ਪੀਲੀਭੀਤ ਐਨਕਾਊਂਟਰ ਮਾਮਲਾ- ਮ੍ਰਿਤਕ ਜਸ਼ਨ ਤੇ ਗੁਰਵਿੰਦਰ ਦੇ ਪਰਿਵਾਰਕ ਮੈਂਬਰਾਂ ਬੱਚਿਆਂ ਦੇ ਕਿਸੇ ਜਥੇਬੰਦੀ ਨਾਲ ਸੰਬੰਧਾਂ ਨੂੰ ਨਕਾਰਿਆ
ਕਲਾਨੌਰ,(ਗੁਰਦਾਸਪੁਰ) 23 ਦਸੰਬਰ (ਪੁਰੇਵਾਲ)- ਅੱਜ ਸਵੇਰੇ ਉੱਤਰ ਪ੍ਰਦੇਸ਼ ਦੇ ਪੀਲੀਭੀਤ ’ਚ ਯੂ.ਪੀ. ਤੇ ਪੰਜਾਬ ਪੁਲਿਸ ਵਲੋਂ ਸਾਂਝੇ ਅਭਿਆਨ ਦੌਰਾਨ ਹੋਏ ਮੁਕਾਬਲੇ ’ਚ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਬਲਾਕ ਕਲਾਨੌਰ ਦੇ ਤਿੰਨ ਨੌਜ਼ਵਾਨਾਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਸੀ। ਉਧਰ ਮ੍ਰਿਤਕ ਪਰਿਵਾਰਾਂ ਦੇ ਘਰਾਂ ’ਚ ‘ਅਜੀਤ’ ਵਲੋਂ ਦੌਰਾ ਕੀਤਾ ਗਿਆ, ਜਿਥੇ ਵਰਿੰਦਰ ਸਿੰਘ ਉਰਫ਼ ਰਵੀ ਵਾਸੀ ਅਗਵਾਨ ਦਾ ਪਰਿਵਾਰ ਘਰੋਂ ਗਾਇਬ ਸੀ ਜਦਕਿ ਨੇੜਲੇ ਪਿੰਡ ਸ਼ਹੂਰ ਖੁਰਦ ਵਾਸੀ ਜਸ਼ਨਪ੍ਰੀਤ ਸਿੰਘ ਦੀ ਮਾਤਾ, ਪਤਨੀ ਅਤੇ ਗੁਰਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਰਹੀਮਾਂਬਾਦ ਹਾਲ ਵਾਸੀ ਕਲਾਨੌਰ ਦੇ ਪਿਤਾ ਅਤੇ ਮਾਤਾ ਨੇ ਬੱਚਿਆਂ ਦੇ ਕਿਸੇ ਵੀ ਜਥੇਬੰਦੀ ਨਾਲ ਸੰਬੰਧ ਹੋਣ ਤੋਂ ਇਨਕਾਰ ਕੀਤਾ ਗਿਆ ਅਤੇ ਕਿਹਾ ਕਿ ਉਨ੍ਹਾਂ ਦੇ ਬੱਚੇ ਕੁੱਝ ਦਿਨ ਪਹਿਲਾਂ ਘਰੋਂ ਗਾਇਬ ਹੋਏ ਹਨ ਅਤੇ ਉਨ੍ਹਾਂ ਘਰ ਇਸ ਮਾਮਲੇ ’ਚ ਕਦੇ ਵੀ ਪੁਲਿਸ ਨਹੀਂ ਆਈ ਜਦਕਿ ਜਦੋਂ ਅੱਜ ਸਵੇਰੇ ਉਨ੍ਹਾਂ ਨੂੰ ਪੁਲਿਸ ਰਾਹੀਂ ਬੱਚਿਆਂ ਦੇ ਐਂਨਕਾਊਂਟਰ ਸੰਬੰਧੀ ਪਤਾ ਲੱਗਾ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਜਸ਼ਨ ਅਤੇ ਗੁਰਵਿੰਦਰ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਬੇਕਸੂਰ ਹਨ। ਇਸ ਸੰਬੰਧੀ ਪੰਜਾਬ ਦੇ ਡੀ.ਜੀ.ਪੀ. ਸ੍ਰੀ. ਗੌਰਵ ਯਾਦਵ ਵਲੋਂ ਉਕਤ ਤਿੰਨਾਂ ਨੌਜਵਾਨਾਂ ਦੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਜਥੇਬੰਦੀ ਨਾਲ ਸੰਬੰਧ ਦੱਸੇ ਅਤੇ ਕਿਹਾ ਕਿ ਇਨ੍ਹਾਂ ਵਲੋਂ ਪੁਲਿਸ ਥਾਣਾ ਕਲਾਨੌਰ ਦੀ ਬੰਦ ਪਈ ਪੁਲਿਸ ਚੌਂਕੀ ਬਖਸ਼ੀਵਾਲ ’ਚ ਧਮਾਕਾ ਕੀਤਾ ਸੀ ਅਤੇ ਉਹ ਫਰਾਰ ਸਨ, ਜਿੰਨ੍ਹਾਂ ਨੂੰ ਹਥਿਆਰਾਂ ਸਮੇਤ ਪਿੱਛਾ ਕਰਨ ਉਪਰੰਤ ਪੀਲੀਭੀਤ ’ਚ ਮੁਕਾਬਲੇ ਦੌਰਾਨ ਹਲਾਕ ਕੀਤਾ ਹੈ।