ਰਿਸ਼ਤਿਆਂ 'ਚ ਲਿਆਓ ਨਿੱਘ
ਹਰ ਰਿਸ਼ਤੇ ਦੀ ਨੀਂਹ ਸਤਿਕਾਰ ਹੈ, ਰਿਸ਼ਤੇ ਸਾਡੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਹਿੱਸਾ ਹੁੰਦੇ ਹਨ | ਚਾਹੇ ਉਹ ਸਾਡੇ ਪਰਿਵਾਰ, ਦੋਸਤ, ਅਧਿਆਪਕ ਜਾਂ ਸਾਥੀ ਹੋਣ, ਹਰ ਰਿਸ਼ਤਾ ਇਕ ਮਜ਼ਬੂਤ ਨੀਂਹ ਸਤਿਕਾਰ 'ਤੇ ਟਿਕਿਆ ਹੁੰਦਾ ਹੈ | ਸਤਿਕਾਰ ਤੋਂ ਬਿਨਾਂ ਸਭ ਤੋਂ ਮਜ਼ਬੂਤ ਰਿਸ਼ਤੇ ਵੀ ਟੁੱਟ ਸਕਦੇ ਹਨ | ਸਤਿਕਾਰ ਦਾ ਮਤਲਬ ਹੈ ਹੋਰਾਂ ਦੀਆਂ ਭਾਵਨਾਵਾਂ ਨੂੰ ਸਮਝਣਾ, ਉਨ੍ਹਾਂ ਦੀਆਂ ਸਲਾਹਾਂ ਨੂੰ ਧਿਆਨ ਨਾਲ ਸੁਣਨਾ ਅਤੇ ਉਨ੍ਹਾਂ ਨਾਲ ਇੱਜ਼ਤ ਭਰਪੂਰ ਵਿਵਹਾਰ ਕਰਨਾ | ਜਦੋਂ ਬੱਚੇ ਆਪਣੇ ਮਾਪਿਆਂ ਦਾ ਸਤਿਕਾਰ ਕਰਦੇ ਹਨ ਤਾਂ ਸਿਹਤਮੰਦ ਪਰਿਵਾਰਕ ਮਾਹੌਲ ਬਣਾਉਂਦਾ ਹੈ | ਦੋਸਤੀ ਵਿਚ ਸਤਿਕਾਰ ਸਾਨੂੰ ਸੱਚਾਈ ਅਤੇ ਵਫ਼ਾਦਾਰੀ ਬਣਾਈ ਰੱਖਣ ਵਿਚ ਮਦਦ ਕਰਦਾ ਹੈ |
ਇਕ ਸੱਚਾ ਦੋਸਤ ਕਦੇ ਵੀ ਦੂਜੇ ਨੂੰ ਅਪਮਾਨਤ ਜਾਂ ਦੁਖੀ ਨਹੀਂ ਕਰਦਾ | ਸਕੂਲਾਂ ਅਤੇ ਕੰਮਕਾਜ ਵਾਲੀਆਂ ਥਾਵਾਂ 'ਤੇ ਸਤਿਕਾਰ ਇਕ ਸਕਾਰਾਤਮਕ ਵਾਤਾਵਰਨ ਬਣਾਉਂਦਾ ਹੈ | ਜਦੋਂ ਅਸੀਂ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਦੇ ਹਾਂ ਤਾਂ ਅਸੀਂ ਚੰਗੀ ਤਰ੍ਹਾਂ ਸਿੱਖਦੇ ਹਾਂ | ਜਦੋਂ ਸਾਥੀ ਇਕ-ਦੂਜੇ ਦਾ ਸਤਿਕਾਰ ਕਰਦੇ ਹਨ, ਤਾਂ ਟੀਮ ਵਰਕ ਹੋਰ ਮਜ਼ਬੂਤ ਅਤੇ ਸਫਲ ਹੁੰਦਾ ਹੈ | ਸਤਿਕਾਰ ਉਨ੍ਹਾਂ ਲੋਕਾਂ ਲਈ ਹੀ ਨਹੀਂ ਹੁੰਦਾ, ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ-ਇਹ ਅਜਨਬੀਆਂ, ਬਜ਼ੁਰਗਾਂ ਤੇ ਵੱਖ-ਵੱਖ ਵਿਸ਼ਵਾਸਾਂ ਵਾਲੇ ਲੋਕਾਂ ਲਈ ਵੀ ਹੋਣਾ ਚਾਹੀਦਾ ਹੈ | ਇਹ ਸ਼ਾਂਤਮਈ ਤੇ ਇਕਜੁੱਟ ਸਮਾਜ ਦੇ ਨਿਰਮਾਣ 'ਚ ਮਦਦ ਕਰਦਾ ਹੈ | ਸਤਿਕਾਰ ਮਜ਼ਬੂਤ ਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਰਿਸ਼ਤਿਆਂ ਦੀ ਕੁੰਜੀ ਹੈ |
