ਰਾਜਸਥਾਨ: ਡੰਪਰ ਨਾਲ ਕਾਰ ਦੀ ਟੱਕਰ ’ਚ 5 ਨੌਜਵਾਨਾਂ ਦੀ ਮੌਤ
ਜੈਪੁਰ, 22 ਨਵੰਬਰ- ਰਾਜਸਥਾਨ ਦੇ ਉਦੈਪੁਰ ’ਚ ਡੰਪਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ 5 ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਸੁਖੇਰ ਥਾਣਾ ਖੇਤਰ ਦੇ ਅੰਬੇਰੀ ’ਚ ਬੀਤੀ ਰਾਤ ਕਰੀਬ 12 ਵਜੇ ਵਾਪਰਿਆ। ਪੁਲਿਸ ਨੇ ਡੰਪਰ ਨੂੰ ਜ਼ਬਤ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿ੍ਰਤਕ ਅੰਬੇਰੀ ਤੋਂ ਗਲਤ ਪਾਸੇ ਡਿੱਬੜੀ ਵੱਲ ਜਾ ਰਹੇ ਸਨ ਤਾਂ ਅਚਾਨਕ ਇਕ ਡੰਪਰ ਅੱਗੇ ਆ ਗਿਆ। ਢਲਾਨ ਹੋਣ ਕਾਰਨ ਡੰਪਰ ਦੇ ਚਾਲਕ ਨੇ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਥਾਂ ਨਹੀਂ ਮਿਲ ਸਕੀ। ਉਹ ਕਾਰ ਨਾਲ ਟਕਰਾ ਗਿਆ। ਆਹਮੋ-ਸਾਹਮਣੇ ਦੀ ਟੱਕਰ ’ਚ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਕਾਰ ’ਚ ਸਵਾਰ ਸਾਰੇ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚ ਗਈ। ਲੋਕਾਂ ਦੀ ਮਦਦ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਸਾਰੀਆਂ ਲਾਸ਼ਾਂ ਨੂੰ ਹਸਪਤਾਲ ਦੇ ਮੁਰਦਾਘਰ ਵਿਚ ਰੱਖਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਨੌਜਵਾਨ ਕਿੱਥੋਂ ਆ ਰਹੇ ਸਨ ਅਤੇ ਕਿੱਥੇ ਜਾ ਰਹੇ ਸਨ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਬਾਰੇ ਹੋਰ ਜਾਣਕਾਰੀ ਉਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਹੀ ਮਿਲ ਸਕੇਗੀ।