JALANDHAR WEATHER

ਇੱਟਾਂ ਦੇ ਭੱਠੇ ਦੀ ਕੰਧ ਡਿੱਗਣ ਕਾਰਨ ਚਾਰ ਬੱਚਿਆਂ ਦੀ ਮੌਤ

ਨਾਰਨੌਂਦ, (ਹਰਿਆਣਾ), 23 ਦਸੰਬਰ (ਸੱਜਨ ਸੈਣੀ)- ਹਿਸਾਰ ਜ਼ਿਲ੍ਹੇ ਦੇ ਨਾਰਨੌਂਦ ਇਲਾਕੇ ਦੇ ਪਿੰਡ ਬੁਡਾਨਾ ’ਚ ਬੀਤੀ ਰਾਤ ਕਰੀਬ 1 ਵਜੇ ਇਕ ਵੱਡਾ ਹਾਦਸਾ ਵਾਪਰ ਗਿਆ। ਇੱਟਾਂ ਦੇ ਭੱਠੇ ਦੇ ਨਾਲ ਲੱਗਦੇ ਭੱਠੇ ਦੀ ਕੰਧ ਡਿੱਗਣ ਨਾਲ ਕਰੀਬ 20 ਮਜ਼ਦੂਰ ਅਤੇ ਬੱਚੇ ਹੇਠਾਂ ਦੱਬ ਗਏ। ਹਾਦਸੇ ਵਿਚ ਚਾਰ ਬੱਚਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ’ਚ 3 ਮਹੀਨੇ ਦੀ ਨਿਸ਼ਾ, 9 ਸਾਲਾ ਸੂਰਜ, 9 ਸਾਲਾ ਵਿਵੇਕ ਅਤੇ 5 ਸਾਲਾ ਨੰਦਿਨੀ ਸ਼ਾਮਿਲ ਹਨ। ਹਾਦਸੇ ਵਿਚ ਪੰਜ ਸਾਲਾ ਬੱਚੀ ਗੌਰੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਨੂੰ ਹਿਸਾਰ ਦੇ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਸਾਰੇ ਲੋਕ ਉੱਤਰ ਪ੍ਰਦੇਸ਼ ਦੇ ਅੰਬੇਡਕਰ ਨਗਰ ਜ਼ਿਲ੍ਹੇ ਦੇ ਜਲਾਲਪੁਰ ਦੇ ਬਧਵ ਪਿੰਡ ਦੇ ਰਹਿਣ ਵਾਲੇ ਹਨ। ਇਸ ਹਾਦਸੇ ਵਿਚ ਕੰਧ ਹੇਠਾਂ ਦੱਬੇ ਹੋਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਕਈ ਮਜ਼ਦੂਰ ਪਰਿਵਾਰ ਨਾਰਨੌਂਦ ਸੈਕਸ਼ਨ ਦੇ ਪਿੰਡ ਬੁਡਾਨਾ ਦੇ ਇੱਟਾਂ ਦੇ ਭੱਠੇ ’ਤੇ ਕੰਮ ਕਰਦੇ ਹਨ। ਮਜ਼ਦੂਰ ਓਮ ਪ੍ਰਕਾਸ਼ ਨੇ ਦੱਸਿਆ ਕਿ ਬੀਤੀ ਰਾਤ 12 ਵਜੇ ਦੇ ਕਰੀਬ 25 ਦੇ ਕਰੀਬ ਮਜ਼ਦੂਰ ਇੱਟਾਂ ਦੇ ਭੱਠੇ ’ਤੇ ਕੰਮ ਕਰ ਰਹੇ ਸਨ। ਸਾਰੇ ਬੱਚੇ ਚੁੱਲ੍ਹੇ ਕੋਲ ਕੰਧ ਨਾਲ ਸੁੱਤੇ ਹੋਏ ਸਨ। ਇਹ ਪੱਕੀ ਇੱਟ ਦੀ ਕੰਧ ਸੀ, ਜੋ ਬੱਚਿਆਂ ’ਤੇ ਡਿੱਗ ਗਈ। ਤਿੰਨ ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਥੇ ਹੀ ਤਿੰਨ ਜ਼ਖਮੀ ਬੱਚਿਆਂ ਨੂੰ ਇੱਟਾਂ ਦੇ ਹੇਠਾਂ ਤੋਂ ਬਾਹਰ ਕੱਢ ਕੇ ਪਹਿਲਾਂ ਨਜ਼ਦੀਕੀ ਹਸਪਤਾਲ ਭੇਜਿਆ ਗਿਆ। ਉਥੋਂ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਹਿਸਾਰ ਦੇ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਹਿਸਾਰ ਲਿਜਾਂਦੇ ਸਮੇਂ 3 ਮਹੀਨੇ ਦੀ ਨਿਸ਼ਾ ਦੀ ਵੀ ਰਸਤੇ ਵਿਚ ਹੀ ਮੌਤ ਹੋ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