-ਮਨਪ੍ਰੀਤ ਕੌਰ (ਚੌਂਤਾ)
ਨੂਰਪੁਰ ਬੇਦੀ
ਬਿਜਲੀ ਕੱਟਾਂ ਤੋਂ ਲੋਕ ਪ੍ਰੇਸ਼ਾਨ
ਮੈਂ ਤੁਹਾਡੇ ਅਖ਼ਬਾਰ ਰਾਹੀਂ ਬਿਜਲੀ ਵਿਭਾਗ ਅਤੇ ਪ੍ਰਸ਼ਾਸਨ ਦਾ ਧਿਆਨ ਲਗਾਤਾਰ ਵੱਧ ਰਹੇ ਬਿਜਲੀ ਕੱਟਾਂ ਵੱਲ ਦਿਵਾਉਣਾ ਚਾਹੁੰਦੀ ਹਾਂ | ਪਿਛਲੇ ਕੁਝ ਹਫ਼ਤਿਆਂ ਤੋਂ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਈ ਵਾਰ ਤਾਂ ਰਾਤ ਨੂੰ ਬਿਜਲੀ ਚਲੀ ਜਾਂਦੀ ਹੈ ਅਤੇ ਅਗਲੇ ਦਿਨ ਸਵੇਰੇ ਆਉਂਦੀ ਹੈ | ਇੰਨੇ ਲੰਮੇ ਸਮੇਂ ਤੱਕ ਬਿਜਲੀ ਬੰਦ ਰਹਿਣ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ |
ਬਿਜਲੀ ਦੀ ਲੰਮੀ ਕਟੌਤੀ ਕਾਰਨ ਘਰੇਲੂ ਕੰਮਕਾਜ ਪ੍ਰਭਾਵਿਤ ਹੋਣ ਦੇ ਨਾਲ-ਨਾਲ ਵਿਦਿਆਰਥੀਆਂ ਦੀ ਪੜ੍ਹਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ | ਰਾਤ ਸਮੇਂ ਬਿਜਲੀ ਨਾ ਹੋਣ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਨੂੰ ਵਿਸ਼ੇਸ਼ ਤੌਰ 'ਤੇ ਮੁਸ਼ਕਿਲ ਆਉਂਦੀ ਹੈ | ਇਸ ਤੋਂ ਇਲਾਵਾ ਪਾਣੀ ਦੀ ਸਪਲਾਈ, ਮੋਬਾਈਲ ਚਾਰਜਿੰਗ, ਇਲੈਕਟ੍ਰਾਨਿਕ ਉਪਕਰਨਾਂ ਅਤੇ ਛੋਟੇ ਕਾਰੋਬਾਰਾਂ ਨਾਲ ਜੁੜੇ ਕੰਮ ਵੀ ਪ੍ਰਭਾਵਿਤ ਹੁੰਦੇ ਹਨ|
ਇਸ ਲਈ ਬਿਜਲੀ ਵਿਭਾਗ ਨੂੰ ਬੇਨਤੀ ਹੈ ਕਿ ਬਿਜਲੀ ਸਪਲਾਈ ਵਿਚ ਆ ਰਹੀਆਂ ਤਕਨੀਕੀ ਸਮੱਸਿਆਵਾਂ ਦੀ ਜਾਂਚ ਕਰਕੇ ਉਨ੍ਹਾਂ ਦਾ ਸਥਾਈ ਹੱਲ ਕੀਤਾ ਜਾਵੇ ਅਤੇ ਜੇਕਰ ਕਿਸੇ ਕਾਰਨ ਬਿਜਲੀ ਬੰਦ ਰਹਿਣੀ ਹੋਵੇ ਤਾਂ ਲੋਕਾਂ ਨੂੰ ਪਹਿਲਾਂ ਸੂਚਿਤ ਕੀਤਾ ਜਾਵੇ |
-ਪਲਕਪ੍ਰੀਤ ਕੌਰ ਬੇਦੀ
ਜਲੰਧਰ
'ਰਾਤ ਦੀ ਸ਼ਿਫਟ' ਲੜਕੀਆਂ ਲਈ ਚੁਣੌਤੀ
