ਨੈਣਾ ਦੇਵੀ ਤੋਂ ਪਰਤ ਰਹੇ ਪਰਿਵਾਰ ਦੀ ਕਾਰ-ਟੈਂਪੂ ਨਾਲ ਸਿੱਧੀ ਟੱਕਰ, ਮਹਿਲਾ ਦੀ ਮੌਤ
ਸਮਰਾਲਾ, 9 ਅਕਤੂਬਰ (ਗੋਪਾਲ ਸੋਫਤ)- ਇਥੋਂ ਨਜ਼ਦੀਕ ਗੜੀ ਪੁੱਲ ਨੇੜੇ ਇਕ ਕਾਰ ਅਤੇ ਇਕ ਟੈਂਪੂ ਵਿਚਕਾਰ ਹੋਈ ਸਿੱਧੀ ਟੱਕਰ ਕਾਰਨ ਇਕ ਮਹਿਲਾ ਦੀ ਮੌਤ ਹੋ ਗਈ, ਜਦਕਿ ਉਸ ਦਾ ਪੁੱਤਰ ਅਤੇ ਪੁੱਤਰੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦਾ ਇਹ ਪਰਿਵਾਰ ਅੱਜ ਸਵੇਰੇ ਮਾਤਾ ਨੈਣਾ ਦੇਵੀ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਿਹਾ ਸੀ, ਜਦੋਂ ਸਮਰਾਲਾ ਦੇ ਨਜ਼ਦੀਕ ਸਰਹੰਦ ਨਹਿਰ ਦੇ ਗੜੀ ਪੁਲ ਦੇ ਨਜ਼ਦੀਕ ਪਹੁੰਚੇ ਤਾਂ ਕਾਰ ਸਿੱਧੀ ਟੈਂਪੂ ਨਾਲ ਟਕਰਾ ਗਈ। ਇਸ ਹਾਦਸੇ ਵਿਚ 2 ਬੱਚਿਆਂ ਦੀ ਮਾਂ ਪੁਸ਼ਪਾ ਦੇਵੀ (45) ਦੀ ਮੌਤ ਹੋ ਗਈ, ਜਦਕਿ ਉਸ ਦੇ ਧੀ-ਪੁੱਤ ਦੋਵੇਂ ਗੰਭੀਰ ਜ਼ਖ਼ਮੀ ਹਨ, ਜਿਨ੍ਹਾਂ ਨੂੰ ਇਲਾਜ ਲਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ। ਨਜ਼ਦੀਕ ਖ਼ੇਤ ਵਿਚ ਕੰਮ ਕਰ ਰਹੇ ਕਿਸਾਨਾਂ ਨੇ ਜੱਦੋ-ਜਹਿਦ ਕਰਕੇ ਇਨ੍ਹਾਂ ਨੂੰ ਗੱਡੀ ਵਿਚੋਂ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿਚ ਪਹੁੰਚਾਇਆ ਗਿਆ। ਇਸ ਸੰਬੰਧੀ ਸਮਰਾਲਾ ਫਾਇਰ ਬ੍ਰਿਗੇਡ ਤੋਂ ਰਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 8 ਵਜੇ ਦੇ ਕਰੀਬ ਫ਼ੋਨ ਆਇਆ ਸੀ ਕਿ ਇਕ ਸੜਕ ਹਾਦਸਾ ਵਾਪਰ ਗਿਆ ਹੈ, ਜਿਸ ਵਿਚ ਕਾਰ ਤੇ ਟੈਂਪੂ ਦੀ ਸਿੱਧੀ ਟੱਕਰ ਹੋਈ ਹੈ। ਕਾਰ ਵਿਚ ਤਿੰਨ ਵਿਅਕਤੀ ਸਵਾਰ ਸਨ, ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਸਮਰਾਲਾ ਦੇ ਹਸਪਤਾਲ ਲਿਆਂਦਾ ਗਿਆ।