12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

12-11-2026

12-11-2026

ਅਜੀਤ ਡੈਸਕ 12-11-2026

ਈਰਖਾ ਇਨਸਾਨ ਨੂੰ  ਖੋਖਲਾ ਕਰਦੀ ਹੈ 


ਈਰਖਾ ਇਨਸਾਨ ਨੂੰ  ਖੋਖਲਾ ਕਰ ਦਿੰਦੀ ਹੈ | ਕਿਉਂਕਿ ਈਰਖਾ 'ਚ ਸੜਨ ਵਾਲਾ ਇਨਸਾਨ ਈਰਖਾ ਦੀ ਅੱਗ 'ਚ ਇਸ ਤਰ੍ਹਾਂ ਸੜਦਾ ਰਹਿੰਦਾ ਹੈ ਕਿ ਇਕ ਦਿਨ ਉਹ ਖੁਦ ਇਸ ਅੱਗ 'ਚ ਸੜ ਕੇ ਸੁਆਹ ਬਣ ਜਾਂਦਾ ਹੈ | ਇਸ ਲਈ ਈਰਖਾ 'ਚ ਸੜਨ ਦੀ ਬਜਾਏ ਖੁਸ਼ ਮਿਜ਼ਾਜ ਬਣੋ, ਸਭ ਬਾਰੇ ਚੰਗਾ ਸੋਚੋ ਤੇ ਆਪਣੇ ਆਲੇ ਦੁਆਲੇ ਅਜਿਹਾ ਮਾਹੌਲ ਸਿਰਜੋ ਕਿ ਖੁਸ਼ੀਆਂ ਹੀ ਖੁਸ਼ੀਆਂ ਦਾ ਵਾਤਾਵਰਨ ਦਿੱਸੇ |
ਇਸ ਨਾਲ ਇਨਸਾਨ ਜਿੱਥੇ ਖ਼ੁਦ ਸਿਹਤਯਾਬ ਤੇ ਲੰਬੀ ਉਮਰ ਭੋਗ ਸਕਦਾ ਹੈ ਉੱਥੇ ਦੂਜਿਆਂ ਦੇ ਦਿਲਾਂ 'ਚ ਆਪਣੀ ਚੰਗੀ ਜਗ੍ਹਾ ਵੀ ਬਣਾ ਲੈਂਦਾ ਹੈ | ਹਮੇਸ਼ਾ ਯਾਦ ਰੱਖੋ ਕਿ ਈਰਖਾਲੂ ਇਨਸਾਨ ਜ਼ਿੰਦਗੀ 'ਚ ਕਦੇ ਕਾਮਯਾਬ ਨਹੀਂ ਹੁੰਦਾ ਤਰੱਕੀ ਕਰਨੀ ਹੈ ਤਾਂ ਇਨਸਾਨ ਨੂੰ  ਈਰਖਾ ਛੱਡਣੀ ਪਵੇਗੀ | ਆਪਣੇ ਸੁਭਾਅ ਨੂੰ  ਦਿਆਲੂ ਬਣਾਉਣਾ ਪਵੇਗਾ | ਮਿਲਵਰਤਣ ਦੀ ਭਾਵਨਾ ਨਾਲ ਸਭ ਨੂੰ  ਹੱਸ ਕੇ ਮਿਲਣਾ ਪਵੇਗਾ  |
-ਲੈਕਚਰਾਰ ਅਜੀਤ ਖੰਨਾ 
ਮਾਤ ਭਾਸ਼ਾ ਨਾ ਭੁੱਲੋ
ਦੁਨੀਆ ਨਾਲ ਜੁੜਨ ਲਈ ਅੱਜ ਅਸੀਂ ਅੰਗਰੇਜ਼ੀ ਸਿੱਖ ਰਹੇ ਹਾਂ ਪਰ ਕੀ ਇਸ ਦੌੜ ਵਿਚ ਅਸੀਂ ਆਪਣੀ ਮਾਤ ਭਾਸ਼ਾ ਨੂੰ  ਤਾਂ ਨਹੀਂ ਭੁਲਾ ਰਹੇ? ਅੰਗਰੇਜ਼ੀ ਸਾਡੇ ਲਈ ਤਰੱਕੀ ਦਾ ਸਾਧਨ ਹੋ ਸਕਦੀ ਹੈ, ਪਰ ਸਾਡੀ ਮਾਤ ਭਾਸ਼ਾ ਸਾਡੀ ਪਹਿਚਾਣ ਦੀ ਨਿਸ਼ਾਨੀ ਹੈ | ਮਾਤ ਭਾਸ਼ਾ ਸਿਰਫ ਸ਼ਬਦਾਂ ਦਾ ਮੇਲ ਨਹੀਂ, ਇਹ ਸਾਡੀ ਮਿੱਟੀ, ਸੱਭਿਆਚਾਰ ਅਤੇ ਵਿਰਾਸਤ ਦੀ ਆਵਾਜ਼ ਹੈ | ਤਰੱਕੀ ਦਾ ਅਰਥ ਆਪਣੀਆਂ ਜੜ੍ਹਾਂ ਤੋਂ ਦੂਰ ਹੋਣਾ ਨਹੀਂ ਸਗੋਂ ਆਪਣੀਆਂ ਜੜ੍ਹਾਂ ਨੂੰ  ਮਜ਼ਬੂਤ ਰੱਖਦਿਆਂ ਦੁਨੀਆਂ ਨਾਲ ਕਦਮ ਮਿਲਾਉਣਾ ਹੈ | ਸਾਨੂੰ ਅੰਗਰੇਜ਼ੀ ਦੀ ਲੋੜ ਹੈ ਪਰ ਆਪਣੀ ਮਾਤ ਭਾਸ਼ਾ ਦੀ ਕੀਮਤ 'ਤੇ ਨਹੀਂ | 'ਆਓ ਅੰਗਰੇਜ਼ੀ ਨੂੰ  ਆਪਣੀ ਤਰੱਕੀ ਦੇ ਖੰਭ ਬਣਾਈਏ, ਪਰ ਮਾਤ ਭਾਸ਼ਾ ਨੂੰ  ਆਪਣੀਆਂ ਜੜ੍ਹਾਂ ਬਣਾਈ ਰੱਖੀਏ |'

