ਨਵੀਂ ਦਿੱਲੀ, 6 ਅਕਤੂਬਰ- ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਅਤੇ ਵੋਟਰ ਸੂਚੀ ਦੀ ਵਿਸ਼ੇਸ਼ ਗਹਿਰਾਈ ਵਾਲੀ ਪੁਨਰਵਿਚਾਰ ਪ੍ਰਕਿਰਿਆ (SIR) ਦੇ ਮੁੱਦੇ ਨੂੰ ਲੈ ਕੇ ਵਿਰੋਧੀ ਧਿਰ ਦੇ ਪ੍ਰਦਰਸ਼ਨ ਦੌਰਾਨ ਦਿੱਲੀ ਪੁਲਿਸ ਨੇ ਮੰਗਲਵਾਰ, 6 ਅਕਤੂਬਰ ਦੀ ਸ਼ਾਮ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਸਮੇਤ ਕਈ ਵਿਰੋਧੀ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ।
INDIA ਬਲਾਕ ਦੇ ਆਗੂ ਸੰਸਦ ਭਵਨ ਤੋਂ ਚੋਣ ਕਮਿਸ਼ਨ ਵੱਲ ਮਾਰਚ ਕਰ ਰਹੇ ਸਨ, ਪਰ ਪੁਲਿਸ ਨੇ ਉਨ੍ਹਾਂ ਨੂੰ ਆਕਾਸ਼ਵਾਣੀ ਭਵਨ ਨੇੜੇ ਰੋਕ ਦਿੱਤਾ। ਇਸ ਤੋਂ ਬਾਅਦ ਵਿਰੋਧੀ ਆਗੂਆਂ ਨੇ ਸੜਕ ’ਤੇ ਧਰਨਾ ਸ਼ੁਰੂ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਕਿ ਉਨ੍ਹਾਂ ਨੂੰ ਚੋਣ ਕਮਿਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦਿੱਤੀ ਜਾਵੇ।
ਧਰਨੇ ਦੌਰਾਨ ਰਾਹੁਲ ਗਾਂਧੀ ਪੁਲਿਸ ਦੀ ਬੈਰੀਕੇਡ ਪਾਰ ਕਰਕੇ ਆਕਾਸ਼ਵਾਣੀ ਭਵਨ ਦੇ ਅੰਦਰ ਦਾਖ਼ਲ ਹੋ ਗਏ। ਕੁਝ ਸਮੇਂ ਬਾਅਦ ਪੁਲਿਸ ਨੇ ਉੱਥੇ ਮੌਜੂਦ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਆਕਾਸ਼ਵਾਣੀ ਭਵਨ ਨੂੰ ਖਾਲੀ ਕਰਵਾ ਦਿੱਤਾ।
ਪੁਲਿਸ ਨੇ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਈ ਸੰਸਦ ਮੈਂਬਰਾਂ ਅਤੇ ਪਾਰਟੀ ਕਾਰਕੁਨਾਂ ਨੂੰ ਬੱਸਾਂ ਵਿੱਚ ਬਿਠਾ ਕੇ ਮੌਕੇ ਤੋਂ ਹਟਾਇਆ। ਪ੍ਰਿਯੰਕਾ ਗਾਂਧੀ ਨੂੰ ਵੀ ਇਕ ਬੱਸ ਵਿਚ ਬਿਠਾਇਆ ਗਿਆ ਸੀ, ਹਾਲਾਂਕਿ ਕੁਝ ਦੇਰ ਬਾਅਦ ਉਹ ਬੱਸ ਤੋਂ ਉਤਰ ਕੇ ਮੁੜ ਰਾਹੁਲ ਗਾਂਧੀ ਕੋਲ ਪਹੁੰਚ ਗਈ।
ਰਾਤ ਭਰ ਧਰਨੇ ਦੀ ਨਹੀਂ ਮਿਲੀ ਇਜਾਜ਼ਤ
ਵਿਰੋਧੀ ਧਿਰ ਦੇ ਆਗੂ ਦੁਪਹਿਰ ਤੋਂ ਹੀ ਆਕਾਸ਼ਵਾਣੀ ਭਵਨ ਨੇੜੇ ਧਰਨਾ ਦੇ ਰਹੇ ਸਨ। ਉਹ ਚੋਣ ਕਮਿਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਹੋਣ ਤੱਕ ਪ੍ਰਦਰਸ਼ਨ ਜਾਰੀ ਰੱਖਣ ’ਤੇ ਅੜੇ ਹੋਏ ਸਨ। ਦੂਜੇ ਪਾਸੇ, ਦਿੱਲੀ ਪੁਲਿਸ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਆਕਾਸ਼ਵਾਣੀ ਭਵਨ ਵਿਚ ਚੱਲ ਰਹੇ ਧਰਨੇ ਨੂੰ ਰਾਤ ਭਰ ਜਾਰੀ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਮੌਕੇ ਤੋਂ ਹਟ ਜਾਣ ਲਈ ਕਿਹਾ, ਜਿਸ ਤੋਂ ਬਾਅਦ ਸਥਿਤੀ ਤਣਾਅਪੂਰਨ ਹੋ ਗਈ।
ਪ੍ਰਦਰਸ਼ਨ ਦੌਰਾਨ ਰਾਹੁਲ ਗਾਂਧੀ ਨੂੰ ਪੁਲਿਸ ਬੈਰੀਕੇਡ ’ਤੇ ਚੜ੍ਹਦੇ ਹੋਏ ਵੀ ਦੇਖਿਆ ਗਿਆ। ਇਸ ਦੌਰਾਨ ਪੁਲਿਸ ਨੇ ਕਈ ਵਿਰੋਧੀ ਆਗੂਆਂ ਅਤੇ ਕਾਰਕੁਨਾਂ ਨੂੰ ਹਿਰਾਸਤ ਵਿੱਚ ਲੈ ਕੇ ਬੱਸਾਂ ਰਾਹੀਂ ਮੌਕੇ ਤੋਂ ਹਟਾ ਦਿੱਤਾ।