ਕਪੂਰਥਲਾ, 30 ਮਾਰਚ (ਅਮਰਜੀਤ ਕੋਮਲ)-ਖੇਡ ਵਿਭਾਗ ਪੰਜਾਬ ਵਲੋਂ 2026-27 ਲਈ ਸਪੋਰਟਸ ਵਿੰਗ ਸਕੂਲ (ਲੜਕੇ-ਲੜਕੀਆਂ) ਉਮਰ ਵਰਗ 14, 17 ਤੇ 19 'ਚ ਹੋਣਹਾਰ ਡੇ-ਸਕਾਲਰ ਖਿਡਾਰੀਆਂ ਤੇ ਖਿਡਾਰਣਾਂ ਨੂੰ ਦਾਖਲ ਕਰਨ ਲਈ ਜ਼ਿਲ੍ਹਾ ਕਪੂਰਥਲਾ 'ਚ ਵੱਖ-ਵੱਖ ਥਾਵਾਂ 'ਤੇ ਚੋਣ ਟਰਾਇਲ ਕਰਵਾਏ ਜਾ ਰਹੇ ਹਨ | ਇਸ ਸੰਬੰਧੀ ਕੁਲਵਿੰਦਰ ਸਿੰਘ ਜ਼ਿਲ੍ਹਾ ਖੇਡ ਅਫ਼ਸਰ ਕਪੂਰਥਲਾ ਨੇ ਦੱਸਿਆ ਕਿ 4 ਅਪ੍ਰੈਲ ਤੋਂ 6 ਅਪ੍ਰੈਲ ਤੱਕ ਗੁਰੂ ਨਾਨਕ ਸਟੇਡੀਅਮ ਕਪੂਰਥਲਾ 'ਚ ਅਥਲੈਟਿਕਸ, ਬਾਸਕਟਬਾਲ, ਕਬੱਡੀ ਤੇ ਹਾਕੀ ਲਈ ਅਤੇ ਫਗਵਾੜਾ ਦੀ ਆਰ. ਪੀ. ਡੀ. ਓਲੰਪਿਕ ਕੁਸ਼ਤੀ ਅਕੈਡਮੀ ਵਿਚ ਕੁਸ਼ਤੀ ਦੇ ਟਰਾਇਲ ਹੋਣਗੇ | ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਵਿਖੇ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਵਿਖੇ 6 ਅਪ੍ਰੈਲ ਨੂੰ ਕੈਕਿੰਗ ਐਂਡ ਕਨੋਇੰਗ ਦੇ ਟਰਾਇਲ ਕਰਵਾਏ ਜਾਣਗੇ | ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਸ ਸਪੋਰਟਸ ਵਿੰਗਾਂ ਲਈ ਖਿਡਾਰੀਆਂ/ਖਿਡਾਰਨਾ ਦਾ ਜਨਮ ਅੰਡਰ-14 ਲਈ 10 ਜਨਵਰੀ 2013, ਅੰਡਰ-17 ਲਈ 1 ਜਨਵਰੀ 2010 ਤੇ ਅੰਡਰ-19 ਲਈ 1 ਜਨਵਰੀ 2008 ਤੋਂ ਬਾਅਦ ਦਾ ਹੋਣਾ ਚਾਹੀਦਾ ਹੈ ਤੇ ਖਿਡਾਰੀ ਸਰੀਰਕ ਤੇ ਮੈਡੀਕਲ ਤੌਰ 'ਤੇ ਫਿਟ ਹੋਏ | ਉਨ੍ਹਾਂ ਕਿਹਾ ਕਿ ਜਿਹੜੇ ਖਿਡਾਰੀ ਜ਼ਿਲ੍ਹਾ ਪੱਧਰੀ ਮੁਕਾਬਲੇ ਵਿਚ ਪਹਿਲੇ ਤਿੰਨ ਸਥਾਨਾਂ 'ਚੋਂ ਕੋਈ ਇਕ ਸਥਾਨ ਹਾਸਲ ਹੋਏ ਜਾਂ ਉਹ ਸਟੇਟ ਪੱਧਰੀ ਮੁਕਾਬਲਿਆਂ ਵਿਚ ਭਾਗ ਲੈ ਚੁੱਕੇ ਹੋਣ | ਇਸ ਤੋਂ ਇਲਾਵਾ ਟਰਾਇਲ ਦੇ ਆਧਾਰ 'ਤੇ ਨਵੇਂ ਖਿਡਾਰੀਆਂ ਦੇ ਨਾਂਅ ਵੀ ਵਿਚਾਰੇ ਜਾ ਸਕਦੇ ਹਨ | ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਚੁਣੇ ਗਏ ਡੇ-ਸ਼ਕਾਲਰ ਖਿਡਾਰੀਆਂ ਨੂੰ 125 ਰੁਪਏ ਪ੍ਰਤੀ ਦਿਨ ਪ੍ਰਤੀ ਦਰ ਨਾਲ ਖ਼ੁਰਾਕ/ਰਿਫਰੈਸ਼ਮੈਂਟ, ਖੇਡਾਂ ਦਾ ਸਾਮਾਨ ਤੇ ਕੋਚਿੰਗ ਦਿੱਤੀ ਜਾਵੇਗੀ | ਉਨ੍ਹਾਂ ਯੋਗ ਖਿਡਾਰੀਆਂ ਨੂੰ ਕਿਹਾ ਕਿ ਉਹ ਇਨ੍ਹਾਂ ਮਿਤੀਆਂ ਅਨੁਸਾਰ ਸੰਬੰਧਿਤ ਟਰਾਇਲ ਵਾਲੇ ਸਥਾਨਾਂ 'ਤੇ ਸਵੇਰੇ 8 ਵਜੇ ਪਹੁੰਚ ਕੇ ਆਪਣੀ ਰਜਿਸਟ੍ਰੇਸ਼ਨ ਲਈ ਰਿਪੋਰਟ ਕਰਨ | ਉਨ੍ਹਾਂ ਕਿਹਾ ਕਿ ਦਾਖਲਾ ਫਾਰਮ ਨਿਰਧਾਰਿਤ ਮਿਤੀ ਨੂੰ ਟਰਾਇਲ ਵਾਲੇ ਸਥਾਨ 'ਤੇ ਜਾਂ ਇਸ ਤੋਂ ਪਹਿਲਾਂ ਜ਼ਿਲ੍ਹਾ ਖੇਡ ਅਫ਼ਸਰ ਦਫ਼ਤਰ ਤੋਂ ਮੁਫ਼ਤ ਲਏ ਜਾ ਸਕਦੇ ਹਨ | ਉਨ੍ਹਾਂ ਖਿਡਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਟਰਾਇਲ ਵਿਚ ਭਾਗ ਲੈਣ ਮੌਕੇ ਆਪਣੇ ਜਨਮ, ਆਧਾਰ ਕਾਰਡ ਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਲਿਆਉਣਾ ਯਕੀਨੀ ਬਣਾਉਣ |