ਬੀ.ਐਸ. ਐਫ਼. ਨੇ ਸਰਹੱਦ ਤੋਂ ਅਸਲਾ ਕੀਤਾ ਬਰਾਮਦ
ਖੇਮਕਰਨ, (ਤਰਨਤਾਰਨ), 4 ਜਨਵਰੀ (ਰਾਕੇਸ਼ ਬਿੱਲਾ)- ਬੀ. ਐਸ. ਐਫ਼. ਦੀ 101 ਬਟਾਲੀਅਨ ਦੇ ਜਵਾਨਾਂ ਨੇ ਸਰਹੱਦ ਤੋਂ ਮਿਲੇ ਇਕ ਪੈਕਟ ’ਚੋਂ ਇਕ ਪਿਸਟਲ ਸਮੇਤ ਹੋਰ ਚੀਜ਼ਾਂ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਬੀ. ਐਸ. ਐਫ਼. ਦੀ ਸਰਹੱਦੀ ਚੌਕੀ ਮੀਆਂਵਾਲਾ ਦੇ ਕੰਪਨੀ ਕਮਾਡੈਂਟ ਅਰੁਣ ਕੁਮਾਰ ਨੇ ਸੰਬੰਧਿਤ ਥਾਣਾ ਖੇਮਕਰਨ ’ਚ ਦਰਜ ਕਰਵਾਈ ਸ਼ਿਕਾਇਤ ’ਚ ਦੱਸਿਆ ਕਿ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਨਜ਼ਦੀਕ ਤੋਂ ਸ਼ੱਕ ਦੇ ਆਧਾਰ ’ਤੇ ਲਈ ਗਈ ਤਲਾਸ਼ੀ ਦੌਰਾਨ ਡਿੱਗਾ ਪਿਆ ਇਕ ਪੈਕਟ ਮਿਲਿਆ, ਜਿਸ ’ਚੋਂ ਚੀਨ ਦਾ ਬਣਿਆ 30 ਬੋਰ ਦਾ ਪਿਸਟਲ ਤੇ ਮੈਗਜ਼ੀਨ ਸਮੇਤ ਪੰਜ ਗੋਲੀਆਂ ਵੀ ਬਰਾਮਦ ਹੋਈਆਂ ਹਨ, ਜਿਸ ਤੋਂ ਬਾਅਦ ਨਜ਼ਦੀਕੀ ਖੇਤਰ ਦੀ ਲਗਾਤਾਰ ਬਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ। ਥਾਣਾ ਖੇਮਕਰਨ ਦੇ ਐਸ. ਐਚ. ਓ. ਐਸ. ਆਈ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਬੀ. ਐਸ. ਐਫ਼. ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 25(6)(7)54,59 ਅਧੀਨ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰਕੇ ਸ਼ੱਕੀ ਵਿਅਕਤੀਆ ’ਤੇ ਨਜ਼ਰ ਰੱਖੀ ਜਾ ਰਹੀ ਹੈ।