ਜਸ਼ਨਪ੍ਰੀਤ ਕੌਰ 
ਸਰਹਿੰਦ

ਖੋਖਲਾ ਜਿਹਾ ਸਮਾਜ


ਅੱਜ ਦੇ ਸਮਾਜ ਦੀ ਸਥਿਤੀ ਨੂੰ  ਦੇਖ ਕੇ ਮਨ ਵਿਚ ਕਈ ਸਵਾਲ ਉੱਠਦੇ ਹਨ | ਆਪਣੇ ਬੱਚਿਆਂ ਨੂੰ  ਬਚਪਨ ਤੋਂ ਹੀ ਸੱਚ ਬੋਲਣਾ, ਵੱਡਿਆਂ ਦਾ ਸਤਿਕਾਰ ਕਰਨਾ, ਚੋਰੀ ਨਾ ਕਰਨੀ, ਇਮਾਨਦਾਰੀ ਨਾਲ ਰਹਿਣਾ ਅਤੇ ਦੂਜਿਆਂ ਦੀ ਮਦਦ ਕਰਨੀ ਸਿਖਾਉਂਦੇ ਹਾਂ | ਮਾਪੇ ਅਤੇ ਅਧਿਆਪਕ ਬੱਚਿਆਂ ਨੂੰ  ਚੰਗੇ ਇਨਸਾਨ ਬਣਾਉਣ ਲਈ ਬਹੁਤ ਮਿਹਨਤ ਕਰਦੇ ਹਨ |
ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜ ਸਮਾਜ ਵਿਚ ਝੂਠ, ਚੋਰੀ, ਭਿ੍ਸ਼ਟਾਚਾਰ, ਨਫ਼ਰਤ, ਧੱਕੇਸ਼ਾਹੀ ਅਤੇ ਕਤਲ ਵਰਗੀਆਂ ਘਟਨਾਵਾਂ ਦੇਖਣ ਨੂੰ  ਮਿਲਦੀਆਂ ਹਨ | ਹਰ ਵਿਅਕਤੀ ਅਜਿਹਾ ਨਹੀਂ ਹੈ, ਪਰ ਕੁਝ ਲੋਕਾਂ ਦੇ ਮਾੜੇ ਕੰਮ ਸਮਾਜ ਦੀ ਤਸਵੀਰ ਨੂੰ  ਖ਼ਰਾਬ ਕਰਦੇ ਹਨ | ਸਵਾਲ ਇਹ ਹੈ ਕਿ ਜਦੋਂ ਬੱਚੇ ਆਪਣੇ ਆਲੇ-ਦੁਆਲੇ ਅਜਿਹੀਆਂ ਘਟਨਾਵਾਂ ਦੇਖਦੇ ਹਨ, ਤਾਂ ਉਹ ਚੰਗੇ ਸੰਸਕਾਰਾਂ ਤੋਂ ਕੀ ਸਿੱਖਣਗੇ?
ਅਸੀਂ ਇਕ ਚੰਗੇ ਸਮਾਜ ਦੀ ਉਮੀਦ ਕਿਵੇਂ ਕਰ ਸਕਦੇ ਹਾਂ? ਇਸ ਦਾ ਜਵਾਬ ਸਾਡੇ ਆਪਣੇ ਵਿਹਾਰ ਵਿਚ ਲੁਕਿਆ ਹੋਇਆ ਹੈ | ਸਮਾਜ ਨੂੰ  ਬਦਲਣ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ  ਬਦਲਣਾ ਪਵੇਗਾ | ਮਾਪਿਆਂ ਨੂੰ  ਬੱਚਿਆਂ ਸਾਹਮਣੇ ਚੰਗੀ ਮਿਸਾਲ ਪੇਸ਼ ਕਰਨੀ ਚਾਹੀਦੀ ਹੈ | ਅਧਿਆਪਕਾਂ ਨੂੰ  ਪੜ੍ਹਾਈ ਦੇ ਨਾਲ ਨੈਤਿਕ ਸਿੱਖਿਆ ਵੀ ਦੇਣੀ ਚਾਹੀਦੀ ਹੈ | ਸਰਕਾਰ ਅਤੇ ਪ੍ਰਸ਼ਾਸਨ ਨੂੰ  ਕਾਨੂੰਨ ਦੀ ਪਾਲਣਾ ਯਕੀਨੀ ਬਣਾਉਣੀ ਚਾਹੀਦੀ ਹੈ |
ਸਾਨੂੰ ਜਾਤ-ਪਾਤ, ਧਰਮ ਅਤੇ ਅਮੀਰੀ-ਗਰੀਬੀ ਦੇ ਆਧਾਰ 'ਤੇ ਵਿਤਕਰਾ ਕਰਨ ਦੀ ਬਜਾਏ ਆਪਸੀ ਭਾਈਚਾਰੇ ਨੂੰ  ਮਜ਼ਬੂਤ ਕਰਨਾ ਚਾਹੀਦਾ ਹੈ | ਸੱਚ ਬੋਲਣ ਵਾਲੇ ਦਾ ਸਾਥ ਦੇਣਾ, ਗ਼ਲਤ ਕੰਮ ਦਾ ਵਿਰੋਧ ਕਰਨਾ ਅਤੇ ਲੋੜਵੰਦਾਂ ਦੀ ਮਦਦ ਕਰਨਾ ਸਾਡਾ ਫ਼ਰਜ਼ ਹੈ |

