JALANDHAR WEATHER

ਨਹੀਂ ਰਹੇ ਉੱਘੇ ਉਦਯੋਗਪਤੀ ਰਤਨ ਟਾਟਾ

ਮੁੰਬਈ, 9 ਅਕਤੂਬਰ (ਏਜੰਸੀ)-ਦੇਸ਼ ਦੇ ਸਭ ਤੋਂ ਪ੍ਰਭਾਵਸ਼ਾਲੀ ਉਦਯੋਗਪਤੀਆਂ 'ਚੋਂ ਇਕ ਅਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਰਤਨ ਟਾਟਾ ਦਾ 86 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ | ਉਹ ਉਮਰ ਨਾਲ ਜੁੜੀਆਂ ਬਿਮਾਰੀਆਂ ਕਾਰਨ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਦਾਖਲ ਸਨ, ਜਿਥੇ ਉਨ੍ਹਾਂ ਆਖਰੀ ਸਾਹ ਲਿਆ | ਸੋਮਵਾਰ ਨੂੰ ਉਹ ਸਿਹਤ ਜਾਂਚ ਲਈ ਹਸਪਤਾਲ 'ਚ ਭਰਤੀ ਹੋਏ ਸਨ | ਬਾਅਦ 'ਚ ਉਨ੍ਹਾਂ ਨੇ ਹੀ ਆਈ.ਸੀ.ਯੂ. 'ਚ ਭਰਤੀ ਹੋਣ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਸੀ | ਉਦਾਰੀਕਰਨ ਦੇ ਦੌਰ ਤੋਂ ਬਾਅਦ ਟਾਟਾ ਸਮੂਹ ਅੱਜ ਜਿਸ ਉਚਾਈਆਂ 'ਤੇ ਹੈ, ਉਸ ਨੂੰ ਇਥੇ ਤੱਕ ਪਹੁੰਚਾਉਣ 'ਚ ਰਤਨ ਟਾਟਾ ਦਾ ਬਹੁਤ ਵੱਡਾ ਯੋਗਦਾਨ ਹੈ | ਸਾਦਗੀ ਤੇ ਸਰਲ ਸੁਭਾਅ ਦੇ ਮਾਲਕ ਰਤਨ ਟਾਟਾ ਦਾ ਜਨਮ 28 ਦਸੰਬਰ, 1937 ਨੂੰ ਹੋਇਆ ਸੀ | ਉਨ੍ਹਾਂ ਆਪਣੀ ਸ਼ੁਰੂਆਤੀ ਸਿੱਖਿਆ ਮੁੰਬਈ ਦੇ ਕੈਂਥਡ੍ਰੇਲ ਐਂਡ ਜਾੱਨ ਕਾੱਨਲ ਸਕੂਲ ਤੋਂ ਪ੍ਰਾਪਤ ਕੀਤੀ | ਇਸ ਤੋਂ ਬਾਅਦ ਉਨ੍ਹਾਂ ਅਮਰੀਕਾ ਦੀ ਕਾਰਨੇਲ ਯੂਨਿਵਰਸਿਟੀ ਤੋਂ ਆਰਕੀਟੈਕਚਰ ਤੇ ਸਟਰਕਚਲਰ ਇੰਜੀਨੀਅਰਿੰਗ 'ਚ ਡਿਗਰੀ ਹਾਸਲ ਕੀਤੀ | 1962 'ਚ ਟਾਟਾ ਸਮੂਹ 'ਚ ਸ਼ਾਮਿਲ ਹੋਣ ਤੋਂ ਪਹਿਲਾਂ ਰਤਨ ਟਾਟਾ ਨੇ ਅਮਰੀਕਾ 'ਚ ਕੁਝ ਸਮੇਂ ਲਈ ਕੰਮ ਕੀਤਾ | 1981 'ਚ ਉਨ੍ਹਾਂ ਨੂੰ ਟਾਟਾ ਇੰਡਸਟ੍ਰੀਜ਼ ਦਾ ਚੇਅਰਮੈਨ ਬਣਾਇਆ ਗਿਆ | 1991 'ਚ ਜੇ.ਆਰ.