ਸੁਲਤਾਨਪੁਰ ਲੋਧੀ, 24 ਜੁਲਾਈ (ਥਿੰਦ)- ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੱਦੇ ਤੇ ਅੱਜ ਜ਼ਿਲ੍ਹਾ ਕਪੂਰਥਲਾ ਅੰਦਰ ਪਟਵਾਰੀਆਂ ਨੇ ਸਮੂਹਿਕ ਛੁੱਟੀ ਲੈ ਕੇ ਹੜਤਾਲ ਨੂੰ ਭਰਵਾਂ ਸਮਰਥਨ ਦਿੱਤਾ |ਰੈਵੀਨਿਊ ਪਟਵਾਰ ਯੂਨੀਅਨ ਕਪੂਰਥਲਾ ਦੇ ਪ੍ਰਧਾਨ ਸੁਖਜੀਤ ਸਿੰਘ ਗੋਇੰਦਵਾਲ ਸਾਹਿਬ, ਰਾਜਨਬੀਰ ਸਿੰਘ ਅਟਵਾਲ, ਬਲਾਕ ਪ੍ਰਧਾਨ ਸੁਖਦੇਵ ਸਿੰਘ, ਪਟਵਾਰੀ ਮਨਦੀਪ ਸਿੰਘ ਬਲੇਰ, ਪ੍ਰਧਾਨ ਪੰਕਜ ਗੜਵਾਲ, ਪ੍ਰਧਾਨ ਸੁਖਦੇਵ ਸਿੰਘ ਨੇ ਸੁਲਤਾਨਪੁਰ ਲੋਧੀ ਵਿਖੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਪ੍ਰਧਾਨ ਬਲਰਾਜ ਸਿੰਘ ਔਜਲਾ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਵਿਖੇ ਜੁਆਇੰਟ ਸੈਕਟਰੀ ਨਾਲ ਹੋਈ ਮੀਟਿੰਗ ਦੌਰਾਨ ਮੰਗਾਂ ਦੀ ਸਹਿਮਤੀ ਨਾ ਬਣਨ ਤੋਂ ਬਾਅਦ ਸਮੂਹਿਕ ਤੌਰ ਤੇ ਛੁੱਟੀ ਜਾਣ ਦਾ ਫ਼ੈਸਲਾ ਕੀਤਾ | ਆਗੂਆਂ ਨੇ ਦੱਸਿਆ ਕਿ ਮੁੱਖ ਮੰਗਾਂ ਜਿਵੇਂ ਕਿ ਸਟੇਟ ਕਾਡਰ ਨੂੰ ਰੱਦ ਕਰਾਉਣਾ, 17-7-2020 ਦੇ ਸੱਤਵੇਂ ਪੇ ਕਮਿਸ਼ਨ ਨੂੰ ਪੰਜਾਬ ਵਿਚ ਲਾਗੂ ਕਰਵਾਉਣ ਵਾਲੇ ਪੱਤਰ ਨੂੰ ਰੱਦ ਕਰਵਾਉਣਾ ਅਤੇ 1056 ਪੋਸਟਾਂ ਦੀ ਮੁੜ ਬਹਾਲੀ ਕਰਵਾਉਣ ਆਦਿ ਤੇ ਸਰਕਾਰ ਨੇ ਕੋਈ ਹੁੰਗਾਰਾ ਨਹੀਂ ਭਰਿਆ ਅਤੇ ਨਾ ਹੀ ਇਸ ਸਬੰਧੀ ਲਿਖਤੀ ਤੌਰ ਤੇ ਪੱਤਰ ਜਾਰੀ ਕੀਤਾ ਗਿਆ | ਜਿਸ ਤੋਂ ਸਪਸ਼ਟ ਹੈ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ |ਜਿਸ ਦੇ ਰੋਸ ਵਜੋਂ ਜਥੇਬੰਦੀ ਤੁਰੰਤ ਪ੍ਰਭਾਵ ਨਾਲ ਸਵੈਮਿਤਵਾ ਸਕੀਮ (ਲਾਲ ਲਕੀਰ) ਦਾ ਪੂਰਨ ਤੌਰ ਤੇ ਬਾਈਕਾਟ ਕਰਦੀ ਹੈ ਅਤੇ ਸੋਧ ਸੰਬੰਧੀ ਸਬੰਧੀ ਪਟਵਾਰੀਆਂ ਨੂੰ ਹਦਾਇਤ ਕਰਦੀ ਹੈ ਕਿ ਕੋਈ ਵੀ ਪਟਵਾਰੀ ਆਪਣੀ ਆਈਡੀ ਉੱਪਰ ਲੋਗਿਨ ਨਹੀਂ ਕਰੇਗਾ | ਇਸ ਮੌਕੇ ਪਟਵਾਰਖਾਨੇ ਮੁਕੰਮਲ ਤੌਰ ’ਤੇ ਬੰਦ ਰੱਖੇ ਜਾਣਗੇ | ਆਗੂਆਂ ਨੇ ਕਿਹਾ ਕਿ ਡੀ ਏ ਦੀਆਂ ਕਿਸ਼ਤਾਂ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਲਈ ਵੀ ਸਰਕਾਰ ਦਿਲਚਸਪੀ ਨਹੀਂ ਦਿਖਾ ਰਹੀ ਹੈ | ਇਸ ਮੌਕੇ ਯੂਨੀਅਨ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਲੋਧੀ, ਫਗਵਾੜਾ, ਭੁਲੱਥ, ਅਤੇ ਕਪੂਰਥਲਾ ਵਿਚ ਸਮੁੱਚੇ ਪਟਵਾਰੀ ਸਮੂਹਿਕ ਛੁੱਟੀ ਤੇ ਰਹੇ | ਇਸ ਮੌਕੇ ਪਟਵਾਰੀ ਮਨਦੀਪ ਸਿੰਘ ਪਵਾਰ, ਰਮਨਦੀਪ ਸਿੰਘ, ਪਰਤੋਸ਼ ਚੋਪੜਾ, ਗੁਰਦੇਵ ਸਿੰਘ, ਬਾਦਲ ਸਿੰਘ ਕਾਲਾ ਸੰਘਿਆਂ, ਪਟਵਾਰੀ ਸੁਖਵਿੰਦਰ ਰਾਮ, ਲਵਪ੍ਰੀਤ ਸਿੰਘ ਭੱਟੀ, ਮਨਕੀਰਤ ਸਿੰਘ, ਹਰਮਨਪ੍ਰੀਤ ਸਿੰਘ, ਲਵਪ੍ਰੀਤ ਗਿੱਲ, ਪਟਵਾਰੀ ਗੁਰਭੇਜ ਸਿੰਘ ਆਦਿ ਹਾਜ਼ਰ ਸਨ |