ਕੈਨੇਡਾ ਦੀ ਸੁਪਰੀਮ ਕੋਰਟ ਵਲੋਂ ਵਿਵਾਦਪੂਰਨ ‘ ਧਰਮ - ਨਿਰਪੱਖਤਾ ਕਾਨੂੰਨ ’ ਬਰਕਰਾਰ
ਟੋਰਾਂਟੋ, 27 ਨਵੰਬਰ (ਸਤਪਾਲ ਸਿੰਘ ਜੌਹਲ)-ਕੈਨੇਡਾ ਦੀ ਸੁਪਰੀਮ ਕੋਰਟ ਨੇ ਕਿਊਬੈਕ ਦੇ ਵਿਵਾਦਪੂਰਨ ‘ਧਰਮ-ਨਿਰਪੱਖਤਾ ਕਾਨੂੰਨ’ ਨੂੰ, ਇਕ ਹਿੱਸੇ ਨੂੰ ਛੱਡ ਕੇ, ਬਰਕਰਾਰ ਰੱਖਿਆ ਹੈ। ਅਦਾਲਤ ਨੇ ਫੈਸਲਾ ਦਿੱਤਾ ਹੈ ਕਿ ਸੂਬਾਈ ਸਰਕਾਰ ਦੁਆਰਾ ਇਸ ਕਾਨੂੰਨ ਨੂੰ ਲਾਗੂ ਕਰਨ ਲਈ ਸੰਵਿਧਾਨ ਦੀ ‘ਨੌਟਵਿਦਸਟੈਂਡਿੰਗ ਕਲਾਜ਼’ ਦੀ ਵਰਤੋਂ ਜਾਇਜ਼ ਸੀ।
ਟੋਰਾਂਟੋ, 27 ਨਵੰਬਰ (ਸਤਪਾਲ ਸਿੰਘ ਜੌਹਲ)-ਕੈਨੇਡਾ ਦੀ ਸੁਪਰੀਮ ਕੋਰਟ ਨੇ ਕਿਊਬੈਕ ਦੇ ਵਿਵਾਦਪੂਰਨ ‘ਧਰਮ-ਨਿਰਪੱਖਤਾ ਕਾਨੂੰਨ’ ਨੂੰ, ਇਕ ਹਿੱਸੇ ਨੂੰ ਛੱਡ ਕੇ, ਬਰਕਰਾਰ ਰੱਖਿਆ ਹੈ। ਅਦਾਲਤ ਨੇ ਫੈਸਲਾ ਦਿੱਤਾ ਹੈ ਕਿ ਸੂਬਾਈ ਸਰਕਾਰ ਦੁਆਰਾ ਇਸ ਕਾਨੂੰਨ ਨੂੰ ਲਾਗੂ ਕਰਨ ਲਈ ਸੰਵਿਧਾਨ ਦੀ ‘ਨੌਟਵਿਦਸਟੈਂਡਿੰਗ ਕਲਾਜ਼’ ਦੀ ਵਰਤੋਂ ਜਾਇਜ਼ ਸੀ। ਫੈਸਲਾ ਨਾ ਸਿਰਫ਼ ਕਿਊਬੈਕ ਸਰਕਾਰ ਲਈ, ਸਗੋਂ ਉਨ੍ਹਾਂ ਹੋਰ ਸੂਬਿਆਂ ਲਈ ਵੀ ਇਕ ਜਿੱਤ ਹੈ ਜਿਨ੍ਹਾਂ ਨੇ ਵਿਵਾਦਪੂਰਨ ਬਿੱਲਾਂ ਨੂੰ ਅਦਾਲਤੀ ਚੁਣੌਤੀਆਂ ਤੋਂ ਬਚਾਉਣ ਲਈ ‘ਚਾਰਟਰ ਆਫ਼ ਰਾਈਟਸ ਐਂਡ ਫਰੀਡਮਜ਼’ (ਅਧਿਕਾਰਾਂ ਤੇ ਆਜ਼ਾਦੀਆਂ ਦੇ ਚਾਰਟਰ) ਦੀ ਧਾਰਾ 33 - ‘ਨੌਟਵਿਦਸਟੈਂਡਿੰਗ ਕਲਾਜ਼’- ਦੀ ਵਰਤੋਂ ਕੀਤੀ ਹੈ। ਧਾਰਾ 33 ਸਰਕਾਰਾਂ ਨੂੰ ਅਜਿਹਾ ਕਾਨੂੰਨ ਬਣਾਉਣ ਦੀ ਇਜਾਜ਼ਤ ਦਿੰਦੀ ਹੈ ਜੋ ਚਾਰਟਰ ਦੁਆਰਾ ਦਿੱਤੇ ਗਏ ਕੁਝ ਅਧਿਕਾਰਾਂ ਨੂੰ ਪੰਜ ਸਾਲਾਂ ਦੀ ਨਵਿਆਉਣਯੋਗ ਮਿਆਦ ਲਈ ਮੁਅੱਤਲ ਜਾਂ ਨਜ਼ਰਅੰਦਾਜ਼ ਕਰ ਸਕਦਾ ਹੈ। ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਹਾਲ ਹੀ ਦੇ ਸਾਲਾਂ ਵਿਚ ਓਂਟਾਰੀਓ, ਅਲਬਰਟਾ ਤੇ ਸਸਕੈਚਵਨ ਵਰਗੇ ਸੂਬਿਆਂ ਦੁਆਰਾ ਇਸ ਧਾਰਾ ਦੀ ‘ਪਹਿਲਾਂ ਤੋਂ’ ਵਰਤੋਂ ਕਰਨ ਨੂੰ ਲੈ ਕੇ ਬਹਿਸ ਚੱਲ ਰਹੀ ਹੈ।