28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਪੰਜਾਬ ਵਿਚ ਨਿਵੇਸ਼ ਵਧਾਉਣ ਦੇ ਯਤਨ

ਪੰਜਾਬ ਵਿਚ ਨਿਵੇਸ਼ ਵਧਾਉਣ ਦੇ ਯਤਨ

ਅਜੀਤ ਡੈਸਕ 28-09-2026

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਬਿਆਨ ਵਿਚ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਵਿਚ ਕੁੱਲ 1.89 ਲੱਖ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ ਅਤੇ ਇਸ ਕਾਰਨ ਰਾਜ ਦੇ ਅੰਦਰ ਤੇ ਬਾਹਰ ਪੰਜਾਬੀ ਨੌਜਵਾਨਾਂ ਲਈ 6.31 ਲੱਖ ਤੋਂ ਵਧੇਰੇ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਹਨ | ਉਨ੍ਹਾਂ ਇਹ ਵੀ ਕਿਹਾ ਕਿ ਇਸ ਤੋਂ ਇਲਾਵਾ ਰਾਜ ਵਿਚ ਉਦਯੋਗੀਕਰਨ ਦੀ ਸਥਿਤੀ 'ਚ ਵੱਡੇ ਪੱਧਰ 'ਤੇ ਸੁਧਾਰ ਤੇ ਵਾਧਾ ਹੋਇਆ ਹੈ | ਇਸ ਤਰ੍ਹਾਂ ਪੰਜਾਬ ਦੇਸ਼ ਵਿਚ ਇਕ ਪ੍ਰਮੁੱਖ ਉਦਯੋਗਿਕ ਰਾਜ ਦੇ ਰੂਪ 'ਚ ਉੱਭਰਿਆ ਹੈ | ਇਸ ਨਾਲ ਇਕ ਪਾਸੇ ਜਿੱਥੇ ਰਾਜ ਦੀ ਨੌਜਵਾਨ ਸ਼ਕਤੀ ਨੂੰ  ਪ੍ਰੇਰਕ ਤੇ ਸਹੀ ਦਿਸ਼ਾ ਵੱਲ ਵਧਣ ਦਾ ਰਸਤਾ ਸਾਫ਼ ਹੋਵੇਗਾ ਹੈ, ਉੱਥੇ ਰਾਜ ਦੀ ਖੁਸ਼ਹਾਲੀ ਦੀ ਆਮਦ ਦੀਆਂ ਸੰਭਾਵਨਾਵਾਂ ਵੀ ਵਧਣਗੀਆਂ | ਰਾਜ ਵਿਚ ਨਵੇਂ ਉਦਯੋਗਿਕ ਪਸਾਰੇ ਦਾ ਆਲਮ ਇਹ ਹੈ ਕਿ ਪਰੰਪਰਾਗਤ ਉਦਯੋਗਿਕ ਇਕਾਈਆਂ ਤੋਂ ਇਲਾਵਾ ਵੀ ਰਾਜ ਵਿਚ ਵੱਖ-ਵੱਖ ਤਰ੍ਹਾਂ ਦੇ ਉਦਯੋਗਾਂ ਲਈ ਸੰਭਾਵਨਾਵਾਂ ਦੀ ਭਾਲ ਕੀਤੀ ਗਈ ਹੈ | ਰਾਜ ਦੇ ਮੁਹਾਲੀ ਵਰਗੇ ਕਈ ਖੇਤਰਾਂ 'ਚ ਉਦਯੋਗਿਕ ਖੇਤਰਾਂ ਦੇ ਵਧਣ ਦੇ ਅਵਸਰ ਪੈਦਾ ਹੋ ਰਹੇ ਹਨ | ਰਾਜ ਦੇ ਪਹਿਲੇ ਉਦਯੋਗਿਕ ਮਾਨਚੈਸਟਰ ਕਹੇ ਜਾਂਦੇ ਸ਼ਹਿਰ ਲੁਧਿਆਣਾ ਵਿਚ ਵੀ ਉਦਯੋਗਿਕ ਨਿਵੇਸ਼ ਵਧਣ ਅਤੇ ਨਵੇਂ ਉਦਯੋਗਾਂ ਦੇ ਵਿਕਾਸ ਦੀਆਂ ਸੰਭਾਵਨਾਵਾਂ ਵਧੀਆਂ ਹਨ |
