ਕਪੂਰਥਲਾ, 30 ਮਾਰਚ (ਅਮਰਜੀਤ ਕੋਮਲ)-ਸਾਹਿਤਕ ਸੰਸਥਾ ਅਦਬੀ ਸ਼ਾਮ ਵਲੋਂ ਸੰਸਥਾ ਦੇ ਸਰਪ੍ਰਸਤ ਇੰਜ. ਖਜ਼ਾਨ ਸਿੰਘ ਦਾ ਤੀਜਾ ਕਾਵਿ ਸੰਗ੍ਰਹਿ 'ਅਨੁਭਵ ਦੇ ਪਰਿੰਦੇ' ਲੋਕ ਅਰਪਣ ਕਰਨ ਸੰਬੰਧੀ ਸਥਾਨਕ ਇਕ ਹੋਟਲ ਵਿਚ ਸਮਾਗਮ ਕਰਵਾਇਆ, ਜਿਸ 'ਚ ਜਸਪ੍ਰੀਤ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਤੇ ਸਮਾਗਮ ਦੀ ਪ੍ਰਧਾਨਗੀ ਡਾ. ਭਜਨ ਸਿੰਘ ਨੇ ਕੀਤੀ | ਸੰਸਥਾ ਦੀ ਜਨਰਲ ਸਕੱਤਰ ਨਰਿੰਦਰ ਨੀਤ ਨੇ ਕਾਵਿ ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਇੰਜ. ਖਜ਼ਾਨ ਸਿੰਘ ਨੂੰ ਮੁਬਾਰਕਬਾਦ ਦਿੱਤੀ | ਇਸ ਮੌਕੇ ਡਾ. ਹਰਭਜਨ ਸਿੰਘ ਨੇ ਕਿਹਾ ਕਿ ਇੰਜ ਖ਼ਜਾਨ ਸਿੰਘ ਭਾਵੇਂ ਆਪਣੇ ਸੇਵਾ ਕਾਲ ਦੌਰਾਨ ਇੰਜ. ਦੇ ਖੇਤਰ ਨਾਲ ਜੁੜੇ ਰਹੇ ਹਨ, ਪਰ ਉਨ੍ਹਾਂ ਦੇ ਮਨ ਅੰਦਰ ਇਕ ਸੰਜੀਦਾ ਸ਼ਾਇਰ ਹਮੇਸ਼ਾ ਜਿਉਂਦਾ ਰਿਹਾ ਹੈ | ਉਨ੍ਹਾਂ ਪੁਸਤਕ 'ਚੋਂ ਕੁਝ ਚੋਣਵੀਆਂ ਕਵਿਤਾਵਾਂ ਤੇ ਗ਼ਜ਼ਲਾਂ ਦਾ ਹਵਾਲਾ ਦੇ ਕੇ ਪੁਸਤਕ ਵਿਚਲੀ ਸ਼ਾਇਰੀ ਬਾਰੇ ਜਾਣਕਾਰੀ ਦਿੱਤੀ | ਸੰਸਥਾ ਦੇ ਪ੍ਰਧਾਨ ਸਹਿਬਾਜ਼ ਖ਼ਾਨ ਨੇ ਪੁਸਤਕ, ਸ਼ਾਇਰ ਤੇ ਇਸ ਦੇ ਵਿਚਲੀ ਸ਼ਾਇਰੀ ਬਾਰੇ ਪਰਚਾ ਪੜਿ੍ਹਆ | ਉਨ੍ਹਾਂ ਕਿਹਾ ਕਿ ਇੰਜ. ਖਜ਼ਾਨ ਸਿੰਘ ਦੀ ਸ਼ਾਇਰੀ 'ਚ ਹਰ ਰੰਗ ਮੌਜੂਦ ਹੈ, ਚਾਹੇ ਉਹ ਵਿਯੋਗ ਹੈ, ਪ੍ਰਮਾਤਮਾ ਹੈ ਜਾਂ ਕੁਦਰਤ ਉਨ੍ਹਾਂ ਕਿਹਾ ਕਿ ਇੰਜ. ਖਜ਼ਾਨ ਸਿੰਘ ਦੀ ਸ਼ਾਇਰੀ ਜ਼ਿੰਦਗੀ ਦੀਆਂ ਨਿੱਕੀਆਂ-ਨਿੱਕੀਆਂ ਘਟਨਾਵਾਂ 'ਚੋਂ ਉਪਜੀ ਹੈ ਤੇ ਉਨ੍ਹਾਂ ਨੇ ਆਪਣੀਆਂ ਰਚਨਾਵਾਂ ਦਾ ਥੀਮ ਬਹੁਤ ਹੀ ਸਰਲ ਤੇ ਹਕੀਕਤ ਦੇ ਨੇੜੇ ਤੇੜੇ ਰੱਖਣ ਦੀ ਕੋਸ਼ਿਸ਼ ਕੀਤੀ ਹੈ | ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਜਸਪ੍ਰੀਤ ਕੌਰ ਨੇ ਕਿਹਾ ਕਿ ਬੇਸ਼ੱਕ ਸ਼ਾਇਰੀ ਪ੍ਰਮਾਤਮਾ ਦੀ ਅਦੁੱਤੀ ਬਖ਼ਸ਼ਿਸ਼ ਹੈ, ਪਰ ਇੰਜ. ਖਜ਼ਾਨ ਸਿੰਘ ਨੇ ਇਹ ਕਾਰਜ ਆਪਣੀ ਪੁਸਤਕ ਜ਼ਰੀਏ ਬਾਖੂਬੀ ਨਾਲ ਨਿਭਾਇਆ ਹੈ | ਇਸ ਮੌਕੇ ਸਮੁੱਚੇ ਪ੍ਰਧਾਨਗੀ ਮੰਡਲ ਤੇ ਮੁੱਖ ਮਹਿਮਾਨ ਨੇ 'ਅਨੁਭਵ ਦੇ ਪਰਿੰਦੇ' ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ | ਸਮਾਗਮ 'ਚ ਪਰਮਜੀਤ ਸਿੰਘ ਡਾਇਰੈਕਟਰ ਆਕਸ਼ਵਾਣੀ ਜਲੰਧਰ, ਸਮਾਜ ਸੇਵੀ ਤੇ ਉੱਘੀ ਸ਼ਾਇਰਾ ਪ੍ਰੋਮਿਲਾ ਅਰੋੜਾ, ਰਵਿੰਦਰ ਕੌਰ ਸੇਵਾ ਮੁਕਤ ਬੈਂਕ ਮੈਨੇਜਰ, ਉਪਕਾਰ ਕੌਰ, ਰਘੂਬੀਰ ਕੌਰ, ਮੁਨੱਜ਼ਾ ਇਰਸ਼ਾਦ, ਅਵਤਾਰ ਸਿੰਘ ਭੰਡਾਲ, ਮੋਹਨ ਸਿੰਘ ਮੋਤੀ, ਪਰਗਣ ਸਿੰਘ ਧਾਲੀਵਾਲ, ਅਵਤਾਰ ਸਿੰਘ, ਜਸਜੀਤ ਕੌਰ ਅਤੇ ਸਹਿਜਪਾਲ ਸਿੰਘ ਆਦਿ ਹਾਜ਼ਰ ਸਨ |