ਫਗਵਾੜਾ, 26 ਮਾਰਚ (ਅਸ਼ੋਕ ਕੁਮਾਰ ਵਾਲੀਆ)-ਐਨ. ਆਰ. ਆਈ. ਸੱਲ੍ਹ ਪਰਿਵਾਰ (ਸਰੀ ਕੈਨੇਡਾ) ਵਲੋਂ ਪਿੰਡ ਪਲਾਹੀ ਵਿਖੇ ਲਗਾਏ ਗਏ ਅੱਖਾਂ ਦੇ ਫ਼੍ਰੀ ਕੈਂਪ ਦੌਰਾਨ ਚੁਣੇ ਗਏ 58 ਮਰੀਜ਼ਾਂ ਦੀਆਂ ਅੱਖਾਂ ਦੇ ਫ਼੍ਰੀ ਆਪ੍ਰੇਸ਼ਨ ਡਾ. ਰਾਜਨ ਆਈ ਕੇਅਰ ਹਸਪਤਾਲ ਗੁਰੂ ਹਰਿਗੋਬਿੰਦ ਨਗਰ ਫਗਵਾੜਾ ਵਿਖੇ ਕੀਤੇ ਗਏ | ਇਸ ਦੌਰਾਨ ਹਸਪਤਾਲ ਦੇ ਐਮ. ਡੀ. ਤੇ ਅੱਖਾਂ ਦੇ ਮਾਹਿਰ ਡਾ. ਐਸ. ਰਾਜਨ ਨੇ ਦੱਸਿਆ ਕਿ ਉਕਤ ਕੈਂਪ ਦੌਰਾਨ 530 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਸੀ ਅਤੇ 380 ਲੋੜਵੰਦਾਂ ਨੂੰ ਲੋੜ ਅਨੁਸਾਰ ਦਵਾਈਆਂ ਜਦਕਿ 320 ਮਰੀਜ਼ਾਂ ਨੂੰ ਨਜ਼ਰ ਦੀਆਂ ਐਨਕਾਂ ਫ਼੍ਰੀ ਪ੍ਰਦਾਨ ਕੀਤੀਆਂ ਗਈਆਂ | ਆਪ੍ਰੇਸ਼ਨ ਲਈ 58 ਮਰੀਜ਼ ਚੁਣੇ ਗਏ ਸਨ, ਜਿਨ੍ਹਾਂ ਦੀਆਂ ਅੱਖਾਂ 'ਚ ਆਪ੍ਰੇਸ਼ਨ ਰਾਹੀਂ ਫੋਲਡੇਬਲ ਲੈਂਜ ਪਾ ਕੇ ਨਵੀਂ ਰੌਸ਼ਨੀ ਦਿੱਤੀ ਗਈ ਹੈ | ਉਨ੍ਹਾਂ ਨੇ ਦੱਸਿਆ ਕਿ ਸਰਜਰੀ ਵਾਲੇ ਮਰੀਜ਼ਾਂ ਨੂੰ ਸੁਰੱਖਿਆ ਲਈ ਮੁਫ਼ਤ ਐਨਕਾਂ ਤੇ ਦਵਾਈਆਂ ਵੀ ਦਿੱਤੀਆਂ ਗਈਆਂ ਹਨ | ਇਸ ਮੌਕੇ ਗੁਰਮੀਤ ਸਿੰਘ ਪਲਾਹੀ ਨੇ ਦੱਸਿਆ ਕਿ ਐਨ. ਆਰ. ਆਈ. ਸੱਲ੍ਹ ਪਰਿਵਾਰ ਵਲੋਂ ਪਾਇਆ ਜਾ ਰਿਹਾ ਯੋਗਦਾਨ ਲੋੜਵੰਦਾਂ ਲਈ ਬਹੁਤ ਹੀ ਲਾਹੇਵੰਦ ਹੈ | ਕੈਂਪ ਦੇ ਪ੍ਰਬੰਧਕ ਸੁਖਵਿੰਦਰ ਸਿੰਘ ਸੱਲ੍ਹ ਨੇ ਡਾ. ਐਸ. ਰਾਜਨ ਤੇ ਉਨ੍ਹਾਂ ਦੀ ਪੂਰੀ ਟੀਮ ਦਾ ਸਹਿਯੋਗ ਲਈ ਧੰਨਵਾਦ ਕੀਤਾ | ਇਸ ਮੌਕੇ ਸੱਲ੍ਹ ਪਰਿਵਾਰ ਦੇ ਮੈਂਬਰ, ਪਿੰਡ ਪਲਾਹੀ ਦੇ ਪਤਵੰਤੇ ਤੇ ਹਸਪਤਾਲ ਦੇ ਸਟਾਫ਼ ਮੈਂਬਰ ਹਾਜ਼ਰ ਸਨ |