23-12-2024
ਪਾਣੀ ਅਤੇ ਪੰਜਾਬ
ਪਾਣੀ ਪੰਜਾਬ ਦੇ ਜੀਵਨ, ਸੱਭਿਆਚਾਰ, ਆਰਥਿਕਤਾ ਅਤੇ ਸੰਸਕ੍ਰਿਤੀ ਦੀ ਬੁਨਿਆਦ ਹੈ। ਪਾਣੀ ਦੀ ਦੁਰਵਰਤੋਂ ਸਵੇਰ ਤੋਂ ਸੰਝ ਤੱਕ ਜਾਰੀ ਹੈ ਅਤੇ ਇਸ ਵਿਸ਼ੇ 'ਤੇ ਕੋਈ ਸਿੱਖਿਆ ਕੰਮ ਨਹੀਂ ਕਰ ਰਹੀ। ਪਾਣੀ ਵਿਚ ਘੁਲੀਆਂ ਜ਼ਹਿਰਾਂ ਨੇ ਪਹਿਲਾਂ ਹੀ ਪਾਣੀ ਪਿਲਾਉਣ ਵਾਲੇ ਪੁੰਨ ਕਰਮ ਨੂੰ ਪਾਪ ਕਰਮ ਵਿਚ ਬਦਲ ਦਿੱਤਾ ਹੈ। ਘਟਦੇ ਅਤੇ ਦੂਸ਼ਿਤ ਪਾਣੀ ਨੇ ਪੰਜਾਬ ਲਈ ਵੰਗਾਰ ਖੜ੍ਹੀ ਕੀਤੀ ਹੋਈ ਹੈ। 1960-61 ਤੱਕ ਖੇਤੀ ਨਹਿਰੀ ਪਾਣੀ ਨਾਲ ਹੀ ਹੁੰਦੀ ਸੀ। ਹੁਣ ਟਿਊਬਵੈੱਲਾਂ ਦੇ ਗੜ੍ਹ ਪਾਣੀ ਮੁਕਾਉਣ ਦੇ ਰਾਹ ਪਏ ਹੋਏ ਹਨ। 1986 ਵਿਚ ਪੰਜਾਬ ਵਿਚ ਡਾਈਵਰਸ਼ਨ ਕਮੇਟੀ ਨੇ ਝੋਨੇ ਹੇਠੋਂ ਰਕਬਾ ਘਟਾ ਕੇ ਦਾਲਾਂ ਹੇਠ ਰਕਬਾ ਵਧਾਉਣ ਲਈ ਕਿਹਾ ਸੀ, ਪਰ ਨਤੀਜਾ ਸਿਫਰ ਦੇ ਨੇੜੇ ਰਿਹਾ। ਖੋਜਾਂ ਅਨੁਸਾਰ ਇਕ ਕਿੱਲੋ ਚੌਲ ਪੈਦਾ ਕਰਨ ਲਈ ਪੰਜਾਬ ਵਿਚ 5000 ਲੀਟਰ ਪਾਣੀ ਚਾਹੀਦਾ ਹੈ, ਇਸ ਤੋਂ ਪਾਣੀ ਬਾਰੇ ਅੰਦਾਜ਼ਾ ਅਤੇ ਭਵਿੱਖ ਤੈਅ ਹੋ ਜਾਂਦਾ ਹੈ। ਹੁਣ ਪੰਜਾਬ ਦੀ ਖੇਤੀ ਨੀਤੀ 'ਚ ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣ ਦੇ ਕੁਦਰਤੀ ਸੋਮੇ ਸੰਭਾਲਣ ਅਤੇ ਜਾਗਰੂਕਤਾ ਦੀ ਗੁਹਾਰ ਲਗਾਈ ਹੈ। ਸਰਕਾਰਾਂ ਬੁੱਤਾ ਸਾਰਨ ਤੇ ਡੰਗ ਟਪਾਉਣ ਕਰਕੇ ਹੀ ਪੰਜਾਬੀਅਤ ਨਾਲ ਧੋਖਾ ਕਰ ਰਹੀਆਂ ਹਨ। ਮੌਜੂਦਾ ਸਰਕਾਰ ਕੋਲ ਪਾਣੀ ਬਚਾਉਣ ਲਈ ਸੁਨਹਿਰੀ ਪੰਨਾ ਲਿਖਣ ਦਾ ਮੌਕਾ ਹੈ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ, ਰੂਪਨਗਰ।
ਦਿਨੋ-ਦਿਨ ਵਧ ਰਹੇ ਸੜਕੀ ਹਾਦਸੇ
