ਗਿੱਦੜਬਾਹਾ, 31 ਮਾਰਚ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਵਿਖੇ ਅੱਜ ਲਾਲਪਰੀ ਲੈਣ ਲਈ ਪਿਆਕੜਾਂ ਦੀਆਂ ਠੇਕਿਆ ਅੱਗੇ ਭੀੜਾਂ ਲੱਗੀਆਂ ਰਹੀਆਂ | ਜਿਸ ਨਾਲ ਲੋੜੀਂਦੀ ਕਿਮਦਾਰ ਤੋਂ ਵੱਧ ਸ਼ਰ੍ਹੇਆਮ ਲਿਜਾ ਰਹੇ ਪਿਆਕੜਾਂ ਨੂੰ ਕੋਈ ਪੁਛਣ ਵਾਲਾ ਨਹੀ ਸੀ ਤੇ ਉਹ ਬੇਖ਼ੌਫ਼ ਸ਼ਰਾਬ ਦੇ ਡੱਬੇ ਖਰੀਦਦੇ ਰਹੇ | ਜ਼ਿਕਰਯੋਗ ਹੈ ਕਿ ਹਰ ਸਾਲ 31 ਮਾਰਚ ਤੱਕ ਪੁਰਾਣੇ ਸ਼ਰਾਬ ਦੇ ਠੇਕੇਦਾਰਾਂ ਦੀ ਮਿਆਦ ਖ਼ਤਮ ਸਮਝੀ ਜਾਂਦੀ ਹੈ ਤੇ ਇਕ ਅਪ੍ਰੈਲ ਤੋਂ ਨਵੇਂ ਕਾਰੋਬਾਰੀਆਂ ਵਲੋਂ ਠੇਕਿਆਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ | ਜਿਸ ਕਰਕੇ ਅਕਸਰ ਹਰ ਸਾਲ ਦੇਖਿਆ ਜਾਂਦਾ ਹੈ ਕਿ ਠੇਕੇਦਾਰ 31 ਮਾਰਚ ਨੂੰ ਇਕ ਬੋਤਲ ਸ਼ਰਾਬ ਦੇ ਖਰੀਦਦਾਰ ਡੱਬਿਆਂ ਤੱਕ ਖਰੀਦਦਾਰੀ ਕਰਦੇ ਹਨ | ਸ਼ਰਾਬ ਪੀਣ ਵਾਲੇ ਸਮਝਦੇ ਹਨ ਕਿ ਅੱਜ ਉਨ੍ਹਾਂ ਨੂੰ ਸਸਤੇ 'ਚ ਸ਼ਰਾਬ ਮਿਲ ਰਹੀ ਹੈ ਤੇ ਆਪਣਾ ਕਈ ਮਹੀਨਿਆਂ ਦਾ ਕੋਟਾ ਇਕੱਠਾ ਹੀ ਖਰੀਦ ਲੈਂਦੇ ਹਨ | ਸਸਤੇ 'ਚ ਵੇਚੀ ਜਾ ਰਹੀ ਸ਼ਰਾਬ ਦੀ ਗੁਣਵੱਤਾ 'ਤੇ ਸ਼ੱਕ ਦੇ ਚਰਚੇ ਵੀ ਆਮ ਸੁਣਨ ਨੂੰ ਮਿਲਦੇ ਰਹੇ | ਬੀਤੀ ਕੱਲ੍ਹ ਤੋਂ ਗਿੱਦੜਬਾਹਾ ਦੇ ਸ਼ਹਿਰ ਅੰਦਰਲੇ ਮੁੱਖ ਠੇਕੇ ਤੇ ਹੁਸਨਰ ਚੌਕ ਵਿਚ ਸਥਿਤ ਠੇਕੇ ਤੋਂ ਸ਼ਰਾਬ ਪੀਣ ਦੇ ਆਦੀ ਸ਼ਰਾਬ ਦੀ ਖਰੀਦਦਾਰੀ ਕਰਦੇ ਦੇਖੇ ਗਏ | ਦੂਸਰੇ ਦਿਨ ਵੀ ਠੇਕਿਆਂ ਅੱਗੇ ਖਰੀਦਦਾਰਾਂ ਦੀ ਭੀੜ ਲੱਗੀ ਰਹੀ | ਪੁਲਿਸ ਥਾਣੇ ਤੋਂ ਕੁਝ ਹੀ ਦੂਰੀ 'ਤੇ ਸ਼ਹਿਰ ਅੰਦਰਲੇ ਠੇਕੇ ਤੋਂ ਸਾਰਾ ਦਿਨ ਹਾਲਾਤ ਇਸ ਤਰ੍ਹਾਂ ਬਣੇ ਰਹੇ ਕਿ ਵੱਡੀਆਂ ਕਾਰਾਂ ਦੀ ਸੜਕ 'ਤੇ ਭੀੜ ਲੱਗੀ ਰਹੀ ਤੇ ਟ੍ਰੈਫਿਕ ਜਾਮ ਹੁੰਦਾ ਰਿਹਾ | ਆਮ ਕੁਝ ਅਣਜਾਣ ਰਾਹਗੀਰ ਸਮਝ ਰਹੇ ਸੀ ਕਿ ਕਿਤੇ ਗੈਸ ਸਿਲੰਡਰ ਲੈਣ ਵਾਲਿਆਂ ਦੀ ਭੀੜ ਜਮ੍ਹਾਂ ਹੋਈਆਂ ਹੈ | ਅਸਚਰਜ ਦੀ ਗੱਲ ਇਹ ਹੈ ਕਿ ਸ਼ਰਾਬ ਦੀ ਕੀਤੀ ਗਈ ਇਸ ਜਮ੍ਹਾਂਖੋਰੀ 'ਤੇ ਪ੍ਰਸ਼ਾਸਨ ਦੀ ਨਿਗ੍ਹਾ ਕਿਉਂ ਨਹੀਂ ਪਈ |