ਡੀ. ਟਾਟਾ ਦੀ ਸੇਵਾ ਮੁਕਤੀ ਤੋਂ ਬਾਅਦ ਰਤਨ ਟਾਟਾ ਨੂੰ ਟਾਟਾ ਸਮੂਹ ਦਾ ਚੇਅਰਮੈਨ ਬਣਾਇਆ ਗਿਆ, ਜਿਥੋਂ ਉਹ ਸਾਲ 2012 'ਚ ਸੇਵਾ ਮੁਕਤ ਹੋਏ | ਭਾਰਤ 'ਚ ਪਹਿਲੀ ਵਾਰ ਸੰਪੂਰਨ ਰੂਪ 'ਚ ਬਣੀ ਕਾਰ ਦਾ ਉਤਪਾਦਨ ਸ਼ੁਰੂ ਕਰਨ ਦਾ ਸਿਹਰਾ ਵੀ ਰਤਨ ਟਾਟਾ ਨੂੰ ਹੀ ਜਾਂਦਾ ਹੈ | ਇਸ ਪਹਿਲੀ ਦੇਸੀ ਕਾਰ ਦਾ ਨਾਂਅ ਸੀ ਟਾਟਾ ਇੰਡੀਕਾ | ਦੁਨੀਆ ਦੀ ਸਭ ਤੋਂ ਸਸਤੀ ਕਾਰ ਟਾਟਾ ਨੈਨੋ ਬਣਾਉਣ ਦੀ ਉਪਲਬਧੀ ਵੀ ਉਨ੍ਹਾਂ ਦੇ ਨਾਂਅ 'ਤੇ ਹੀ ਹੈ | ਉਨ੍ਹਾਂ ਦੀ ਅਗਵਾਈ 'ਚ ਟਾਟਾ ਸਮੂਹ ਨੇ ਲੈਂਡ ਰੋਵਰ ਅਤੇ ਜਗੂਆਰ ਨੂੰ ਆਪਣੇ 'ਚ ਰਲਾ ਕੇ ਅੰਤਰਰਾਸ਼ਟਰੀ ਬਾਜ਼ਾਰ 'ਚ ਖਲਬਲੀ ਮਚਾ ਦਿੱਤੀ ਸੀ | ਰਤਨ ਟਾਟਾ ਨੇ 5 ਮਹਾਂਦੀਪਾਂ ਦੇ 100 ਦੇਸ਼ਾਂ 'ਚ ਫੈਲੀਆਂ 30 ਤੋਂ ਵੱਧ ਕੰਪਨੀਆਂ ਦਾ ਸੰਚਾਲਨ ਕਰਕੇ ਆਪਣੀ ਪ੍ਰਤੀਭਾ ਦਾ ਲੋਹ ਮਨਵਾਇਆ | ਉਨ੍ਹਾਂ ਟਾਟਾ ਸਮੂਹ ਨੂੰ ਲੂਣ ਤੋਂ ਲੈ ਕੇ ਸਾਫਟਵੇਅਰ ਤੱਕ ਨਵੀਂਆਂ ਉਚਾਈਆਂ 'ਤੇ ਪਹੁੰਚਾਇਆ |
ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਮੇਤ ਪ੍ਰਮੁੱਖ ਸ਼ਖਸੀਅਤਾਂ ਵਲੋਂ ਦੁੱਖ ਪ੍ਰਗਟ
ਭਾਰਤ ਦੇ ਸਭ ਤੋਂ ਪੁਰਾਣੇ ਤੇ ਸਭ ਤੋਂ ਵੱਕਾਰੀ ਕਾਰੋਬਾਰੀ ਘਰਾਣਿਆਂ 'ਚੋਂ ਇਕ ਟਾਟਾ ਸਮੂਹ ਦੀ ਸਥਿਰ ਅਗਵਾਈ ਕਰਨ ਵਾਲੇ ਰਤਨ ਟਾਟਾ ਦੇ ਦਿਹਾਂਤ 'ਤੇ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸੀ ਆਗੂ ਰਾਹੁਲ ਗਾਂਧੀ, ਕੇਂਦਰੀ ਮੰਤਰੀਆਂ ਰਾਜਨਾਥ ਸਿੰਘ, ਨਿਤੀਨ ਗਡਕਰੀ, ਉਦੋਗਪਤੀਆਂ ਮੁਕੇਸ਼ ਅੰਬਾਨੀ, ਗੌਤਮ ਅਡਾਨੀ ਤੇ ਅਨੰਦ ਮਹਿੰਦਰਾ ਸਮੇਤ ਹਰੇਕ ਖੇਤਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਵਲੋਂ ਦੁੱਖ ਪ੍ਰਗਟ ਕੀਤਾ ਗਿਆ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