-ਬਿਕਰਮਜੀਤ ਸਿੰਘ ਸਠਿਆਲਾ

ਹਰੇਕ ਨੂੰ  ਬਰਾਬਰੀ ਦਾ ਹੱਕ ਮਿਲੇ

ਆਮ ਇਨਸਾਨ ਆਪਣੀ ਪੂਰੀ ਜ਼ਿੰਦਗੀ ਮਿਹਨਤ, ਸਬਰ ਅਤੇ ਉਮੀਦ ਨਾਲ ਗੁਜ਼ਾਰ ਦਿੰਦਾ ਹੈ | ਜਦੋਂ ਉਸ ਨਾਲ ਬੇਇਨਸਾਫ਼ੀ ਹੁੰਦੀ ਹੈ, ਉਹ ਦਰ-ਦਰ ਇਨਸਾਫ਼ ਦੀ ਭਾਲ ਕਰਦਾ ਹੈ, ਪਰ ਕਈ ਵਾਰ ਉਸ ਦੀ ਆਵਾਜ਼ ਭੀੜ ਵਿਚ ਗੁੰਮ ਹੋ ਜਾਂਦੀ ਹੈ ਅਤੇ ਉਸ ਦੀ ਉਡੀਕ ਸਾਲਾਂ ਲੰਬੀ ਹੋ ਜਾਂਦੀ ਹੈ | ਸਵਾਲ ਇਹ ਨਹੀਂ ਕਿ ਕਾਨੂੰਨ ਮੌਜੂਦ ਹੈ ਜਾਂ ਨਹੀਂ, ਸਵਾਲ ਇਹ ਹੈ ਕਿ ਕੀ ਇਕ ਆਮ ਇਨਸਾਨ ਤੱਕ ਇਨਸਾਫ਼ ਸਮੇਂ ਸਿਰ ਪਹੁੰਚਦਾ ਹੈ? ਜਦੋਂ ਸੱਚ ਨੂੰ  ਸਾਬਤ ਕਰਨ ਲਈ ਉਮਰ ਲੰਘ ਜਾਵੇ, ਤਾਂ ਇਨਸਾਫ਼ ਦੀ ਉਮੀਦ ਵੀ ਥੱਕਣ ਲੱਗ ਪੈਂਦੀ ਹੈ | ਇਕ ਸਮਾਜ ਦੀ ਅਸਲ ਤਾਕਤ ਉਸ ਵੇਲੇ ਸਾਬਤ ਹੁੰਦੀ ਹੈ, ਜਦੋਂ ਸਭ ਤੋਂ ਕਮਜ਼ੋਰ ਅਤੇ ਆਮ ਇਨਸਾਨ ਨੂੰ  ਵੀ ਬਰਾਬਰੀ ਨਾਲ ਇਨਸਾਫ਼ ਮਿਲੇ | ਕਿਉਂਕਿ ਜਿਸ ਸਮਾਜ ਵਿਚ ਆਮ ਆਦਮੀ ਦੀ ਸੁਣਵਾਈ ਨਹੀਂ ਹੁੰਦੀ, ਉੱਥੇ ਭਰੋਸਾ ਹੌਲੀ-ਹੌਲੀ ਖ਼ਤਮ ਹੋ ਜਾਂਦਾ ਹੈ |

-ਮੰਜੂ ਰਾਇਕਾ
ਸੰਗਰੂਰ |

ਪਿਛਲੀ ਖ਼ਬਰ ਵਿਚਾਰ-ਪ੍ਰਵਾਹ ਅਗਲੀ ਖ਼ਬਰ 'ਲਗਾਅ - ਪਿਆਰ ਦਾ ਸਫ਼ਰ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।