ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਲਾਸ਼ ਥਾਣੇ ਸਾਹਮਣੇ ਰੱਖ ਕੇ ਕੀਤਾ ਰੋਸ ਪ੍ਰਦਰਸ਼ਨ
ਸ਼ਾਹਕੋਟ, 4 ਸਤੰਬਰ (ਸੁਖਦੀਪ ਸਿੰਘ,ਦਲਜੀਤ ਸਿੰਘ ਸਚਦੇਵਾ)- ਮਲਸੀਆਂ-ਨਕੋਦਰ ਕੌਮੀ ਮਾਰਗ ’ਤੇ ਪਿੰਡ ਬਿੱਲੀ ਚੁਹਾਰਮੀ ਵਿਖੇ ਕਰੀਬ ਇੱਕ ਮਹੀਨਾ ਪਹਿਲਾਂ (10 ਅਗਸਤ) ਨੂੰ ਵਾਪਰੇ ਸੜਕ ਹਾਦਸੇ ’ਚ ਗੰਭੀਰ ਜ਼ਖਮੀ ਇੱਕ ਔਰਤ ਦੀ ਇਲਾਜਜ ਦੌਰਾਨ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਸੰਦੀਪ ਕੌਰ ਪਤਨੀ ਹੈਪੀ ਵਾਸੀ ਪਿੰਡ ਭੋਇਪੁਰ (ਸ਼ਾਹਕੋਟ) ਵਜੋਂ ਹੋਈ ਹੈ।
ਸ਼ਾਹਕੋਟ, 4 ਸਤੰਬਰ (ਸੁਖਦੀਪ ਸਿੰਘ,ਦਲਜੀਤ ਸਿੰਘ ਸਚਦੇਵਾ)- ਮਲਸੀਆਂ-ਨਕੋਦਰ ਕੌਮੀ ਮਾਰਗ ’ਤੇ ਪਿੰਡ ਬਿੱਲੀ ਚੁਹਾਰਮੀ ਵਿਖੇ ਕਰੀਬ ਇੱਕ ਮਹੀਨਾ ਪਹਿਲਾਂ (10 ਅਗਸਤ) ਨੂੰ ਵਾਪਰੇ ਸੜਕ ਹਾਦਸੇ ’ਚ ਗੰਭੀਰ ਜ਼ਖਮੀ ਇੱਕ ਔਰਤ ਦੀ ਇਲਾਜਜ ਦੌਰਾਨ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਸੰਦੀਪ ਕੌਰ ਪਤਨੀ ਹੈਪੀ ਵਾਸੀ ਪਿੰਡ ਭੋਇਪੁਰ (ਸ਼ਾਹਕੋਟ) ਵਜੋਂ ਹੋਈ ਹੈ। ਔਰਤ ਦੀ ਮੌਤ ਤੋਂ ਬਾਅਦ ਅੱਜ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਲਾਸ਼ ਮਾਡਲ ਥਾਣਾ ਸ਼ਾਹਕੋਟ ਦੇ ਬਾਹਰ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ’ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ। ਇਸ ਮੌਕੇ ਕਾਮਰੇਡ ਚਰਨਜੀਤ ਸਿੰਘ ਥੰਮੂਵਾਲ ਅਤੇ ਕਾਮਰੇਡ ਸੁਖਦੇਵ ਸਿੰਘ ਨੇ ਦੱਸਿਆ ਕਿ ਕਰੀਬ ਇੱਕ ਮਹੀਨਾ ਪਹਿਲਾਂ ਇੱਕ ਟਰਾਲਾ ਬੱਜਰੀ ਲੱਦ ਕੇ ਫਿਰੋਜ਼ਪੁਰ ਵੱਲ ਜਾ ਰਿਹਾ ਸੀ। ਮਲਸੀਆਂ-ਨਕੋਦਰ ਕੌਮੀ ਮਾਰਗ ’ਤੇ ਪਿੰਡ ਬਿੱਲੀ ਚੁਹਾਰਮੀ ਦੇ ਨਜ਼ਦੀਕ ਟਰਾਲਾ ਅਚਾਨਕ ਖ਼ਰਾਬ ਹੋ ਗਿਆ, ਜਿਸ ਤੋਂ ਬਾਅਦ ਟਰਾਲਾ ਚਾਲਕ ਵਲੋਂ ਟਰਾਲਾ ਸੜਕ ਦੇ ਕਿਨਾਰੇ ਖੜ੍ਹਾ ਕਰ ਦਿੱਤਾ ਗਿਆ ਅਤੇ ਟਰਾਲਾ ਖ਼ਰਾਬ ਹੋਣ ਸੰਬੰਧੀ ਸੜਕ ’ਤੇ ਆਉਣ-ਜਾਣ ਵਾਲੇ ਵਾਹਨ ਚਾਲਕਾਂ ਨੂੰ ਸੂਚਿਤ ਕਰਨ ਲਈ ਕੋਈ ਚਿਤਾਵਨੀ ਸੰਕੇਤ ਨਹੀਂ ਲਗਾਇਆ ਗਿਆ ਸੀ। ਇਸੇ ਦੌਰਾਨ ਦੁਪਹਿਰ ਸਮੇਂ ਨਕੋਦਰ ਤੋਂ ਭੋਇਪੁਰ ਵੱਲ ਜਾ ਰਿਹਾ ਇੱਕ ਆਟੋ ਖੜ੍ਹੇ ਟਰਾਲੇ ਦੇ ਪਿੱਛੇ ਜਾ ਟਕਰਾਇਆ। ਹਾਦਸੇ ਸਮੇਂ ਆਟੋ ਵਿਚ ਚਾਲਕ ਰਾਹੁਲ ਪੁੱਤਰ ਜਸਪਾਲ ਵਾਸੀ ਪਿੰਡ ਸਾਰੰਗਵਾਲ (ਸ਼ਾਹਕੋਟ) ਤੋਂ ਇਲਾਵਾ ਕੁਲਵਿੰਦਰ ਕੌਰ ਪਤਨੀ ਮਦਨ ਲਾਲ, ਸੰਦੀਪ ਕੌਰ ਪਤਨੀ ਹੈਪੀ ਅਤੇ ਸੰਦੀਪ ਕੌਰ ਦੀ 4 ਸਾਲਾ ਬੇਟੀ ਅੰਮ੍ਰਿਤਾ (ਸਾਰੇ) ਵਾਸੀ ਪਿੰਡ ਭੋਇਪੁਰ (ਸ਼ਾਹਕੋਟ) ਸਵਾਰ ਸਨ। ਹਾਦਸੇ ਦੌਰਾਨ ਆਟੋ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਸਾਰੇ ਸਵਾਰ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਸਨ । ਜ਼ਖਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਸ਼ਾਹਕੋਟ ਦਾਖ਼ਲ ਕਰਵਾਇਆ ਗਿਆ ਸੀ। ਗੰਭੀਰ ਸੱਟਾਂ ਲੱਗਣ ਕਾਰਨ ਕੁਲਵਿੰਦਰ ਕੌਰ ਅਤੇ ਸੰਦੀਪ ਕੌਰ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਸੀ । ਸੰਦੀਪ ਕੌਰ ਦਾ ਕਰੀਬ ਇੱਕ ਮਹੀਨੇ ਤੋਂ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ, ਜਿਸ ਦੀ ਬੀਤੀ ਰਾਤ ਮੌਤ ਹੋ ਗਈ। ਸੰਦੀਪ ਕੌਰ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਲੋਂ ਅੱਜ ਸਵੇਰੇ ਉਸ ਦੀ ਲਾਸ਼ ਮਾਡਲ ਥਾਣਾ ਸ਼ਾਹਕੋਟ ਦੇ ਬਾਹਰ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਹਾਦਸੇ ਤੋਂ ਬਾਅਦ ਉਨ੍ਹਾਂ ਵਲੋਂ ਪੁਲਿਸ ਨੂੰ ਬਾਰ-ਬਾਰ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ, ਪਰ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਟਰਾਲਾ ਚਾਲਕ ਨੂੰ ਛੱਡ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਹਾਦਸੇ ਲਈ ਜ਼ਿੰਮੇਵਾਰ ਟਰਾਲਾ ਚਾਲਕ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪੁਲਿਸ ਦੀ ਲਾਪਰਵਾਹੀ ਦੀ ਵੀ ਜਾਂਚ ਕੀਤੀ ਜਾਵੇ। ਇਸ ਸਬੰਧੀ ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ. ਇੰਸਪੈਕਟਰ ਅਮਨ ਸੈਣੀ ਨੇ ਪਰਿਵਾਰਕ ਮੈਂਬਰਾਂ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪੁਲਿਸ ਵਲੋਂ ਮਾਮਲੇ ਵਿੱਚ ਕਿਸੇ ਕਿਸਮ ਦੀ ਕੋਈ ਢਿੱਲ ਨਹੀਂ ਵਰਤੀ ਗਈ। ਪੁਲਿਸ ਵਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਸੀ, ਪਰ ਪਰਿਵਾਰਕ ਮੈਂਬਰਾਂ ਵਲੋਂ ਆਪਣੇ ਬਿਆਨ ਦਰਜ ਨਾ ਕਰਵਾਏ ਜਾਣ ਕਾਰਨ ਕਾਰਵਾਈ ਅਧੂਰੀ ਪਈ ਸੀ। ਉਨ੍ਹਾਂ ਕਿਹਾ ਕਿ ਹੁਣ ਪਰਿਵਾਰਕ ਮੈਂਬਰਾਂ ਵਲੋਂ ਜੋ ਵੀ ਬਿਆਨ ਦਰਜ ਕਰਵਾਏ ਜਾਣਗੇ, ਉਨ੍ਹਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨ੍ਹਾਂ ਵਲੋਂ ਪਰਿਵਾਰਕ ਮੈਂਬਰਾਂ ਨੂੰ ਕਾਰਵਾਈ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ।