ਸੁਲਤਾਨਪੁਰ ਲੋਧੀ, 26 ਮਾਰਚ (ਥਿੰਦ)-ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਸੁਲਤਾਨਪੁਰ ਲੋਧੀ ਦੀ ਹੰਗਾਮੀ ਮੀਟਿੰਗ ਬਲਾਕ ਪ੍ਰਧਾਨ ਸਤਵਿੰਦਰ ਸਿੰਘ ਸੱਤਾ ਸਾਬੂਵਾਲ ਦੀ ਅਗਵਾਈ ਹੇਠਾਂ ਤਹਿਸੀਲ ਕੰਪਲੈਕਸ ਸੁਲਤਾਨਪੁਰ ਲੋਧੀ ਵਿਖੇ ਹੋਈ | ਇਸ ਮੌਕੇ ਨੰਬਰਦਾਰਾਂ ਦੀਆਂ ਚਿਰਾਂ ਤੋਂ ਲਟਕ ਰਹੀਆਂ ਹੱਕੀ ਮੰਗਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਯੂਨੀਅਨ ਨੇ ਫ਼ੈਸਲਾ ਕੀਤਾ ਕਿ ਜੇ ਸਰਕਾਰ ਨੇ ਉਨ੍ਹਾਂ ਮੰਗਾਂ ਨੂੰ ਜਲਦ ਨਾ ਮੰਨਿਆ ਤਾਂ ਉਹ ਪ੍ਰਸ਼ਾਸਨ ਦਾ ਬਾਈਕਾਟ ਕਰਨਗੇ | ਉਪਰੰਤ ਨੰਬਰਦਾਰ ਯੂਨੀਅਨ ਵਲੋਂ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਨਵ ਨਿਯੁਕਤ ਐਸ. ਡੀ. ਐਮ. ਅਮਨਪਾਲ ਸਿੰਘ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਤੇ ਯੂਨੀਅਨ ਵਲੋਂ ਮੰਗ ਪੱਤਰ ਐਸ. ਡੀ. ਐਮ. ਨੂੰ ਸੌਂਪਿਆ ਗਿਆ | ਇਸ ਸਮੇਂ ਪ੍ਰਧਾਨ ਸਤਵਿੰਦਰ ਸਿੰਘ ਸੱਤਾ ਸਾਬੂਵਾਲ, ਜਨਰਲ ਸਕੱਤਰ ਲਹਿੰਬਰ ਸਿੰਘ ਸਰਾਏ ਜੱਟਾਂ, ਜੋਗਿੰਦਰ ਰਾਮ ਨਸੀਰਪੁਰ ਮੁੱਖ ਸਲਾਹਕਾਰ, ਓਮ ਪ੍ਰਕਾਸ਼ ਤਲਵੰਡੀ ਚੌਧਰੀਆਂ, ਸ਼ਿੰਦਰਪਾਲ ਹੁਸੈਨਪੁਰ ਦੂਲੋਵਾਲ, ਜਗਜੀਤ ਸਿੰਘ ਅਲਾਦਾਦ ਚੱਕ ਸੀਨੀਅਰ ਮੀਤ ਪ੍ਰਧਾਨ, ਸਰਬਜੀਤ ਸਿੰਘ ਕਾਲੇਵਾਲ ਪੈੱ੍ਰਸ ਸਕੱਤਰ, ਜਸਵੰਤ ਸਿੰਘ ਸੇਚਾਂ, ਸੁਖਵਿੰਦਰ ਸਿੰਘ ਨੱਥੂਪੁਰ, ਸ਼ਹਿਰੀ ਪ੍ਰਧਾਨ ਕਸ਼ਮੀਰ ਸਿੰਘ ਸੁਲਤਾਨਪੁਰ ਲੋਧੀ, ਮਲਕੀਤ ਸਿੰਘ ਡਡਵਿੰਡੀ, ਨਵਦੀਪ ਸਿੰਘ ਦੀਪੇਵਾਲ, ਜੱਗਾ ਸਿੰਘ ਸ਼ੇਖਮਾਂਗਾ, ਜੋਗਿੰਦਰ ਸਿੰਘ ਦੰਦੂਪੁਰ, ਭਜਨ ਸਿੰਘ ਦੰਦੂਪੁਰ, ਬਲਵੰਤ ਸਿੰਘ ਦੰਦੂਪੁਰ ਆਦਿ ਨੇ ਕਿਹਾ ਕਿ ਤਹਿਸੀਲ ਕੰਪਲੈਕਸ ਸੁਲਤਾਨਪੁਰ ਲੋਧੀ ਵਿਖੇ ਤਹਿਸੀਲ ਦਫ਼ਤਰ ਦੀ ਜੋ ਨਵੀਂ ਬਿਲਡਿੰਗ ਬਣੀ ਹੈ, ਉਸ 'ਚ ਲੋਕਾਂ ਦੇ ਕੰਮਕਾਜ ਲਈ ਆਏ ਨੰਬਰਦਾਰਾਂ ਦੇ ਬੈਠਣ ਲਈ 1 ਕਮਰਾ ਨੰਬਰਦਾਰ ਯੂਨੀਅਨ ਨੂੰ ਅਲਾਟ ਕੀਤਾ ਜਾਵੇ | ਇਸ ਤੋਂ ਇਲਾਵਾ ਐਸ. ਡੀ. ਐਮ. ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨੰਬਰਦਾਰਾਂ ਦਾ ਮਾਣ ਭੱਤਾ ਵਧਾ ਕੇ 3500 ਰੁਪਏ ਕੀਤਾ ਜਾਵੇ | ਜੱਦੀ ਪੁਸ਼ਤੀ ਨੰਬਰਦਾਰੀ ਦਾ ਨੋਟੀਫ਼ਿਕੇਸ਼ਨ ਸਰਕਾਰ ਵਲੋਂ ਕੀਤਾ ਜਾਵੇ | ਨੰਬਰਦਾਰਾਂ ਦਾ ਟੋਲ ਟੈਕਸ ਫ਼੍ਰੀ ਕੀਤਾ ਜਾਵੇ | ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ ਜਲਦ ਹੀ ਅਗਲੀ ਮੀਟਿੰਗ ਕਰਨ ਤੋਂ ਬਾਅਦ ਸੰਘਰਸ਼ ਉਲੀਕਿਆ ਜਾਵੇਗਾ |