ਸੰਘਣੀ ਧੁੰਦ ਕਾਰਨ ਭੀਲਾ ਨੇੜੇ ਆਈ.ਟੀ.ਸੀ. ਦੀ ਬੱਸ ਕੰਟੈਨਰ ਨਾਲ ਟਕਰਾਈ, 8 ਮੁਲਾਜ਼ਮ ਜ਼ਖ਼ਮੀ
ਕਪੂਰਥਲਾ, 3 ਜਨਵਰੀ (ਅਮਨਜੋਤ ਸਿੰਘ ਵਾਲੀਆ)- ਦੇਰ ਰਾਤ ਭੀਲਾ ਨੇੜੇ ਭਾਈ ਸੰਘਣੀ ਧੁੰਦ ਕਾਰਨ ਆਈ.ਟੀ.ਸੀ. ਕੰਪਨੀ ਦੀ ਬੱਸ ਇਕ ਕੰਟੇਨਰ ਨਾਲ ਟਕਰਾ ਗਈ, ਜਿਸ ਕਾਰਨ ਉਸ ਵਿਚ ਸਵਾਰ ਆਈ.ਟੀ.ਸੀ. ਦੇ ਅੱਠ ਮੁਲਾਜ਼ਮ ਜਿਨ੍ਹਾਂ ਵਿਚ ਇਕ ਨੌਜਵਾਨ ਤੇ ਸੱਤ ਲੜਕੀਆਂ ਸ਼ਾਮਿਲ ਹਨ, ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦੇਰ ਰਾਤ ਦਾਖਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਰਾਤ ਆਈ.ਟੀ.ਸੀ. ਕੰਪਨੀ ਦੀ ਬੱਸ ਦਰਜਨ ਦੇ ਕਰੀਬ ਮੁਲਾਜ਼ਮਾਂ ਨੂੰ ਲੈ ਕੇ ਆਈ.ਟੀ.ਸੀ. ਭਿਲਾ ਫੈਕਟਰੀ ਵਿਖੇ ਜਾ ਰਹੇ ਸਨ ਤਾਂ ਰਸਤੇ ਵਿਚ ਇਕ ਕੰਟੇਨਰ ਖੜਾ ਸੀ, ਜਿਸ ਵਿਚ ਬੱਸ ਦੀ ਕੰਡਕਟਰ ਵਾਲੀ ਸਾਈਡ ਵੱਜਣ ਕਾਰਨ ਜਿੱਥੇ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਉੱਥੇ ਉਸ ਵਿਚ ਸਵਾਰ 8 ਮੁਲਾਜ਼ਮ ਜ਼ਖਮੀ ਹੋ ਗਏ, ਜਿਨ੍ਹਾਂ ਦੀ ਪਛਾਣ ਕਰਨ, ਨਾਨਕੀ, ਮਨਦੀਪ, ਮਨਦੀਪ ਕੌਰ, ਨੇਹਾ, ਸੀਮਾ, ਅਮਰਜੀਤ ਕੌਰ ਤੇ ਪ੍ਰੀਆ ਵਜੋਂ ਹੋਈ ਹੈ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦਾਖ਼ਲ ਕਰਵਾਇਆ ਗਿਆ ਹੈ। ਸਾਰੇ ਜ਼ਖ਼ਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।