ਰਾਜ ਵਿਚ ਨਵੇਂ ਨਿਵੇਸ਼ ਨਾਲ ਬਿਨਾਂ ਸ਼ੱਕ ਨਵੇਂ ਉਦਯੋਗ ਤੇ ਨਵੇਂ ਕਾਰਜ ਖੇਤਰ ਵੀ ਵਿਕਸਿਤ ਹੋਏ ਹਨ | ਰਾਜ ਦੇ ਪੇਂਡੂ ਖੇਤਰਾਂ 'ਚ ਰੁਜ਼ਗਾਰ ਕ੍ਰਾਂਤੀ ਲਈ ਖੇਤੀ ਆਧਾਰਿਤ ਉਦਯੋਗਾਂ ਤੇ ਖੇਤੀ ਨਾਲ ਸੰਬੰਧਿਤ ਉਦਯੋਗਾਂ ਲਈ ਵਧੀਆ ਮਾਹੌਲ ਬਣਿਆ ਹੈ | ਇਸ ਨੂੰ  ਮੌਜੂਦਾ ਸਰਕਾਰ ਦੀ ਇਕ ਵੱਡੀ ਉਪਲਬਧੀ ਕਿਹਾ ਜਾ ਸਕਦਾ ਹੈ | ਨਿਰਮਾਣ ਖੇਤਰ, ਇੰਜੀਨੀਅਰਿੰਗ, ਕੱਪੜਾ ਉਦਯੋਗ ਅਤੇ ਫ਼ਲ-ਸਬਜ਼ੀ ਪ੍ਰੋਸੈਸਿੰਗ ਦੇ ਖੇਤਰ ਵਿਚ ਵੀ ਰੁਜ਼ਗਾਰ ਦੇ ਮੌਕੇ ਭਾਲਣ ਲਈ ਯਤਨ ਕੀਤੇ ਗਏ ਹਨ, ਜਿਸ ਦਾ ਸਾਰਥਕ ਤੇ ਸਕਾਰਾਤਮਕ ਨਤੀਜਾ ਆਉਣ ਦੀ ਸੰਭਾਵਨਾ ਬਣੀ ਹੈ | ਸਰਕਾਰ ਦੀ ਇਸ ਰਿਪੋਰਟ ਅਨੁਸਾਰ ਰਾਜ ਵਿਚ ਨਿਵੇਸ਼ ਵਧਣ ਦਾ ਅਰਥ ਉਦਯੋਗਪਤੀਆਂ ਤੇ ਵਪਾਰਕ ਖੇਤਰ ਦੇ ਲੋਕਾਂ ਦਾ ਰਾਜ ਦੇ ਭਵਿੱਖ ਪ੍ਰਤੀ ਭਰੋਸਾ ਵਧਣ ਵਜੋਂ ਸਮਝਿਆ ਜਾ ਸਕਦਾ ਹੈ | ਮਾਹਿਰਾਂ ਅਨੁਸਾਰ ਇਸ ਭਰੋਸੇ ਕਾਰਨ ਹੀ ਰਾਜ ਵਿਚ ਨਵੀਂਆਂ ਨੌਕਰੀਆਂ ਵਿਕਸਿਤ ਹੋ ਰਹੀਆਂ ਹਨ | ਰਾਜ ਉਦਯੋਗਿਕ ਵਿਭਾਗ ਦੀ ਸਮੀਖਿਆ ਤੋਂ ਬਾਅਦ ਖ਼ੁਦ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਤਕਨੀਕ, ਨਵਿਆਉਣਯੋਗ ਊਰਜਾ, ਕਲ-ਪੁਰਜ਼ੇ ਆਦਿ ਦੇ ਨਿਰਮਾਣ ਦੀ ਰਾਜ ਵਿਚ ਮੌਜੂਦ ਸਮਰੱਥਾ 'ਚ ਵਾਧਾ ਹੋਇਆ ਹੈ, ਜਿਸ ਨਾਲ ਰਾਜ ਵਿਚ ਖ਼ੁਸ਼ਹਾਲੀ ਦੀਆਂ ਸੰਭਾਵਨਾਵਾਂ ਨੂੰ  ਵਧਾਇਆ ਜਾ ਸਕਦਾ ਹੈ | ਅਜਿਹੀਆਂ ਸੰਭਾਵਨਾਵਾਂ ਨੂੰ  ਉਦੋਂ ਹੋਰ ਬਲ ਮਿਲਦਾ ਹੈ, ਜਦੋਂ ਰਾਜ ਦੇ ਉਦਯੋਗ ਤੇ ਵਪਾਰ ਮੰਤਰੀ ਅਮਨ ਅਰੋੜਾ ਪੰਜਾਬ ਤੇ ਸ਼ਾਰਜਾਹ ਵਿਚਾਲੇ ਉਦਯੋਗਿਕ ਤੇ ਵਪਾਰਕ ਕਾਰੀਡੋਰ ਬਣਨ ਦੀਆਂ ਸੰਭਾਵਨਾਵਾਂ ਦੀ ਉਮੀਦ ਪ੍ਰਗਟ ਕਰਦੇ ਹਨ | ਇਸ ਰਿਪੋਰਟ ਅਨੁਸਾਰ ਰਾਜ ਸਰਕਾਰ ਦੀਆਂ ਯੋਜਨਾਵਾਂ ਤੇ ਵਿਸ਼ਵਾਸ ਦੇ ਆਧਾਰ 'ਤੇ ਟਾਟਾ ਸਟੀਲ, ਵਰਧਮਾਨ, ਨੈਸਲੇ, ਹਿੰਦੁਸਤਾਨ ਲਿਵਰ ਅਤੇ ਕਈ ਹੋਰ ਕੱਪੜਾ ਮਿੱਲਾਂ ਨੇ ਪੰਜਾਬ ਵੱਲ ਨਿਵੇਸ਼ ਲਈ ਹੱਥ ਵਧਾਇਆ ਹੈ | ਮੁੱਖ ਮੰਤਰੀ ਨੇ ਖ਼ੁਦ ਇਸ ਦਾ ਖ਼ੁਲਾਸਾ ਕੀਤਾ ਹੈ ਕਿ ਰਾਜ ਦਾ ਮੁਹਾਲੀ ਉਪਲਬਧ ਨਿਵੇਸ਼ਾਂ ਦੇ ਮਾਮਲੇ 'ਚ ਬਾਕੀ ਜ਼ਿਲਿ੍ਹਆਂ ਤੋਂ ਮੋਹਰੀ ਹੋ ਕੇ ਉੱਭਰਿਆ ਹੈ | ਸਰਕਾਰ ਨੂੰ  ਮੁਹਾਲੀ 'ਚ ਕੁੱਲ 9,478 ਕਰੋੜ ਰੁਪਏ ਦੇ ਨਿਵੇਸ਼ ਦੇ ਪ੍ਰਸਤਾਵ ਮਿਲੇ ਹਨ | ਦੂਜੇ ਸਥਾਨ 'ਤੇ 4,968 ਕਰੋੜ ਰੁਪਏ ਦੇ ਪ੍ਰਸਤਾਵਾਂ ਨਾਲ ਲੁਧਿਆਣਾ ਹੈ, ਜਦਕਿ ਪਟਿਆਲਾ ਨੂੰ  2,590 ਕਰੋੜ ਰੁਪਏ ਦੇ ਨਿਵੇਸ਼ ਦੇ ਪ੍ਰਸਤਾਵ ਮਿਲੇ ਹਨ | ਹੁਸ਼ਿਆਰਪੁਰ ਦੇ ਹਿੱਸੇ ਲਗਭਗ 2,000 ਕਰੋੜ ਰੁਪਏ ਦੇ ਪ੍ਰਸਤਾਵ ਅਤੇ ਜਲੰਧਰ ਨੂੰ  ਸਿਰਫ਼ 1,003 ਕਰੋੜ ਰੁਪਏ ਦੇ ਪ੍ਰਸਤਾਵ ਮਿਲੇ ਹਨ | ਇਸ ਕਾਰਨ ਇਸ ਤੱਥ ਨੂੰ  ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਇਕ ਪਾਸੇ ਜਿੱਥੇ ਮੁਹਾਲੀ ਰਾਜ ਦਾ ਦੂਜਾ ਵੱਡਾ ਉਦਯੋਗਿਕ ਕੇਂਦਰ ਬਣ ਕੇ ਉੱਭਰ ਰਿਹਾ ਹੈ, ਉੱਥੇ ਲੁਧਿਆਣੇ ਵਿਚ ਵੀ ਉਦਯੋਗਾਂ ਦਾ ਵੱਡੇ ਪੱਧਰ 'ਤੇ ਵਿਸਥਾਰ ਹੋ ਰਿਹਾ ਹੈ, ਜੋ ਰਾਜ ਦੀ ਖ਼ੁਸ਼ਹਾਲੀ ਤੇ ਆਰਥਿਕਤਾ ਲਈ ਚੰਗਾ ਸੰਕੇਤ ਜਾਪਦਾ ਹੈ |