ਆਏ ਦਿਨ ਸੜਕੀ ਹਾਦਸਿਆਂ ਵਿਚ ਕਿੰਨੀਆਂ ਮਾਸੂਮ ਜਾਨਾਂ ਜਾ ਰਹੀਆਂ ਹਨ। ਤਰਨਤਾਰਨ ਵਿਖੇ ਦੋ ਸੜਕ ਹਾਦਸਿਆਂ 'ਚ ਮਾਂ ਪੁੱਤ ਸਣੇ 6 ਜਾਣਿਆਂ ਦੀ ਮੌਤ ਹੋ ਗਈ। ਆਹਮੋ-ਸਾਹਮਣੇ ਦੀ ਹੋਈ ਟੱਕਰ ਵਿਚ ਪੀੜਤ ਬਾਈਕ ਸਵਾਰਾਂ ਨੇ ਸਿਰ 'ਤੇ ਹੈਲਮਟ ਵੀ ਨਹੀਂ ਪਾਏ ਹੋਏ ਸਨ। ਪਟਿਆਲਾ ਵਿਖੇ ਸੜਕ 'ਤੇ ਖੜ੍ਹੇ ਟਿੱਪਰ ਨਾਲ ਦੋ ਵਾਹਨ ਟਕਰਾਅ ਗਏ। ਰੋਪੜ ਦੇ ਘਨੌਲੀ ਵਿਚ ਇਕ ਟਰੱਕ ਨੇ ਮੋਟਰਸਾਈਕਲ ਚਾਲਕ ਨੂੰ ਟੱਕਰ ਮਾਰ ਦਿੱਤੀ।
ਦੂਜੀ ਖ਼ਬਰ 'ਚ ਇਕ ਟਿੱਪਰ ਚਾਲਕ ਨੇ ਨੌਜਵਾਨਾਂ 'ਤੇ ਹੀ ਟਿੱਪਰ ਚੜ੍ਹਾ ਦਿੱਤਾ। ਜਿਸ ਕਾਰਨ ਨੌਜਵਾਨਾਂ ਦੀ ਮੌਤ ਹੋ ਗਈ। ਅਕਸਰ ਢਾਬਿਆਂ ਦੇ ਨੇੜੇ ਸੜਕਾਂ 'ਤੇ ਹੀ ਟਿੱਪਰ ਖੜ੍ਹੇ ਕਰ ਦਿੱਤੇ ਜਾਂਦੇ ਹਨ।
ਜ਼ਿਆਦਾਤਰ ਸੜਕ ਹਾਦਸੇ ਚਾਲਕਾਂ ਦੀ ਗ਼ਲਤੀ, ਟੁੱਟੀਆਂ ਸੜਕਾਂ, ਆਵਾਰਾ ਪਸ਼ੂਆਂ, ਸ਼ਰਾਬ ਪੀ ਕੇ ਗੱਡੀ ਚਲਾਉਣ ਕਾਰਨ ਹਾਦਸੇ ਵਾਪਰ ਰਹੇ ਹਨ। ਭਾਵੇਂ ਟ੍ਰੈਫਿਕ ਪੁਲਿਸ ਵਲੋਂ ਜ਼ਿਲ੍ਹਾ ਪੱਧਰ 'ਤੇ ਸਕੂਲਾਂ, ਕਾਲਜਾਂ ਵਿਚ ਸੈਮੀਨਾਰ ਲਗਾ ਕੇ ਵਿਦਿਆਰਥੀਆਂ ਨੂੰ ਸੜਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਹਾਦਸਿਆਂ ਵਿਚ ਨੌਜਵਾਨਾਂ ਦੀ ਹੀ ਮੌਤ ਹੁੰਦੀ ਹੈ। ਕਈ ਮਾਪੇ ਆਪਣੇ ਅਣਜਾਣ ਬੱਚਿਆਂ ਨੂੰ ਕਾਰ-ਮੋਟਰਸਾਈਕਲ ਦੀਆਂ ਚਾਬੀਆਂ ਦੇ ਕੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਡਰਾਈਵਿੰਗ ਦੌਰਾਨ ਮੋਬਾਈਲ ਫੋਨ ਦੀ ਬਿਲਕੁਲ ਵੀ ਵਰਤੋਂ ਨਾ ਕਰੋ। ਨਾਬਾਲਿਗ ਗੱਡੀ ਨਾ ਚਲਾਵੇ। ਜ਼ੈਬਰਾ ਕਰਾਸਿੰਗ ਨੇੜੇ ਹਮੇਸ਼ਾ ਵਾਹਨ ਹੌਲੀ ਚਲਾਉ। ਸ਼ਰਾਬ ਜਾਂ ਕੋਈ ਵੀ ਨਸ਼ਾ ਖਾ ਕੇ ਗੱਡੀ ਨਾ ਚਲਾਉ।
