ਛੁੱਟੀ 'ਤੇ ਆਏ ਫ਼ੌਜੀ ਦੀ ਹਾਦਸੇ ਵਿਚ ਮੌਤ
ਜਲਾਲਾਬਾਦ, 11 ਅਕਤੂਬਰ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਨੇੜੇ ਪੈਂਦੇ ਪਿੰਡ ਢਾਬ ਖ਼ੁਸ਼ਹਾਲ ਜੋਇਆ ਵਾਸੀ ਫ਼ੌਜੀ ਦੀ ਹਾਦਸੇ ਵਿਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਪਿੰਡ ਢਾਬ ਖ਼ੁਸ਼ਹਾਲ ਜੋਇਆ ਵਾਸੀ ਸੁਨੀਲ ਸਿੰਘ ਪੁੱਤਰ ਰਮੇਸ਼ ਸਿੰਘ ਦੀ ਮੌਤ ਹੋ ਗਈ ਹੈ। ਸੁਨੀਲ ਸਿੰਘ ਬੀਤੀ ਰਾਤ ਲਗਭਗ 10 ਵਜੇ ਆਪਣੇ ਘਰ ਵਾਪਸ ਆਪਣੇ ਬੁਲਟ ਮੋਟਰਸਾਈਕਲ ਉਤੇ ਜਾ ਰਿਹਾ ਸੀ ਅਤੇ ਰਸਤੇ ਵਿਚ ਉਸ ਦਾ ਬੁਲਟ ਮੋਟਰਸਾਈਕਲ ਬੇਕਾਬੂ ਹੋ ਗਿਆ, ਜਿਸ ਕਾਰਨ ਬੁਲਟ ਮੋਟਰਸਾਈਕਲ ਸੜਕ ਨਾਲ ਦੀ ਪੱਕੀ ਨਾਲੀ ਵਿਚ ਡਿੱਗ ਕੇ ਨਾਲ ਦੇ ਘਰ ਦੀ ਕੰਧ ਟੱਪ ਕੇ ਅੰਦਰ ਜਾ ਡਿੱਗਿਆ। ਫ਼ੌਜੀ ਮੋਟਰਸਾਈਕਲ ਤੋਂ ਕਾਫ਼ੀ ਅੱਗੇ ਜਾ ਕੇ ਡਿੱਗਿਆ। ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦੇ ਹੀ ਜ਼ਖ਼ਮੀ ਫ਼ੌਜੀ ਨੂੰ ਪ੍ਰਾਈਵੇਟ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਲੈ ਕੇ ਜਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚ ਸਕੀ। ਮ੍ਰਿਤਕ ਪਿਛਲੇ ਲਗਭਗ 4 ਸਾਲ ਤੋਂ ਫ਼ੌਜ ਵਿਚ ਨੌਕਰੀ ਕਰ ਰਿਹਾ ਸੀ ਅਤੇ ਛੁੱਟੀ ਉਤੇ ਘਰ ਆਇਆ ਹੋਇਆ ਸੀ।