੇਂ ਦਾ ਸੱਚ ਬਿਆਨ ਕਰਦਿਆਂ ਉਕਤ ਲੇਖ ਲਿਖ ਕੇ ਇਕ ਕਾਬਲ-ਏ-ਤਾਰੀਫ਼ ਅਤੇ ਕਾਬਲ-ਏ-ਗ਼ੌਰ ਉਪਰਾਲਾ ਕੀਤਾ ਹੈ। ਅਦਾਰਾ ਅਜੀਤ ਅਤੇ ਲੇਖਕ ਅਜਿਹੇ ਭਾਵਪੂਰਤ ਲੇਖ ਲਿਖਣ/ਛਾਪਣ ਲਈ ਪੰਜਾਬ ਅਤੇ ਪੰਥ ਦਰਦੀਆਂ ਵਲੋਂ ਧੰਨਵਾਦ ਅਤੇ ਵਧਾਈ ਦੇ ਹੱਕਦਾਰ ਹਨ।
-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਿਹਰੀਆਂ, ਹੁਸ਼ਿਆਰਪੁਰ।
ਨੌਜਵਾਨ ਵਿਹੂਣਾ ਪੰਜਾਬ
ਪੰਜਾਬ ਦਾ ਬਹੁਤਾ ਕੰਮ-ਕਾਰ ਅੱਜ ਕੱਲ੍ਹ ਪ੍ਰਵਾਸੀਆਂ ਨੇ ਸਾਂਭ ਰੱਖਿਆ ਹੈ। ਸਬਜ਼ੀਆਂ ਦੀਆਂ ਰੇਹੜੀਆਂ, ਆਟੋ, ਮਜ਼ਦੂਰ-ਮਿਸਤਰੀ ਦਾ ਕੰਮ, ਟਾਈਲਾਂ ਦਾ ਕੰਮ, ਫੈਕਟਰੀਆਂ ਜਾਂ ਹੋਰ ਪੰਜਾਬ ਦੇ ਸਾਰੇ ਕੰਮ ਅੱਜ ਕੱਲ ਪ੍ਰਵਾਸੀਆਂ ਨੇ ਹੀ ਸਾਂਭੇ ਹੋਏ ਹਨ। ਦੂਜੇ ਪਾਸੇ ਪੰਜਾਬ ਵਿਚ ਪਿਛਲੇ ਕੁਝ ਸਮੇਂ ਤੋਂ ਫੈਲੇ ਵੱਡੀ ਪੱਧਰ 'ਤੇ ਨਸ਼ਿਆਂ, ਰੁਜ਼ਗਾਰ ਦੀ ਘਾਟ ਅਤੇ ਸਿਸਟਮ ਦੀ ਖ਼ਰਾਬੀ ਤੋਂ ਅੱਕੀ ਨੌਜਵਾਨ ਪੀੜ੍ਹੀ ਦਾ ਵਿਦੇਸ਼ਾਂ ਵੱਲ ਜਾਣ ਦਾ ਰੁਝਾਨ ਲਗਾਤਾਰ ਜਾਰੀ ਹੈ। ਮਾਪੇ ਆਪਣੇ ਲੜਕੇ ਜਾਂ ਲੜਕੀ ਨੂੰ 12ਵੀਂ ਕਰਾਉਣ ਤੋਂ ਬਾਅਦ ਅਗਲੇਰੀ ਪੜ੍ਹਾਈ ਲਈ ਲੱਖਾਂ ਰੁਪਏ ਖ਼ਰਚ ਕੇ ਵਿਦੇਸ਼ ਭੇਜਣ ਨੂੰ ਤਰਜੀਹ ਦੇ ਰਹੇ ਹਨ। ਇਸ ਤਰ੍ਹਾਂ ਦੇ ਬਣੇ ਰੁਝਾਨ ਕਾਰਨ ਜਿਥੇ ਪੰਜਾਬ ਵਿਚ ਅਨੇਕਾਂ ਕਾਲਜਾਂ, ਯੂਨੀਵਰਸਿਟੀਆਂ ਵਿਚ ਵਿਦਿਆਰਥੀਆਂ ਬਾਝੋਂ ਉੱਲੂ ਬੋਲਦੇ ਨਜ਼ਰ ਆ ਰਹੇ ਹਨ, ਉਥੇ ਪੰਜਾਬ ਵਿਚ ਨੌਜਵਾਨਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਇਕੱਲੇ-ਇਕੱਲੇ ਬੱਚਿਆਂ ਦੇ ਬਾਹਰ ਜਾਣ ਕਾਰਨ ਇਥੇ ਬੁੱਢੇ ਮਾਪੇ ਆਪਣੇ ਬੱਚਿਆਂ ਦੇ ਵਿਛੋੜੇ ਦਾ ਸੰਤਾਪ ਹੰਢਾਅ ਰਹੇ ਹਨ। ਹੁਣ ਤਾਂ ਪਿੰਡਾਂ ਵਿਚ ਵੀ ਘਰ ਸੁੰਨਸਾਨ ਪਏ ਨਜ਼ਰ ਆਉਂਦੇ ਹਨ ਜਾਂ ਜਿਨ੍ਹਾਂ ਘਰਾਂ ਵਿਚ ਕੋਈ ਰਹਿੰਦਾ ਹੈ ਤਾਂ ਬਜ਼ੁਰਗ ਹੀ ਰਹਿੰਦਾ ਹੈ। ਸਮੇਂ ਦੀਆਂ ਸਰਕਾਰਾਂ ਨੂੰ ਸਮਾਂ ਰਹਿੰਦੇ ਪੰਜਾਬ ਅੰਦਰ ਨੌਜਵਾਨਾਂ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ, ਨਹੀਂ ਤਾਂ ਇਹ ਪੰਜਾਬ ਨੌਜਵਾਨ ਵਿਹੂਣਾ ਪੰਜਾਬ ਹੀ ਬਣ ਕੇ ਰਹਿ ਜਾਵੇਗਾ।
-ਅਸ਼ੀਸ਼ ਸ਼ਰਮਾ
ਜਲੰਧਰ।
ਆਈ ਠੰਢ, ਕਰਦੀ ਮਾਰੋ ਮਾਰ
ਸਨਿੱਚਰਵਾਰ ਨੂੰ ਬਾਲ ਸੰਸਾਰ ਮੈਗਜ਼ੀਨ 'ਚ ਬਲਵਿੰਦਰ ਸਿੰਘ ਜੰਮੂ ਦੀ ਰਚਨਾ 'ਆਈ ਠੰਢ ਕਰਦੀ ਮਾਰੋ ਮਾਰ' ਵਧੀਆ ਲੱਗੀ। ਇਸ ਰਚਨਾ ਵਿਚ ਕਵੀ ਬੱਚਿਆਂ ਨੂੰ ਸਰਦੀ ਤੋਂ ਬਚਾਉਣ ਵਾਸਤੇ ਪ੍ਰੇਰਦਾ ਹੈ। 'ਤੰਦਰੁਸਤੀ' ਗੁਰਪ੍ਰੀਤ ਸਿੰਘ ਜਖਵਾਲੀ ਦੀ ਇਹ ਕਵਿਤਾ ਪ੍ਰੇਰਨਾ ਸਰੋਤ ਹੈ। ਬਾਲ ਮਨੋ-ਭਾਵਾਂ ਨੂੰ ਵਧੀਆ ਲਹਿਜੇ ਵਿਚ ਬਿਆਨ ਕੀਤਾ ਹੈ। ਹਰ ਇਕ ਸ਼ਬਦ ਮਨ ਨੂੰ ਟੁੰਬਦਾ ਸੀ। ਪ੍ਰੋ. ਪਰਮਜੀਤ ਸਿੰਘ ਘੁੰਮਣ ਦੀ ਕਵਿਤਾ 'ਛੁਪਿਆ ਖਜ਼ਾਨਾ' ਸਾਨੂੰ ਮਿਹਨਤ ਕਰਨ ਦੀ ਪ੍ਰੇਰਨਾ ਦਿੰਦੀ ਹੈ। ਜੀਵਨ ਵਿਚ ਮਿਹਨਤ ਹੀ ਸਾਨੂੰ ਮੰਜ਼ਿਲ 'ਤੇ ਲਿਜਾ ਸਕਦੀ ਹੈ। ਰਘਵੀਰ ਸਿੰਘ ਕਲੋਆ ਦੀ ਬਾਲ ਕਹਾਣੀ 'ਮੋਤੀ ਜਿਹਾ ਪਿਆਰਾ' ਪੜ੍ਹੀ। ਜਿਸ 'ਚ ਬੱਚਿਆਂ ਦੀਆਂ ਭਾਵਨਾਵਾਂ ਨੂੰ ਵਧੀਆ ਰੂਪ ਵਿਚ ਬਿਆਨ ਕੀਤਾ ਗਿਆ ਹੈ। ਜੇਕਰ ਅਸੀਂ ਜਾਨਵਰਾਂ ਨੂੰ ਪਿਆਰ ਕਰਾਂਗੇ ਤਾਂ ਉਹ ਜੀਵਨ ਵਿਚ ਜ਼ਰੂਰ ਵਫ਼ਾਦਾਰੀ ਨਿਭਾਉਂਦੇ ਹਨ। ਜਿਵੇਂ ਮੋਤੀ ਫ਼ਸਲਾਂ ਦੀ ਰਾਖੀ ਕਰਨ ਵਿਚ ਮਦਦ ਕਰਦਾ ਹੈ। ਉਮਕਾਰ ਦੀ ਕਵਿਤਾ 'ਰੇਲ' ਨੇ ਬਚਪਨ ਵਿਚ ਰੇਲ ਵਿਚ ਕੀਤਾ ਸਫ਼ਰ ਯਾਦ ਕਰਵਾ ਦਿੱਤਾ ਹੈ। 'ਬੁਝਾਰਤਾਂ' ਕੁਲਰਾਜ ਗਿੱਲ ਨੇ ਬਹੁਤ ਡੂੰਘੀਆਂ ਬੁਝਾਰਤਾਂ ਪਾਈਆਂ। ਅਸਲ ਵਿਚ ਅਸੀਂ ਇਹ ਕਹਿ ਸਕਦੇ ਹਾਂ ਬਾਲ ਸੰਸਾਰ ਮੈਗਜ਼ੀਨ ਪੜ੍ਹ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ।
-ਰਾਮ ਸਿੰਘ ਪਾਠਕ