-ਸੰਜੀਵ ਸਿੰਘ ਸੈਣੀ
ਮੁਹਾਲੀ।
ਝੂਠ ਅਤੇ ਸੱਚ
ਅਜੋਕੇ ਸਮੇਂ ਸਮਾਜ ਵਿਚ ਜਿਧਰ ਵੀ ਵੇਖੋ ਝੂਠ ਦਾ ਪਸਾਰਾ ਨਜ਼ਰ ਆਉਂਦਾ ਹੈ ਅਤੇ ਸੱਚ ਲੱਭਣਾ ਜੇਕਰ ਅਸੰਭਵ ਨਹੀਂ ਤਾਂ ਮੁਸ਼ਕਿਲ ਜ਼ਰੂਰ ਹੈ। ਸਿਆਣੇ ਆਖਦੇ ਹਨ ਕਿ ਝੂਠ ਨੂੰ ਭਾਵੇਂ ਲੱਖ ਪਰਦੇ ਪਾ ਲਏ ਜਾਣ, ਸੱਚ ਇੱਕ ਨਾ ਇਕ ਦਿਨ ਜ਼ਰੂਰ ਸਾਹਮਣੇ ਆ ਹੀ ਜਾਂਦਾ ਹੈ। ਸੱਚੀ ਗੱਲ ਤੁਹਾਨੂੰ ਇਕ ਵਾਰ ਹੀ ਕਹਿਣੀ ਪਵੇਗੀ ਜਦਕਿ ਝੂਠੀ ਗੱਲ ਨੂੰ ਵਾਰ-ਵਾਰ ਦੁਹਰਾਉਣਾ ਪਵੇਗਾ। ਪਹਿਲਾਂ ਪਿੰਡਾਂ ਦੀਆਂ ਪੰਚਾਇਤਾਂ ਵਿਚ ਹੀ ਝੂਠ ਸੱਚ ਦਾ ਨਿਤਾਰਾ ਕਰ ਲਿਆ ਜਾਂਦਾ ਸੀ। ਕਿਸੇ ਦਾ ਝਗੜਾ ਹੋਣ 'ਤੇ ਪੰਚਾਇਤੀ ਇਕੱਠ ਵਿਚ ਦੋਵਾਂ ਧਿਰਾਂ ਦਾ ਪੱਖ ਸੁਣ ਕੇ ਝੂਠ-ਸੱਚ ਦਾ ਨਤਾਰਾ ਕਰ ਦਿੱਤਾ ਜਾਂਦਾ ਸੀ। ਪਰ ਹੁਣ ਪੰਚਾਇਤੀ ਇਕੱਠਾਂ ਵਿਚ ਅਜਿਹਾ ਨਹੀਂ ਹੁੰਦਾ, ਸਗੋਂ ਬਹੁਤੀ ਵਾਰ ਪੰਚਾਇਤਾਂ ਝੂਠੇ ਬੰਦੇ ਦੇ ਹੱਕ ਵਿਚ ਹੀ ਭੁਗਤ ਜਾਂਦੀਆਂ ਹਨ ਅਤੇ ਬਹੁਤੇ ਲੋਕ ਵੀ ਝੂਠੇ ਬੰਦੇ ਦਾ ਹੀ ਪੱਖ ਪੂਰਦੇ ਹਨ। ਸੱਚੇ ਬੰਦੇ ਦੇ ਹੱਕ ਵਿਚ ਆਮ ਲੋਕ ਤਾਂ ਕੀ ਪੰਚਾਇਤ ਵਾਲੇ ਵੀ ਖੜਨ ਲਈ ਤਿਆਰ ਨਹੀਂ ਹੁੰਦੇ। ਸੱਚ ਕਹਿਣ ਅਤੇ ਸੱਚ ਸੁਣਨ ਸਹਿਣ ਲਈ ਕਾਫ਼ੀ ਹੌਂਸਲੇ ਅਤੇ ਜੁਰਅੱਤ ਦੀ ਲੋੜ ਹੁੰਦੀ ਹੈ। ਗੁਰਬਾਣੀ ਅਨੁਸਾਰ ਵੀ ਸੱਚ ਕਦੇ ਪੁਰਾਣਾ ਨਹੀਂ ਹੁੰਦਾ ਬਲਕਿ ਨਵਾਂ ਹੀ ਰਹਿੰਦਾ ਹੈ। ਸਾਨੂੰ ਸਭ ਨੂੰ ਝੂਠ ਤੋਂ ਬਚਣ ਅਤੇ ਸੱਚ ਦਾ ਪੱਲਾ ਫੜ ਕੇ ਜ਼ਿੰਦਗੀ ਬਸਰ ਕਰਨੀ ਚਾਹੀਦੀ ਹੈ।
-ਜਗਤਾਰ ਸਿੰਘ ਝੋਜੜ,
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।