ਫਗਵਾੜਾ, 26 ਮਾਰਚ (ਅਸ਼ੋਕ ਕੁਮਾਰ ਵਾਲੀਆ)-ਅੱਧੀ ਦਰਜਨ ਤੋਂ ਵੱਧ ਸਿੱਖ ਜਥੇਬੰਦੀਆਂ ਦੇ ਆਗੂਆਂ ਦੀ ਇਕ ਹੰਗਾਮੀ ਮੀਟਿੰਗ ਫਗਵਾੜਾ ਦੇ ਰੈਸਟ ਹਾਊਸ ਵਿਖੇ ਹੋਈ | ਇਸ ਦੌਰਾਨ ਫਗਵਾੜਾ ਦੇ ਪੇਪਰ ਚੌਕ (ਗੋਲ ਚੌਕ) ਦੇ ਨਾਮਕਰਨ ਨੂੰ ਲੈ ਕੇ ਪਿਛਲੇ ਕਾਫ਼ੀ ਸਮੇਂ ਤੋਂ ਦੋ ਧਿਰਾਂ ਵਿਚਕਾਰ ਚੱਲ ਰਹੇ ਵਿਵਾਦ ਦਾ ਜ਼ਿਕਰ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਫਗਵਾੜਾ ਦੀ ਧਰਤੀ ਮੀਰੀ ਪੀਰੀ ਦੇ ਮਾਲਕ ਛੇਵੀਂ ਪਾਤਿਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਹੈ, ਜਿਸ ਕਰਕੇ ਸਾਰੀ ਦੁਨੀਆ 'ਚ ਫਗਵਾੜਾ ਦੀ ਵੱਖਰੀ ਪਹਿਚਾਣ ਹੈ ਪਰ ਦੁੱਖ ਦੀ ਗੱਲ ਹੈ ਕਿ ਸ਼ਹਿਰ ਵਿਚ ਕੋਈ ਵੀ ਚੌਕ ਜਾਂ ਮਾਰਗ ਛੇਵੀਂ ਪਾਤਿਸ਼ਾਹੀ ਦੇ ਨਾਂਅ 'ਤੇ ਨਹੀਂ ਹੈ ਜਦਕਿ ਗੋਲ ਚੌਕ ਤੋਂ ਬੰਗਾ ਵਾਲੀ ਸੜਕ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਚੌੜਾ ਖੂਹ ਅਤੇ ਗੁਰਦੁਆਰਾ ਸੁਖਚੈਨਆਣਾ ਸਾਹਿਬ ਨੂੰ ਜੋੜਦੀ ਹੈ ਜਿਥੋਂ ਰੋਜ਼ਾਨਾ ਵੱਡੀ ਗਿਣਤੀ ਵਿਚ ਸ਼ਰਧਾਲੂ ਇਨ੍ਹਾਂ ਗੁਰੂ ਘਰਾਂ ਦੇ ਦਰਸ਼ਨਾਂ ਲਈ ਜਾਂਦੇ ਹਨ | ਉਨ੍ਹਾਂ ਨਗਰ ਨਿਗਮ ਫਗਵਾੜਾ ਦੇ ਸੀਨੀਅਰ ਅਧਿਕਾਰੀਆਂ ਤੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਜਲਦੀ ਮਤਾ ਪਾ ਕੇ ਗੋਲ ਚੌਕ ਅਤੇ ਮੇਹਲੀ ਬਾਈਪਾਸ ਤੱਕ ਬੰਗਾ ਰੋਡ ਦਾ ਨਾਂਅ ਮੀਰੀ-ਪੀਰੀ ਮਾਰਗ ਰੱਖਿਆ ਜਾਵੇ | ਆਗੂਆਂ ਨੇ ਕਿਹਾ ਕਿ ਜਲਦੀ ਹੀ ਅਗਲੀ ਮੀਟਿੰਗ ਬੁਲਾਈ ਜਾਵੇਗੀ ਅਤੇ ਪੰਜਾਬ ਸਰਕਾਰ ਦੇ ਨਾਂਅ ਇਕ ਮੰਗ ਪੱਤਰ ਵੀ ਪ੍ਰਸ਼ਾਸਨ ਨੂੰ ਦਿੱਤਾ ਜਾਵੇਗਾ | ਇਸ ਮੌਕੇ ਅਕਾਲ ਸਟੂਡੈਂਟਸ ਫੈਡਰੇਸ਼ਨ ਫਗਵਾੜਾ, ਸ਼੍ਰੋਮਣੀ ਪੰਥ ਅਕਾਲੀ ਬਾਬਾ ਬੁੱਢਾ ਦਲ ਫਗਵਾੜਾ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫਗਵਾੜਾ, ਭਾਈ ਲਾਲੋ ਜੀ ਸੇਵਾ ਸੁਸਾਇਟੀ ਫਗਵਾੜਾ, ਗੁਰੂ ਰਾਮਦਾਸ ਸੇਵਾ ਸੁਸਾਇਟੀ ਫਗਵਾੜਾ, ਭਾਰਤੀ ਕਿਸਾਨ ਯੂਨੀਅਨ (ਦੋਆਬਾ) ਅਤੇ ਇਕਸ ਇੰਟਰਨੈਸ਼ਨਲ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ |