ਮਲੋਟ, 27 ਅਗਸਤ (ਪਾਟਿਲ)-ਡੀ.ਏ.ਵੀ. ਕਾਲਜ ਮਲੋਟ ਵਿਖੇ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰਾਂ ਵਲੋਂ ‘ਖੇਲੋ ਇੰਡੀਆ ਸੰਵਾਦ ਲਾਈਵ ਟੈਲੀਕਾਸਟ– ਖੇਡ ਦੀ ਗੱਲ ਪੀ.ਐੱਮ. ਦੇ ਨਾਲ’ ਪ੍ਰੋਗਰਾਮ ਕਰਵਾਇਆ ਗਿਆ। ਇਹ ਡੀ.ਏ.ਵੀ. ਕਾਲਜ ਮਲੋਟ ਲਈ ਬੜੇ ਮਾਣ ਦੀ ਗੱਲ ਹੈ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਖੇਲੋ ਇੰਡੀਆ ਸੰਵਾਦ ਲਈ ਇਸ ਕਾਲਜ ਨੂੰ ਇਕਲੌਤੀ ਸੰਸਥਾ ਵਜੋਂ ਚੁਣਿਆ ਗਿਆ। ਇਸ ਪ੍ਰੋਗਰਾਮ ਵਿਚ ਜ਼ਿਲ੍ਹਾ ਯੁਵਾ ਅਫ਼ਸਰ ਤਨਵੀ ਅਗਰਵਾਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਹਰਪ੍ਰੀਤ ਸਿੰਘ ਸੰਧੂ ਡੀ.ਏ.ਵੀ.ਕਾਲਜ ਮਲੋਟ ਦੇ ਰਾਸ਼ਟਰੀ ਪੱਧਰ ਦੇ ਨਿਸ਼ਾਨੇਬਾਜ਼ ਅਤੇ ਸਮਰੀਤ ਕੌਰ ਸਾਈ ਐੱਸ.ਟੀ.ਸੀ. ਬਾਦਲ ਦੀ ਐਥਲੀਟ ਦੋਵਾਂ ਯੂਥ ਆਈਕਨਾਂ ਨੇ ਵਿਦਿਆਰਥੀਆਂ ਨਾਲ ਆਪਣੇ ਖੇਡ ਸਫ਼ਰ, ਅਨੁਸ਼ਾਸਨ ਤੇ ਸੰਘਰਸ਼ ਦੇ ਤਜ਼ਰਬੇ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਖੇਡਾਂ ਨੂੰ ਕੈਰੀਅਰ ਵਜੋਂ ਅਪਣਾਉਣ ਦੇ ਨਾਲ-ਨਾਲ ਤੰਦਰੁਸਤ ਜੀਵਨਸ਼ੈਲੀ ਲਈ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਯੁਵਾ ਸੰਵਾਦ ਦੌਰਾਨ ਸਰੀਰਕ ਸਿੱਖਿਆ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਅਮਨਪ੍ਰੀਤ ਕੌਰ ਤੇ ਵਿਦਿਆਰਥੀਆਂ ਵਿਚਕਾਰ ਮੁੱਖ ਵਿਸ਼ਿਆਂ ’ਤੇ ਵਿਹਾਰਕ ਵਿਚਾਰ ਸਾਂਝੇ ਕੀਤੇ ਗਏ। ਪ੍ਰਿੰਸੀਪਲ ਨੇ ਦੋਵਾਂ ਯੂਥ ਆਈਕਨਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਆਪਣੇ ਕਾਲਜ ਦੇ ਵਿਦਿਆਰਥੀ ਹਰਪ੍ਰੀਤ ਸਿੰਘ ਸੰਧੂ ’ਤੇ ਮਾਣ ਹੈ, ਜਿਸ ਨੇ ਰਾਸ਼ਟਰੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਰਾਸ਼ਟਰ ਨਿਰਮਾਣ ਵਿਚ ਅਹਿਮ ਹਨ ਅਤੇ ਖੇਡਾਂ ਨੌਜਵਾਨਾਂ ਦੇ ਸਰਬਪੱਖੀ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਰਿੰਪੂ ਭਠੇਜਾ ਅਤੇ ਪ੍ਰੋ. ਵਿੱਕੀ ਕਾਲੜਾ ਨੇ ਸਮੁੱਚੇ ਸਮਾਗਮ ਦਾ ਸਫ਼ਲਤਾਪੂਰਵਕ ਨਿਰੀਖਣ ਕੀਤਾ।