ਅਸੀਂ ਸਮਝਦੇ ਹਾਂ ਕਿ ਰਾਜ ਦੀ ਤਰੱਕੀ, ਪ੍ਰਗਤੀ ਤੇ ਖ਼ੁਸ਼ਹਾਲੀ ਲਈ ਇਹ ਸ਼ੁੱਭ ਇਸ਼ਾਰਾ ਹੈ | ਪੰਜਾਬ ਇਨ੍ਹਾਂ ਦਿਨਾਂ 'ਚ ਇਕ ਪਾਸੇ ਜਿੱਥੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਬਦਨਾਮ ਹੋ ਰਿਹਾ ਹੈ, ਉੱਥੇ ਰਾਜ ਦੇ ਨੌਜਵਾਨਾਂ ਦਾ ਅਪਰਾਧਾਂ ਵੱਲ ਰੁਝਾਨ ਵਧਿਆ ਹੈ | ਵੱਡੀ ਗਿਣਤੀ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਜਾਣਾ ਵੀ ਲਾਹਨਤ ਵਾਂਗ ਹੈ | ਵਿਦੇਸ਼ ਜਾਣ ਦੀ ਚਾਹਤ ਵਿਚ ਹੀ ਰਾਜ ਦੀ ਖੇਤੀ ਤੇ ਖੇਤੀ ਯੋਗ ਜ਼ਮੀਨ ਨੂੰ  ਭਾਰੀ ਨੁਕਸਾਨ ਪਹੁੰਚਿਆ ਹੈ | ਸਰਕਾਰਾਂ ਲੰਬੇ ਸਮੇਂ ਤੋਂ ਰਾਜ ਨੂੰ  ਚਿੰਬੜੀਆਂ ਜੋਕਾਂ ਨੂੰ  ਲਾਹੁਣ ਦਾ ਯਤਨ ਕਰਦੀਆਂ ਰਹੀਆਂ ਹਨ, ਪਰ ਹੁਣ ਤੱਕ ਕਿਸੇ ਵੀ ਸਰਕਾਰ ਨੂੰ  ਸਫਲਤਾ ਨਹੀਂ ਮਿਲੀ | ਰਾਜ ਦੀ ਮੌਜੂਦਾ ਸਰਕਾਰ ਨੇ ਵੀ ਇਨ੍ਹਾਂ ਸਮੱਸਿਆਵਾਂ ਦੀ ਜੜ੍ਹ ਨੂੰ  ਉਖਾੜਨ ਦੀ ਪੂਰੀ ਕੋਸ਼ਿਸ਼ ਕੀਤੀ ਹੈ | ਬਿਨਾਂ ਸ਼ੱਕ ਅਸੀਂ ਸਮਝਦੇ ਹਾਂ ਕਿ ਮੁੱਖ ਮੰਤਰੀ ਦੇ ਇਸ ਸੰਬੰਧੀ ਯਤਨਾਂ ਨਾਲ ਕਿਸੇ ਸਾਰਥਕ ਨਤੀਜੇ ਦੀ ਉਮੀਦ ਜ਼ਰੂਰ ਕੀਤੀ ਜਾ ਸਕਦੀ ਹੈ | ਰਾਜ ਵਿਚ ਨਿਵੇਸ਼ ਦੀਆਂ ਸੰਭਾਵਨਾਵਾਂ ਨੂੰ  ਜਿਸ ਤਰ੍ਹਾਂ ਦਰਸਾਇਆ ਗਿਆ ਹੈ, ਜੇ ਇਨ੍ਹਾਂ ਨੂੰ  ਬੂਰ ਪੈਂਦਾ ਹੈ ਤਾਂ ਇਹ ਰਾਜ ਦੇ ਸਮੂਹਿਕ ਹਿੱਤਾਂ ਅਤੇ ਰਾਜ ਦੀ ਨੌਜਵਾਨ ਪੀੜ੍ਹੀ ਦੀ ਬਿਹਤਰੀ ਲਈ ਸ਼ੁਭ ਸੰਕੇਤ ਸਿੱਧ ਹੋ ਸਕਦਾ ਹੈ |

ਪਿਛਲੀ ਖ਼ਬਰ ਰਿਸ਼ਤਿਆਂ 'ਚ ਲਿਆਓ ਨਿੱਘ ਅਗਲੀ ਖ਼ਬਰ ਰਾਸ਼ਟਰ ਨਿਰਮਾਣ ਨੂੰ ਸਮਰਪਿਤ ਇਕ ਸ਼ਖਸੀਅਤ-ਅਸ਼ੋਕ ਸਿੰਘਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।