ਰੈਸਟੋਰੈਂਟ ਦੀ ਪਾਰਕਿੰਗ ’ਚ ਗੋਲੀਬਾਰੀ, ਤਿੰਨ ਦੀ ਮੌਤ
ਪੰਚਕੂਲਾ, 23 ਦਸੰਬਰ (ਉਮਾ ਕਪਿਲ)- ਜ਼ਿਲ੍ਹੇ ਦੇ ਬੁਰਜ ਕੋਟੀਆ ਸਥਿਤ ਇਕ ਰੈਸਟੋਰੈਂਟ ਦੀ ਪਾਰਕਿੰਗ ਵਿਚ ਬੀਤੀ ਰਾਤ ਨੂੰ ਹੋਈ ਗੋਲੀਬਾਰੀ ਵਿਚ ਦਿੱਲੀ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 31 ਸਾਲਾ ਵਿੱਕੀ, 28 ਸਾਲਾ ਵਿਨੀਤ (ਵਿੱਕੀ ਦਾ ਭਤੀਜਾ) ਅਤੇ 20 ਸਾਲਾ ਨਿਆ (ਮਹਿਲਾ ਦੋਸਤ) ਵਜੋਂ ਹੋਈ ਹੈ। ਪੁਲਿਸ ਅਨੁਸਾਰ ਕਾਲੇ ਰੰਗ ਦੀ ਕਾਰ (ਨੰਬਰ ਟੀ 1023 ਯੂਪੀ 0850 ਜੀ) ਵਿਚ ਆਏ ਤਿੰਨ ਨੌਜਵਾਨਾਂ ’ਤੇ ਦੂਜੀ ਕਾਰ ਵਿਚ ਅਤੇ ਦੋ ਨੌਜਵਾਨਾਂ ਨੇ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ। ਵਿੱਕੀ ’ਤੇ 7-8 ਗੋਲੀਆਂ ਚਲਾਈਆਂ ਗਈਆਂ, ਜਦਕਿ ਵਿਨੀਤ ਦੇ ਸਿਰ ’ਚ ਅਤੇ ਨੀਆ ਨੂੰ ਛਾਤੀ ’ਚ ਗੋਲੀ ਲੱਗੀ। ਘਟਨਾ ਦੇ ਤੁਰੰਤ ਬਾਅਦ ਤਿੰਨਾਂ ਨੂੰ ਸੈਕਟਰ-6 ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਚਸ਼ਮਦੀਦਾਂ ਅਨੁਸਾਰ ਹਮਲਾਵਰ ਚਿੱਟੇ ਰੰਗ ਦੀ ਕਾਰ ਵਿਚ ਆਏ ਸਨ। ਗੋਲੀ ਚਲਾਉਣ ਵਾਲੇ ਦੋ ਨੌਜਵਾਨਾਂ ਕੋਲ ਪਿਸਤੌਲ ਸਨ। ਘਟਨਾ ਤੋਂ ਬਾਅਦ ਦੋਵੇਂ ਹਮਲਾਵਰ ਕਾਰ ਵਿਚ ਫਰਾਰ ਹੋ ਗਏ। ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਤਲ ਪਿੱਛੇ ਰੰਜਿਸ਼ ਦਾ ਸ਼ੱਕ ਹੈ ਪਰ ਫਿਲਹਾਲ ਸਥਿਤੀ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ। ਘਟਨਾ ਤੋਂ ਬਾਅਦ ਪੂਰੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਨੇ ਰੈਸਟੋਰੈਂਟ ਅਤੇ ਆਸਪਾਸ ਦੇ ਸੀ.ਸੀ.ਟੀ.ਵੀ. ਫੁਟੇਜ ਨੂੰ ਸਕੈਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।