ਡਾ.ਓਬਰਾਏ ਦੇ ਯਤਨਾਂ ਸਦਕਾ 38 ਦਿਨਾਂ ਬਾਅਦ ਰਮਨ ਕੁਮਾਰ ਦੀ ਮ੍ਰਿਤਕ ਦੇਹ ਅੰਮਿ੍ਤਸਰ ਪੁੱਜੀ
ਰਾਜਾਸਾਂਸੀ, 29 ਨਵੰਬਰ (ਹਰਦੀਪ ਸਿੰਘ ਖੀਵਾ) - ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਉੜਮੁੜ ਨਾਲ ਸੰਬੰਧਿਤ 37 ਸਾਲਾ ਰਮਨ ਕੁਮਾਰ ਪੁੱਤਰ ਸੁਰਿੰਦਰ ਪਾਲ ਦਾ ਮ੍ਰਿਤਕ ਸਰੀਰ ਮੌਤ ਤੋਂ ਕਰੀਬ 38 ਦਿਨਾਂ ਬਾਅਦ ਦੁਬਈ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚਿਆ। ਮ੍ਰਿਤਕ ਸਰੀਰ ਸਰਬੱਤ ਦਾ ਭਲਾ ਟਰੱਸਟ ਦੇ ਜ਼ਿਲ੍ਹਾ ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ ਵਲੋਂ ਪ੍ਰਾਪਤ ਕਰਕੇ ਪਰਿਵਾਰਕ ਮੈਂਬਰਾਂ ਨੂੰ ਸੌਂਪਿਆ ਗਿਆ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਰਮਨ ਕੁਮਾਰ ਵੀ ਹੋਰਨਾਂ ਨੌਜਵਾਨਾਂ ਵਾਂਗ ਕਰੀਬ 7 ਸਾਲ ਪਹਿਲਾਂ ਆਪਣੇ ਬਿਹਤਰ ਭਵਿੱਖ ਦੇ ਸੁਪਨੇ ਲੈ ਕੇ ਦੁਬਈ ਆਇਆ ਸੀ, ਜਿਸ ਦੀ ਬੀਤੀ 22 ਅਕਤੂਬਰ ਨੂੰ ਅਚਾਨਕ ਦਿਲ ਦਾ ਦੌਰਾ ਪੈ ਜਾਣ ਨਾਲ ਮੌਤ ਹੋ ਗਈ ਸੀ।