ਸਕੂਲ ਬੱਸ ਦੀ ਉਡੀਕ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋਈ ਬੱਚੀ ਦੀ ਵੀ ਮੌਤ
ਗੁਰਦਾਸਪੁਰ, 30 ਅਕਤੂਬਰ (ਗੁਰਪ੍ਰੀਤ ਸਿੰਘ ਡਾਲਾ) - ਇਥੋਂ ਦੇ ਥਾਣਾ ਬਹਿਰਾਮਪੁਰ ਅਧੀਨ ਪੈਂਦੇ ਪਿੰਡ ਰਾਮਪੁਰ ਵਿਖੇ ਤੜਕਸਾਰ ਹੋਏ ਹਾਦਸੇ ’ਚ ਜ਼ਖ਼ਮੀ ਹੋਈ ਬੱਚੀ ਦੀ ਵੀ ਮੌਤ ਹੋ ਗਈ ਹੈ। ਬੱਚੀ ਦੀ ਪਛਾਣ ਸਪੁੱਤਰੀ ਲਖਵਿੰਦਰ ਸਿੰਘ ਵਾਸੀ ਰਾਏਪੁਰ ਵਜੋਂ ਹੋਈ ਹੈ, ਜੋ ਸੜਕ ਕਿਨਾਰੇ ਆਪਣੀ ਦਾਦੀ ਨਾਲ ਸਕੂਲ ਬੱਸ ਦੀ ਉਡੀਕ ਕਰ ਰਹੀ ਸੀ। ਸਵੇਰੇ ਘਟਨਾ ਸਥਾਨ ’ਤੇ ਹੀ ਦਾਦੀ ਕ੍ਰਿਸ਼ਨਾ ਕੁਮਾਰੀ ਨੇ ਦਮ ਤੋੜ ਦਿੱਤਾ ਸੀ। ਹੁਣ ਇਸ ਖੌਫ਼ਨਾਕ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਤਿੰਨ ਹੋ ਗਈ ਹੈ। ਹਾਦਸੇ ਵਿਚ ਬੱਚੀ, ਉਸ ਦੀ ਦਾਦੀ ਅਤੇ ਇਕ ਸਕੂਲ ਅਧਿਆਪਕਾ ਸੁਧਾ ਸ਼ਰਮਾ ਦੀ ਮੌਤ ਹੋਈ ਹੈ। ਜਾਣਕਾਰੀ ਅਨੁਸਾਰ ਕਾਰ ਦੇ ਮਾਲਕਾਂ ਦਾ ਵੀ ਪਤਾ ਲਗਾ ਲਿਆ ਗਿਆ ਹੈ, ਜਿਨ੍ਹਾਂ ਦੀ ਪਛਾਣ ਰਾਹੁਲ ਮਹਾਜਨ ਸਪੁੱਤਰ ਰਾਜ ਕੁਮਾਰ ਵਾਸੀ ਮੀਰਪੁਰ ਕਲੋਨੀ ਪਠਾਨਕੋਟ ਵਜੋਂ ਹੋਈ ਹੈ। ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਭਗੌੜੇ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।