ਪ੍ਰਧਾਨ ਮੰਤਰੀ ਅੱਜ ਕਰਨਗੇ ਪ੍ਰਵਾਸੀ ਭਾਰਤੀ ਦਿਵਸ ਸੰਮੇਲਨ ਦਾ ਉਦਘਾਟਨ
ਨਵੀਂ ਦਿੱਲੀ, 9 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਵਿਚ 18ਵੇਂ ਪ੍ਰਵਾਸੀ ਭਾਰਤੀ ਦਿਵਸ ਦਾ ਉਦਘਾਟਨ ਕਰਨਗੇ। ਇਸ ਸਾਲ ਕਾਨਫ਼ਰੰਸ ਦਾ ਵਿਸ਼ਾ ‘ਵਿਕਸਤ ਭਾਰਤ ਵਿਚ ਪ੍ਰਵਾਸੀ ਭਾਰਤੀਆਂ ਦਾ ਯੋਗਦਾਨ’ ਹੈ। ਇਸ ਦੌਰਾਨ, ਮੁੱਖ ਮਹਿਮਾਨ, ਤ੍ਰਿਨੀਦਾਦ ਅਤੇ ਟੋਬੈਗੋ ਦੀ ਰਾਸ਼ਟਰਪਤੀ, ਕ੍ਰਿਸਟੀਨ ਕਾਰਲਾ ਕਾਂਗਾਲੂ ਕਾਨਫ਼ਰੰਸ ਨੂੰ ਵਰਚੁਅਲੀ ਸੰਬੋਧਨ ਕਰਨਗੇ। ਮੋਦੀ ਪ੍ਰਵਾਸੀ ਭਾਰਤੀ ਐਕਸਪ੍ਰੈਸ ਦੀ ਉਦਘਾਟਨੀ ਯਾਤਰਾ ਨੂੰ ਰਿਮੋਟਲੀ ਹਰੀ ਝੰਡੀ ਦਿਖਾਉਣਗੇ। ਇਹ ਭਾਰਤੀ ਪ੍ਰਵਾਸੀਆਂ ਲਈ ਇਕ ਵਿਸ਼ੇਸ਼ ਸੈਲਾਨੀ ਰੇਲਗੱਡੀ ਹੈ, ਜੋ ਦਿੱਲੀ ਦੇ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਤੋਂ ਚੱਲੇਗੀ ਅਤੇ ਤਿੰਨ ਹਫ਼ਤਿਆਂ ਲਈ ਵੱਖ-ਵੱਖ ਸੈਲਾਨੀ ਸਥਾਨਾਂ ’ਤੇ ਜਾਵੇਗੀ। ਇਹ ਵਿਦੇਸ਼ ਮੰਤਰਾਲੇ ਦੀ ਪ੍ਰਵਾਸੀ ਤੀਰਥ ਦਰਸ਼ਨ ਯੋਜਨਾ ਦੇ ਤਹਿਤ ਚਲਾਇਆ ਜਾ ਰਿਹਾ ਹੈ। ਇਹ ਕਾਨਫ਼ਰੰਸ 10 ਜਨਵਰੀ ਤੱਕ ਜਾਰੀ ਰਹੇਗੀ। ਰਾਸ਼ਟਰਪਤੀ ਦਰੋਪਦੀ ਮੁਰਮੂ ਸਮਾਪਤੀ ਸੈਸ਼ਨ ਵਿਚ ਸ਼ਾਮਿਲ ਹੋਣਗੇ ਅਤੇ ਪ੍ਰਵਾਸੀ ਭਾਰਤੀ ਪੁਰਸਕਾਰ ਪ੍ਰਦਾਨ ਕਰਨਗੇ।