‘ਪੰਜਾਬ 95’ ਦੀ ਵੱਖ-ਵੱਖ ਪੱਖਾਂ ਤੋਂ ਘੋਖ ਕਰਨ ਲਈ ਸਿੱਖ ਵਿਦਵਾਨਾਂ ਦੀ ਬਣਾਈ ਜਾਵੇ ਕਮੇਟੀ- ਗਿਆਨੀ ਰਘਬੀਰ ਸਿੰਘ
ਅੰਮ੍ਰਿਤਸਰ, 11 ਅਕਤੂਬਰ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਕੀਤਾ ਹੈ ਕਿ ਉਹ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਫ਼ਿਲਮ ‘ਪੰਜਾਬ 95’ ਦੀ ਵੱਖ-ਵੱਖ ਪੱਖਾਂ ਤੋਂ ਘੋਖ ਕਰਨ ਲਈ ਤੁਰੰਤ ਸਿੱਖ ਵਿਦਵਾਨਾਂ ਦਾ ਇਕ ਉੱਚ ਪੱਧਰੀ ਪੈਨਲ ਗਠਿਤ ਕਰੇ। ਜਾਰੀ ਬਿਆਨ ਵਿਚ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਿੱਤੇ ਗਏ ਪੱਤਰਾਂ ਵਿਚ ਸ਼ੰਕਾ ਜਤਾਈ ਗਈ ਹੈ ਕਿ 1984 ਤੋਂ 1995 ਤੱਕ ਚੱਲੇ ਸਿੱਖ ਸੰਘਰਸ਼ ਵੇਲੇ ਹੋਏ ਸਰਕਾਰੀ ਜਬਰ ਅਤੇ ਝੂਠੇ ਪੁਲਿਸ ਮੁਕਾਬਲਿਆਂ ਸੰਬੰਧੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੁਆਰਾ ਨੰਗੇ ਕੀਤੇ ਸੱਚ ਨੂੰ ਲੁਕਾਉਣ ਲਈ ਭਾਰਤੀ ਫਿਲਮ ਸੈਂਸਰ ਬੋਰਡ ਵਲੋਂ 120 ਦੇ ਲਗਪਗ ਕੱਟ ਲਗਾ ਕੇ ਭਾਰਤੀ ਸੁਪਰੀਮ ਕੋਰਟ, ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਪ੍ਰਮਾਣਿਤ ਕੀਤੇ ਤੱਥਾਂ ਅਤੇ ਕੇਂਦਰੀ ਮਨੁੱਖੀ ਅਧਿਕਾਰ ਕਮਿਸ਼ਨ ਦੀਆਂ ਰਿਪੋਰਟਾਂ ਨੂੰ ਬਦਲਣ ਦੇ ਯਤਨ ਕੀਤੇ ਗਏ ਹਨ। ਜਥੇਦਾਰ ਨੇ ਕਿਹਾ ਕਿ ਸ਼ਹੀਦ ਭਾਈ ਖਾਲੜਾ ਦੇ ਪਰਿਵਾਰ ਵਲੋਂ ਜਿਸ ਅਸਲੀ ਰੂਪ ਵਿਚ ਭਾਈ ਖਾਲੜਾ ਦੇ ਜੀਵਨ ‘ਤੇ ਫਿਲਮ ਬਣਾਉਣ ਦੀ ਫਿਲਮ ਨਿਰਮਾਤਾਵਾਂ ਨੂੰ ਸਹਿਮਤੀ ਦਿੱਤੀ ਗਈ ਸੀ, ਸੈਂਸਰ ਬੋਰਡ ਵਲੋਂ ਲਗਾਏ ਕੱਟਾਂ ਤੋਂ ਬਾਅਦ ਫਿਲਮ ਦਾ ਰੂਪ ਉਸ ਤੋਂ ਬਿਲਕੁਲ ਬਦਲ ਗਿਆ ਹੈ, ਜਿਸ ਬਾਰੇ ਵੀ ਖਾਲੜਾ ਪਰਿਵਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਭੇਜੀ ਦਰਖ਼ਾਸਤ ਵਿਚ ਦੁੱਖ ਜਤਾਇਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਇਤਿਹਾਸਕ ਪੱਖ ‘ਤੇ ਬਣਨ ਵਾਲੀ ਫ਼ਿਲਮ ਵਿਚੋਂ ਅਦਾਲਤਾਂ, ਮਨੁੱਖੀ ਅਧਿਕਾਰ ਸੰਸਥਾਵਾਂ ਅਤੇ ਮੀਡੀਆ ਦੁਆਰਾ ਪ੍ਰਮਾਣਿਤ ਕੀਤੇ ਇਤਿਹਾਸਕ ਤੱਥਾਂ ਨੂੰ ਬਦਲਣਾ ਮੌਲਿਕਤਾ ਦੇ ਅਧਿਕਾਰ ਅਤੇ ਜ਼ਮਹੂਰੀਅਤ ਦਾ ਘਾਣ ਕਰਨ ਬਰਾਬਰ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਲਿਖਤੀ ਪੱਤਰ ਭੇਜ ਕੇ ਆਦੇਸ਼ ਕੀਤਾ ਹੈ ਕਿ ਖਾਲੜਾ ਪਰਿਵਾਰ ਅਤੇ ਹੋਰ ਸਿੱਖ ਸੰਸਥਾਵਾਂ ਵਲੋਂ ਜਤਾਏ ਜਾ ਰਹੇ ਸ਼ੰਕਿਆਂ ਦੀ ਰੌਸ਼ਨੀ ਵਿਚ ਫ਼ਿਲਮ ਨੂੰ ਅਸਲ ਰੂਪ ਵਿਚ ਰਿਲੀਜ਼ ਕਰਵਾਉਣ ਲਈ ਢੁੱਕਵੇਂ ਯਤਨ ਕੀਤੇ ਜਾਣ।