ਲੁਟੇਰਿਆਂ ਵਲੋਂ ਪਾਰਕ 'ਚ ਸੈਰ ਕਰਨ ਆਏ ਨੌਜਵਾਨ 'ਤੇ ਦਿਨ-ਦਿਹਾੜੇ ਹਮਲਾ
ਗੁਰੂਹਰਸਹਾਏ (ਫਿਰੋਜ਼ਪੁਰ), 13 ਅਕਤੂਬਰ (ਕਪਿਲ ਕੰਧਾਰੀ)-ਗੁਰੂਹਰਸਹਾਏ ਵਿਖੇ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕ ਨਹੀਂ ਰਹੀਆਂ। ਤਾਜ਼ਾ ਮਿਸਾਲ ਅੱਜ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਅੱਜ ਦੇਰ ਸ਼ਾਮ ਰੇਲਵੇ ਪਾਰਕ ਵਿਖੇ ਸੈਰ ਕਰਨ ਆਏ ਇਕ ਨੌਜਵਾਨ ਉਤੇ ਅਣਪਛਾਤੇ ਲੁਟੇਰਿਆਂ ਵਲੋਂ ਉਸਦੇ ਹੱਥ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਅਤੇ ਉਸਦੇ ਗੱਲ ਵਿਚ ਪਾਈ ਸੋਨੇ ਦੀ ਚੇਨੀ ਅਤੇ ਸੋਨੇ ਦਾ ਕੜਾ ਲੈ ਕੇ ਫਰਾਰ ਹੋ ਗਏ। ਜਾਣਕਾਰੀ ਦਿੰਦਿਆਂ ਨੌਜਵਾਨ ਹਨੀ ਥਾਪਰ ਦੇ ਪਿਤਾ ਗੋਰਾ ਥਾਪਰ ਨੇ ਦੱਸਿਆ ਕਿ ਉਸ ਦਾ ਲੜਕਾ ਆਪਣੇ ਕੁਝ ਰਿਸ਼ਤੇਦਾਰਾਂ ਨਾਲ ਰੇਲਵੇ ਪਾਰਕ ਵਿਖੇ ਸੈਰ ਕਰਨ ਲਈ ਆਇਆ ਸੀ ਅਤੇ ਜਦੋਂ ਉਹ ਸ਼ਾਮ ਨੂੰ ਸੈਰ ਕਰ ਰਿਹਾ ਸੀ ਤਾਂ ਉਥੇ ਕੁਝ ਲੁਟੇਰੇ ਆਏ, ਉਨ੍ਹਾਂ ਵਲੋਂ ਉਸ ਉਪਰ ਅਚਾਨਕ ਹਮਲਾ ਕਰ ਦਿੱਤਾ ਗਿਆ ਅਤੇ ਉਸਨੂੰ ਜ਼ਖਮੀ ਕਰ ਦਿੱਤਾ।