ਭਾਵੇਂ ਤੇਜ਼ੀ ਨਾਲ ਅੱਗੇ ਵੱਧ ਰਹੇ ਯੁੱਗ ਵਿਚ ਕੁੜੀਆਂ ਅਤੇ ਮੁੰਡਿਆਂ ਵਿਚ ਕੋਈ ਅੰਤਰ ਨਹੀਂ ਰਹਿ ਗਿਆ ਹੈ, ਪਰ ਵੀ ਕਈ ਥਾਵਾਂ ਜਿਵੇਂ ਕਿ ਪ੍ਰਾਈਵੇਟ ਕੰਪਨੀਆਂ ਜਾਂ ਫਿਰ ਹਸਪਤਾਲਾਂ ਵਿਚ ਰਾਤ ਦੀ ਸ਼ਿਫਟ ਕਰ ਰਹੀਆਂ ਕੁੜੀਆਂ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਰਾਤ ਦੀ ਡਿਊਟੀ ਕਰਦੀ ਲੜਕੀ ਜਦੋਂ ਰਾਤ ਨੂੰ ਆਪਣੇ ਘਰੋਂ ਕੰਮ ਲਈ ਨਿਕਲਦੀ ਹੈ ਤਾਂ ਸਮਾਜ ਉਸ ਨੂੰ ਚੰਗੀ ਨਿਗਾਹ ਨਾਲ ਨਹੀਂ ਦੇਖਦਾ ਤੇ ਲੋਕ ਉਸ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਹਨ ਦੂਜਾ ਰਾਤ ਨੂੰ ਇਕੱਲੇ ਕੰਮ 'ਤੇ ਜਾਣ ਵਾਲੀਆਂ ਕੁੜੀਆਂ ਨੂੰ ਡਰ ਲੱਗਦਾ ਹੈ ਕਿ ਰਸਤੇ ਵਿਚ ਉਨ੍ਹਾਂ ਨਾਲ ਕੋਈ ਅਣਹੋਣੀ ਹੀ ਨਾ ਹੋ ਜਾਵੇ |
ਲੜਕੀਆਂ ਪੈਸੇ ਕਮਾਉਣਾ ਚਾਹੁੰਦੀਆਂ ਹਨ, ਪਰ ਕਈ ਵਾਰ ਉਨ੍ਹਾਂ ਦੀ ਪੜ੍ਹਾਈ ਜਾਂ ਪੇਸ਼ਾ ਹੀ ਅਜਿਹਾ ਹੁੰਦਾ ਹੈ ਕਿ ਉਨ੍ਹਾਂ ਨੂੰ ਰਾਤ ਦੀ ਡਿਊਟੀ ਕਰਨੀ ਪੈਂਦੀ ਹੈ | ਪਰ ਸਮਾਜ ਦਾ ਸ਼ੱਕੀ ਵਤੀਰਾ ਉਨ੍ਹਾਂ ਨੂੰ ਕਿਤੇ ਨਾ ਕਿਤੇ ਅੱਗੇ ਵਧਣ ਤੋਂ ਰੋਕਦਾ ਹੈ |
'ਨਾਈਟ ਸ਼ਿਫਟ' ਕਰ ਰਹੀਆਂ ਕੁੜੀਆ ਦੇ ਉੱਜਵਲ ਭਾਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਸਮਾਜ ਨੂੰ ਆਪਣਾ ਨਜ਼ਰੀਆ ਬਦਲਣ ਦੀ ਲੋੜ ਹੈ, ਤਾਂ ਜੋ ਆਪਣੇ ਸੁਪਿਨਆਂ ਨੂੰ ਪੂਰਾ ਕਰਨ 'ਚ ਕੁੜੀਆਂ ਨੂੰ ਕੋਈ ਦਿੱਕਤ ਨਾ ਆਵੇ |
-ਨੇਹਾ ਭੱਟੀ,
ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ |
ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰੀ
