ਟੋਹਾਣਾ, 14 ਜੂਨ (ਮਨਜੀਤ ਸਿੰਘ) - ਟੋਹਾਣਾ ਤੋਂ ਕਰੀਬ 15 ਕਿਲੋਮੀਟਰ ਦੂਰ ਪੈਂਦੇ ਪਿੰਡ ਬਿਠਮੜਾ ਦੇ ਖੇਤਾਂ ਵਿੱਚ ਚੋਰਾਂ ਨੇ ਇੱਕ ਵਾਰ ਫਿਰ ਕਿਸਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਕਰੀਬ 25 ਟਿਊਬਵੈੱਲ ਮੋਟਰਾਂ ਦੀਆਂ ਬਿਜਲੀ ਤਾਰਾਂ ਚੋਰੀ ਕਰ ਲਈਆਂ | ਇਸ ਵੱਡੀ ਚੋਰੀ ਦੀ ਘਟਨਾ ਨਾਲ ਪਿੰਡ ਦੇ ਕਿਸਾਨਾਂ ਵਿੱਚ ਭਾਰੀ ਰੋਸ ਅਤੇ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ | ਜਾਣਕਾਰੀ ਅਨੁਸਾਰ ਚੋਰਾਂ ਨੇ ਰਾਤ ਦੇ ਹਨੇਰੇ ਦਾ ਫ਼ਾਇਦਾ ਉਠਾਉਂਦਿਆਂ ਨਹਿਰ ਦੇ ਨੇੜੇ ਸਥਿਤ ਖੇਤਾਂ ਵਿੱਚ ਲੱਗੀਆਂ ਟਿਊਬਵੈੱਲ ਮੋਟਰਾਂ ਦੀਆਂ ਕੇਬਲਾਂ ਕੱਟ ਕੇ ਆਪਣੇ ਨਾਲ ਲੈ ਗਏ | ਸਵੇਰੇ ਜਦੋਂ ਕਿਸਾਨ ਖੇਤਾਂ ਵਿੱਚ ਪਹੁੰਚੇ ਤਾਂ ਚੋਰੀ ਦਾ ਪਤਾ ਲੱਗਿਆ | ਇੱਕੋ ਰਾਤ ਵਿੱਚ ਵੱਡੀ ਗਿਣਤੀ ਵਿੱਚ ਤਾਰਾਂ ਚੋਰੀ ਹੋਣ ਕਾਰਨ ਕਿਸਾਨਾਂ ਨੂੰ ਹਜ਼ਾਰਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ | ਘਟਨਾ ਦੀ ਸੂਚਨਾ ਮਿਲਣ 'ਤੇ ਹਿਸਾਰ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ | ਪੁਲਿਸ ਵੱਲੋਂ ਇਲਾਕੇ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ ਅਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਪਿੰਡ ਵਾਸੀਆਂ ਅਤੇ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰੀ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਰਾਤ ਸਮੇਂ ਪੁਲਿਸ ਗਸ਼ਤ ਵਧਾਈ ਜਾਵੇ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗਿ੍ਫ਼ਤਾਰ ਕਰਕੇ ਕਿਸਾਨਾਂ ਨੂੰ ਇਨਸਾਫ਼ ਦਿਵਾਇਆ ਜਾਵੇ | ਕਿਸਾਨਾਂ ਨੇ ਕਿਹਾ ਕਿ ਜੇਕਰ ਅਜਿਹੀਆਂ ਘਟਨਾਵਾਂ 'ਤੇ ਕਾਬੂ ਨਾ ਪਾਇਆ ਗਿਆ ਤਾਂ ਖੇਤੀਬਾੜੀ ਕੰਮ ਪ੍ਰਭਾਵਿਤ ਹੋਣਗੇ ਅਤੇ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਵੇਗਾ |