ਕਪੂਰਥਲਾ : ਮਾਡਲ ਟਾਊਨ ਦੀ ਇਕ ਕੋਠੀ 'ਚੋਂ ਨੌਜਵਾਨ ਦੀ ਲਾਸ਼ ਬਰਾਮਦ
ਕਪੂਰਥਲਾ, 23 ਦਸੰਬਰ (ਅਮਨਜੋਤ ਸਿੰਘ ਵਾਲੀਆ)-ਮਾਡਲ ਟਾਊਨ ਵਿਚ ਬੀਤੀ ਰਾਤ ਇਕ ਨੌਜਵਾਨ ਦੀ ਸ਼ੱਕੀ ਹਾਲਤ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਐਸ.ਐਚ.ਓ. ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਮਾਡਲ ਟਾਊਨ ਵਿਚ ਇਕ ਕੋਠੀ ਵਿਚ ਬਦਬੂ ਆ ਰਹੀ ਹੈ, ਜਿਸ 'ਤੇ ਉਹ ਮੌਕੇ 'ਤੇ ਪੁੱਜੇ। ਉਨ੍ਹਾਂ ਕਿਹਾ ਕਿ ਮੁਹੱਲਾ ਵਾਸੀਆਂ ਨੇ ਜਾਣਕਾਰੀ ਦਿੱਤੀ ਕਿ ਕਮਲਦੀਪ ਸਿੰਘ ਪੁੱਤਰ ਰਤਨ ਸਿੰਘ ਵਾਸੀ ਮਾਡਲ ਟਾਊਨ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਘਰ ਵਿਚੋਂ ਬਾਹਰ ਨਹੀਂ ਨਿਕਲਿਆ ਸੀ ਤੇ ਉਸਦਾ ਸਾਰਾ ਪਰਿਵਾਰ ਅਮਰੀਕਾ ਵਿਚ ਰਹਿੰਦਾ ਹੈ, ਜਿਸ 'ਤੇ ਉਨ੍ਹਾਂ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਕਮਲਦੀਪ ਸਿੰਘ ਦੀ ਲਾਸ਼ ਪਈ ਹੋਈ ਸੀ। ਇਸ 'ਤੇ ਉਨ੍ਹਾਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾਘਰ ਵਿਚ ਰਖਵਾ ਦਿੱਤਾ, ਜਿਸ ਉਪਰੰਤ ਉਨ੍ਹਾਂ ਮ੍ਰਿਤਕ ਨੌਜਵਾਨ ਦੀ ਭੈਣ ਜੋ ਕਿ ਜਲੰਧਰ ਵਿਖੇ ਰਹਿੰਦੀ ਹੈ, ਨੂੰ ਸੂਚਿਤ ਕੀਤਾ। ਅੱਜ ਮ੍ਰਿਤਕ ਨੌਜਵਾਨ ਦੀ ਭੈਣ ਦੇ ਬਿਆਨਾਂ ਦੇ ਆਧਾਰ 'ਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤਾ ਹੈ।