ਸੜਕ 'ਤੇ ਸਫ਼ਰ ਕਰਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਸਿਰਫ਼ ਕਾਨੂੰਨੀ ਜ਼ਿੰਮੇਵਾਰੀ ਨਹੀਂ, ਸਗੋਂ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਵੀ ਬਹੁਤ ਜ਼ਰੂਰੀ ਹੈ | ਸੜਕ 'ਤੇ ਕੀਤੀ ਇਕ ਛੋਟੀ ਜਿਹੀ ਲਾਪਰਵਾਹੀ ਕਿਸੇ ਵੱਡੀ ਮੁਸ਼ਕਲ ਦਾ ਕਾਰਨ ਬਣ ਸਕਦੀ ਹੈ |
ਹਮੇਸ਼ਾ ਟ੍ਰੈਫਿਕ ਸਿਗਨਲਾਂ ਦੀ ਪਾਲਣਾ ਕਰੋ, ਲਾਲ ਬੱਤੀ 'ਤੇ ਰੁਕੋ ਅਤੇ ਹਰੀ ਬੱਤੀ ਹੋਣ 'ਤੇ ਹੀ ਅੱਗੇ ਵਧੋ | ਦੋਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੈਟ ਅਤੇ ਕਾਰ ਵਿਚ ਸਫ਼ਰ ਕਰਦੇ ਸਮੇਂ ਸੀਟ ਬੈਲਟ ਜ਼ਰੂਰ ਲਗਾਓ | ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਾ ਕਰੋ ਅਤੇ ਤੇਜ਼ ਰਫ਼ਤਾਰ ਤੋਂ ਬਚੋ |
ਪੈਦਲ ਯਾਤਰੀਆਂ ਲਈ ਬਣੇ ਜ਼ੈਬਰਾ ਕ੍ਰਾਸਿੰਗ ਦੀ ਵਰਤੋਂ ਕਰੋ ਅਤੇ ਐਂਬੂਲੈਂਸ, ਫਾਇਰ ਬਿ੍ਗੇਡ ਜਾਂ ਹੋਰ ਐਮਰਜੈਂਸੀ ਵਾਹਨਾਂ ਨੂੰ ਰਸਤਾ ਦਿਓ | ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦੇ ਪ੍ਰਭਾਵ ਹੇਠ ਵਾਹਨ ਚਲਾਉਣਾ ਬਿਲਕੁਲ ਨਹੀਂ | ਯਾਦ ਰੱਖੋ-ਸੜਕ 'ਤੇ ਕੁਝ ਮਿੰਟ ਬਚਾਉਣ ਲਈ ਨਿਯਮ ਤੋੜਨਾ ਕਦੇ ਵੀ ਸਹੀ ਨਹੀਂ | ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ, ਸੁਰੱਖਿਅਤ ਚਲੋ ਅਤੇ ਦੂਜਿਆਂ ਦੀ ਜ਼ਿੰਦਗੀ ਦੀ ਵੀ ਕਦਰ ਕਰੋ |
-ਗੁਰਿੰਦਰ ਪਾਲ ਸਿੰਘ
ਰਾਜਪੁਰਾ
ਹਿਮਾਚਲ ਦੇ ਚਲਾਨ
ਹਿਮਾਚਲ ਸਰਕਾਰ ਨੇ ਪਹਿਲਾਂ ਹੀ ਪੰਜਾਬ ਦੀਆਂ ਗੱਡੀਆਂ ਉੱਪਰ ਹਿਮਾਚਲ ਆਉਣ ਦੇ ਲਗਾਏ ਜਾਣ ਵਾਲੀ ਪਰਚੀ ਨੂੰ ਵਧਾ ਦਿੱਤਾ ਹੈ | ਜਿਥੇ ਪਹਿਲਾਂ ਕਾਰ ਦੇ 60 ਰੁਪਏ ਲਗਦੇ ਸਨ ਹੁਣ 100 ਰੁਪਏ ਕਰ ਦਿੱਤਾ ਗਿਆ ਹੈ | ਪਰ ਇਸਤੋਂ ਵੱਧ ਹਿਮਾਚਲ ਵਿਚ ਗੱਡੀ ਲੈ ਕੇ ਜਾਣ ਵਾਲਿਆਂ ਨੂੰ ਹੋਰ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਹਿਮਾਚਲ ਦਾ ਬਾਰਡਰ ਕ੍ਰਾਸ ਕਰਦੇ ਸਾਰ ਹੀ ਪੁਲਿਸ ਵਾਲੇ ਨਾਕਾ ਲਗਾ ਕੇ ਖੜ੍ਹ ਜਾਂਦੇ ਹਨ ਅਤੇ ਗੱਡੀਆਂ ਨੂੰ ਰੋਕ ਕੇ ਉਨ੍ਹਾਂ ਦਾ ਕਿਸੇ ਵੀ ਛੋਟੇ-ਮੋਟੇ ਕਾਰਨ ਉਨ੍ਹਾਂ ਦਾ ਚਲਾਨ ਕੱਟਣ ਦੀ ਕਾਹਲੀ ਵਿਚ ਹੀ ਹੁੰਦੇ ਹਨ | ਹਾਲਾਂਕਿ ਉਹ ਗੱਡੀ ਦਾ ਚਲਾਨ ਆਨਲਾਈਨ ਕੱਟਦੇ ਹਨ ਪਰ ਹਿਮਾਚਲ ਵਿਚ ਆਉਣ ਵਾਲਾ ਗੱਡੀ ਚਾਲਕ ਸਿਰਫ਼ ਕੁਝ ਘੰਟਿਆਂ ਲਈ ਜਾਂ ਇਕ ਤੋਂ ਦੋ ਦਿਨ ਲਈ ਹੀ ਆਇਆ ਹੁੰਦਾ ਹੈ | ਉਸ ਗੱਡੀ ਦਾ ਚਲਾਨ ਹੋ ਜਾਣ ਕਾਰਨ ਉਸ ਨੂੰ ਕਿੰਨੀ ਪ੍ਰੇਸ਼ਾਨੀ ਹੁੰਦੀ ਹੈ ਇਹ ਹਿਮਾਚਲ ਸਰਕਾਰ ਸ਼ਾਇਦ ਨਹੀਂ ਜਾਣਦੀ | ਕਿਉਂਕਿ ਗੱਡੀ ਦਾ ਕੀਤਾ ਹੋਇਆ ਆਨਲਾਈਨ ਚਲਾਨ ਕਦੀ ਵੀ ਆਨਲਾਈਨ ਨਹੀਂ ਭੁਗਤਿਆ ਜਾਂਦਾ | ਜਿੰਨੀ ਮਰਜੀ ਵਾਰ ਤੁਸੀਂ ਆਨਲਾਈਨ ਪੇਮੈਂਟ ਕਰ ਲਵੋ ਪਰ ਇਹ ਚਲਾਨ ਕਲੀਅਰ ਨਹੀਂ ਹੁੰਦਾ | ਫਿਰ ਉਸ ਤੋਂ ਬਾਅਦ ਇਸ 'ਤੇ ਸਰਕਾਰ ਵਲੋਂ ਸਰਚਾਰਜ ਲਗਾਏ ਜਾਂਦੇ ਹਨ | ਮੇਰਾ ਵੀ 500 ਰੁਪਏ ਦਾ ਚਲਾਨ ਹੋਇਆ ਸੀ, ਉਸ ਨੂੰ ਕਰਦੇ-ਕਰਦੇ 2100 ਰੁਪਏ ਤੱਕ ਹੋ ਗਿਆ | ਪਰ ਇਹ ਪੇਮੇਂਟ ਨਹੀਂ ਹੋ ਰਹੀ | ਜਦ ਪੁਲਿਸ ਵਾਲਿਆਂ ਨਾਲ ਗੱਲ ਕਰੀਏ ਤਾਂ ਕਹਿੰਦੇ ਹਨ ਕਿ ਆਨਲਾਈਨ ਹੀ ਪੇਮੇਂਟ ਹੋਵੇਗੀ | ਫਿਰ ਉਸ ਤੋਂ ਬਾਅਦ ਕੋਰਟ ਵਲੋਂ ਗੱਡੀ ਚਾਲਕ ਜ਼ਮਾਨਤੀ ਵਰੰਟ ਕੱਢ ਦਿੱਤੇ ਜਾਂਦੇ ਹਨ | ਜਦ ਪੰਜਾਬ ਵਾਲੇ ਉਹ ਵਰੰਟ ਲੈ ਕੇ ਘਰ ਪਹੁੰਚਦੇ ਹਨ ਤਾਂ ਉਹ ਆਪਣਾ ਚਾਹ ਪਾਣੀ ਭਾਲਦੇ ਹਨ | ਹੁਣ ਗੱਡੀ ਵਾਲਾ ਕੀ ਕਰੇ | ਸੋ, ਮੇਰਾ ਕਹਿਣਾ ਹੈ ਕਿ ਜਦ ਵੀ ਹਿਮਾਚਲ ਜਾਣਾ ਹੋਵੇ ਤਾਂ ਸਰਕਾਰੀ ਬੱਸ ਹੀ ਫੜੋ ਆਪਣੀ ਗੱਡੀ ਨਾ ਲੈ ਕੇ ਜਾਵੋ | ਨਹੀਂ ਤਾਂ 500 ਰੁਪਏ ਦਾ ਚਲਾਨ ਘੱਟੋ-ਘੱਟ 10,000 'ਚ ਭੁਗਤਣਾ ਪੈਂਦਾ ਹੈ |
-ਅਸ਼ੀਸ਼ ਸ਼ਰਮਾ
ਜਲੰਧਰ |