ਤਲਵੰਡੀ ਚੌਧਰੀਆਂ, 30 ਮਾਰਚ (ਪਰਸਨ ਲਾਲ ਭੋਲਾ)-ਬੇਬੇ ਨਾਨਕੀ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦੇ ਦੂਜੇ ਦਿਨ ਸੰਤ ਬਾਬਾ ਜੱਗਾ ਸਿੰਘ ਗੁਰਦੁਆਰਾ ਅੰਤਰਯਾਮਤਾ ਸੁਲਤਾਨਪੁਰ ਲੋਧੀ ਵਾਲਿਆਂ ਦੀ ਦੇਖ-ਰੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸ਼ਾਨਦਾਰ ਨਗਰ ਕੀਰਤਨ ਦੀ ਆਰੰਭਤਾ ਬੇਬੇ ਨਾਨਕੀ ਗੁਰਦੁਆਰਾ ਸ੍ਰੀ ਖੂਹ ਸਾਹਿਬ ਤਲਵੰਡੀ ਚੌਧਰੀਆਂ ਤੋਂ ਅਰਦਾਸ ਕਰਨਾ ਉਪਰੰਤ ਜੈਕਾਰਿਆਂ ਦੀ ਗੂੰਜ ਵਿਚ ਹੋਈ | ਨਗਰ ਕੀਰਤਨ ਗੁਰਦੁਆਰਾ ਤਿ੍ਪਤਾ ਜੀ, ਮਹੱਲਾ ਲਾਹੋਰੀਆ, ਮਹੱਲਾ ਮੈਰੀਪੁਰੀਆ, ਮੁਹੱਲਾ ਗੁਰੂ ਗੋਬਿੰਦ ਸਿੰਘ, ਰੱਬ ਰੱਬ ਚੌਕ, ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ, ਡਾ. ਭੀਮ ਰਾਓ ਅੰਬੇਡਕਰ ਚੌਕ, ਗੁਰਦੁਆਰਾ ਗੁਰੂ ਗੋਬਿੰਦ ਸਿੰਘ ਤੋਂ ਹੁੰਦਾ ਹੋਇਆ ਭੱਟੀ ਚੌਕ, ਸਦਰ ਬਾਜ਼ਾਰ, ਮਹੱਲਾ ਸਵਾਮੀਆਂ, ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ, ਬੱਸ ਸਟੈਂਡ ਸ਼ਹੀਦ ਊਧਮ ਸਿੰਘ ਚੌਕ, ਸ਼ਹੀਦ ਭਗਤ ਸਿੰਘ ਚੌਕ ਤੋਂ ਗੁਰਦੁਆਰਾ ਬੇਬੇ ਨਾਨਕੀ ਵਿਖੇ ਸਮਾਪਤ ਹੋਇਆ | ਵੱਖ-ਵੱਖ ਚੌਕਾਂ ਤੇ ਮੁਹੱਲਿਆਂ ਵਿਚ ਪਾਲਕੀ ਸਾਹਿਬ ਵਿਚ ਸਜਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ | ਉਥੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਫਲਾਂ, ਪਕੌੜਿਆਂ, ਗੰਨੇ ਦੇ ਰਸ ਤੇ ਪਾਣੀ ਦੇ ਲੰਗਰ ਲਗਾਏ ਗਏ | ਨਗਰ ਕੀਰਤਨ ਦੀ ਆਰੰਭਤਾ ਮੌਕੇ ਸੰਤ ਬਾਬਾ ਜੱਗਾ ਸਿੰਘ, ਸਰਪੰਚ ਬਲਵਿੰਦਰ ਸਿੰਘ ਲੱਡੂ, ਉਂਕਾਰ ਸਿੰਘ ਜੋਸਨ ਪ੍ਰਧਾਨ ਗੁਰਦੁਆਰਾ ਬੇਬੇ ਨਾਨਕੀ ਸ੍ਰੀ ਖੂਹ ਸਾਹਿਬ ਰਜਿਸਟਰਡ, ਸੰਤੋਖ ਸਿੰਘ ਸਾਬਕਾ ਇੰਸਪੈਕਟਰ, ਨਿਰਭੈ ਸਿੰਘ ਜੋਸਨ, ਬਚਨ ਸਿੰਘ ਓਠੀ, ਸੁਰਜੀਤ ਸਿੰਘ, ਗੱਜਣ ਸਿੰਘ, ਮੇਜਰ ਸਿੰਘ, ਹਰਚੰਦ ਸਿੰਘ ਭਾਰਜ, ਤਰਸੇਮ ਸਿੰਘ ਮੋਮੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |