ਖਲਵਾੜਾ, 30 ਮਾਰਚ (ਮਨਦੀਪ ਸਿੰਘ ਸੰਧੂ)-ਸਾਂਝਾ ਅਧਿਆਪਕ ਮੋਰਚਾ ਫਗਵਾੜਾ ਦੀ ਅਹਿਮ ਮੀਟਿੰਗ ਗਣੇਸ਼ ਭਗਤ, ਸਤਵੰਤ ਟੂਰਾ ਜਸਬੀਰ ਸੈਣੀ, ਜਸਬੀਰ ਭੰਗੂ, ਦਲਜੀਤ ਸੈਣੀ, ਗੁਰਮੁਖ ਸਿੰਘ, ਸਤਨਾਮ ਸਿੰਘ ਰੰਧਾਵਾ, ਪਰਮਿੰਦਰ ਪਾਲ ਸਿੰਘ ਆਦਿ ਦੀ ਪ੍ਰਧਾਨਗੀ ਹੇਠਾਂ ਹੋਈ | ਇਸ ਮੌਕੇ ਆਗੂਆਂ ਨੇ ਦੱਸਿਆ ਕਿ ਚੋਣ ਕਮਿਸ਼ਨ ਪੰਜਾਬ ਦੀ ਹਦਾਇਤ ਅਨੁਸਾਰ ਸਥਾਨਕ ਐਸ. ਡੀ. ਐਮ. ਦਫ਼ਤਰ ਫਗਵਾੜਾ ਵਲੋਂ ਭਾਖੜੀਆਣਾ ਪਿੰਡ ਵਿਚ ਲਗਾਏ ਬੀ. ਐਲ. ਓ. ਅਵਤਾਰ ਸਿੰਘ ਡਰਾਇੰਗ ਮਾਸਟਰ ਸਰਕਾਰੀ ਮਿਡਲ ਸਕੂਲ ਭਾਖੜੀਆਣਾ ਨਾਲ ਬੀ. ਐਲ. ਓ. ਦੀ ਡਿਊਟੀ ਨਿਭਾਉਂਦੇ ਸਮੇਂ ਕੁਝ ਲੋਕਾਂ ਵਲੋਂ ਸਕੂਲ 'ਚ ਡਿਊਟੀ ਦੌਰਾਨ ਤਕਰਾਰ ਬਾਜ਼ੀ ਕਰਨ ਦੇ ਨਤੀਜੇ ਵਜੋਂ ਮੌਕੇ 'ਤੇ ਹਾਰਟ ਅਟੈਕ ਆਉਣ ਕਾਰਨ ਮੌਤ ਹੋ ਗਈ ਹੈ | ਬੀ. ਐਲ. ਓ. ਅਵਤਾਰ ਸਿੰਘ ਡਰਾਇੰਗ ਮਾਸਟਰ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਆਗੂਆਂ ਨੇ ਮੰਗ ਕੀਤੀ ਕਿ ਚੋਣ ਕਮਿਸ਼ਨ ਤੇ ਪੰਜਾਬ ਸਰਕਾਰ ਮਿ੍ਤਕ ਦੇ ਪਰਿਵਾਰ ਨੂੰ ਤੁਰੰਤ ਇਕ ਕਰੋੜ ਦਾ ਮੁਆਵਜ਼ਾ ਅਤੇ ਇਕ ਯੋਗ ਮੈਂਬਰ ਨੂੰ ਤੁਰੰਤ ਸਰਕਾਰੀ ਨੌਕਰੀ ਦੇਵੇ ਅਤੇ ਮਿ੍ਤਕ ਬੀ. ਐਲ. ਓ. ਦੇ ਪਰਿਵਾਰ ਦਾ ਭਵਿੱਖ ਸੁਰੱਖਿਅਤ ਕਰੇ | ਇਹ ਵੀ ਮੰਗ ਗਈ ਹੈ ਕਿ ਇਸ ਦੁਰਘਟਨਾ ਦੇ ਜ਼ਿੰਮੇਵਾਰ ਅਤੇ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਵਾਲੇ ਅਨਸਰਾਂ ਦੀ ਪਹਿਚਾਣ ਕਰਦੇ ਹੋਏ ਜ਼ਿੰਮੇਵਾਰ ਦੋਸ਼ੀਆਂ ਨੂੰ ਤੁਰੰਤ ਬਣਦੀ ਸਜ਼ਾ ਦਿੱਤੀ ਜਾਵੇ | ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਮੌਜੂਦਾ ਦੌਰ 'ਚ ਚੋਣ ਪ੍ਰਕਿਰਿਆ ਦਾ ਕੰਮ ਸਾਰਾ ਸਾਲ ਹੀ ਲਗਾਤਾਰ ਚੱਲਦਾ ਰਹਿੰਦਾ ਹੈ | ਇਸ ਲਈ ਚੋਣ ਕਮਿਸ਼ਨ ਪੰਜਾਬ/ਚੋਣ ਕਮਿਸ਼ਨ ਭਾਰਤ ਆਪਣੇ ਵੱਖਰੇ ਮੁਲਾਜ਼ਮ ਭਰਤੀ ਕਰੇ ਤਾਂ ਜੋ ਚੋਣ ਕਮਿਸ਼ਨ ਦਾ ਕੰਮ ਬਿਨਾਂ ਕਿਸੇ ਵਿਘਨ ਤੋਂ ਲਗਾਤਾਰ ਚੱਲਦਾ ਰਹਿ ਸਕੇ | ਚੋਣ ਕਮਿਸ਼ਨ ਵਲੋਂ ਆਪਣੇ ਵੱਖਰੇ ਮੁਲਾਜ਼ਮ ਭਰਤੀ ਕਰਨ ਨਾਲ ਪੰਜਾਬ/ਦੇਸ਼ ਭਰ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਵੱਡੇ ਪੱਧਰ 'ਤੇ ਮਿਲਣਗੇ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਵੀ ਚੱਲੇਗਾ | ਆਗੂਆਂ ਨੇ ਚੋਣ ਕਮਿਸ਼ਨ ਤੋਂ ਇਹ ਵੀ ਮੰਗ ਜ਼ੋਰਦਾਰ ਢੰਗ ਨਾਲ ਕੀਤੀ ਕਿ ਜਿੰਨਾ ਸਮਾਂ ਆਪਣੇ ਵੱਖਰੇ ਮੁਲਾਜ਼ਮ ਭਰਤੀ ਕਰਨ ਦੀ ਪ੍ਰਕਿਰਿਆ ਪੂਰੀ ਨਹੀਂ ਹੁੰਦੀ, ਉਦੋਂ ਤੱਕ ਹਾਲਾਤਾਂ ਦੇ ਮੱਦੇਨਜ਼ਰ ਹਰ ਬੀ. ਐਲ. ਓ. ਨੂੰ ਸਿਕਿਓਰਟੀ ਵੀ ਮੁਹੱਈਆ ਕਰਵਾਈ ਜਾਵੇ | ਇਸ ਮੌਕੇ ਸਤਿੰਦਰ ਸਿੰਘ, ਜਤਿੰਦਰ ਸਿੰਘ, ਸੁਰਿੰਦਰ ਰਾਮ, ਗੌਰਵ ਰਾਠੌਰ, ਤੀਰਥ ਸਿੰਘ, ਰਵਿੰਦਰ ਕੁਮਾਰ ਆਦਿ ਅਧਿਆਪਕ ਹਾਜ਼ਰ ਸਨ |