15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ-ਮੁੱਖ ਮੰਤਰੀ 27 ਅਕਤੂਬਰ ਨੂੰ ਜਲੰਧਰ ਵਿਖੇ ਸ਼ੁਰੂ ਹੋਵੇਗੀ ਅਤੇ 5 ਨਵੰਬਰ ਨੂੰ ਮੁਹਾਲੀ ਵਿਖੇ ਸਮਾਪਤ ਹੋਵੇਗੀ

ਐੱਸ. ਏ.

ਅਜੀਤ ਡੈਸਕ 15-09-2026
ਐੱਸ. ਏ. ਐੱਸ. ਨਗਰ, 14 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਪਹਿਲੀ ਵਾਰ ‘ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026’ ਦੀ ਮੇਜ਼ਬਾਨੀ ਕਰਕੇ ਇਤਿਹਾਸ ਰਚਣ ਲਈ ਤਿਆਰ ਹੈ। ਇਹ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਏਸ਼ੀਅਨ ਹਾਕੀ ਫੈਡਰੇਸ਼ਨ ਦੇ ਅਧਿਕਾਰੀਆਂ ਦੀ ਮੌਜੂਦਗੀ ਵਿਚ ਇਸ ਟੂਰਨਾਮੈਂਟ ਦਾ ਲੋਗੋ ਜਾਰੀ ਕਰਨ ਮੌਕੇ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਅੰਤਰਰਾਸ਼ਟਰੀ ਟੂਰਨਾਮੈਂਟ 27 ਅਕਤੂਬਰ ਤੋਂ 5 ਨਵੰਬਰ ਤੱਕ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਤੇ ਹਾਕੀ ਪ੍ਰੇਮੀਆਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਸਾਰੇ ਮੈਚਾਂ ਲਈ ਦਾਖ਼ਲਾ ਮੁਫ਼ਤ ਰੱਖਿਆ ਗਿਆ ਹੈ। ਅੱਜ ਮੁਹਾਲੀ ਵਿਖੇ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ‘ਇਤਿਹਾਸਕ ਮੈਨਜ਼ ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026’ ਪੰਜਾਬ ਲਈ ਸਿਰਫ਼ ਇਕ ਹਾਕੀ ਟੂਰਨਾਮੈਂਟ ਨਹੀਂ ਹੈ, ਸਗੋਂ ਇਹ ਉਸ ਧਰਤੀ ’ਤੇ ਇਸ ਖੇਡ ਦੀ ਵਾਪਸੀ ਹੈ, ਜਿਸ ਨੇ ਭਾਰਤੀ ਹਾਕੀ ਦੇ ਕਈ ਨਾਇਕਾਂ ਨੂੰ ਜਨਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਇਸ ਟੂਰਨਾਮੈਂਟ ਲਈ ਕੁੱਲ 25.40 ਕਰੋੜ ਰੁਪਏ ਦਾ ਬਜਟ ਮਨਜ਼ੂਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਜਲੰਧਰ ਸਥਿਤ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਲਈ 14 ਕਰੋੜ ਰੁ. ਅਤੇ ਮੁਹਾਲੀ ਸਥਿਤ ਓਲੰਪੀਅਨ ਬਲਬੀਰ ਸਿੰਘ (ਸੀਨੀਅਰ) ਅੰਤਰਰਾਸ਼ਟਰੀ ਹਾਕੀ ਸਟੇਡੀਅਮ ਲਈ 8.96 ਕਰੋੜ ਰੁ. ਖ਼ਰਚ ਕੀਤ ੇ ਜਾ ਰਹੇ ਹਨ। ਏਸ਼ੀਆ ਦੇ ਹਾਕੀ ਖੇਡਣ ਵਾਲੇ ਪ੍ਰਮੁੱਖ ਦੇਸ਼ਾਂ ‘ਚੋਂ ਭਾਰਤ, ਪਾਕਿਸਤਾਨ, ਜਪਾਨ, ਦੱਖਣੀ ਕੋਰੀਆ, ਮਲੇਸ਼ੀਆ ਅਤੇ ਚੀਨ ਆਪਸ ’ਚ ਮੁਕਾਬਲਾ ਕਰਨਗੇ, ਜਦਕਿ ਓਮਾਨ ਅਤੇ ਬੰਗਲਾਦੇਸ਼ ਰਿਜ਼ਰਵ ਟੀਮਾਂ ਵਜੋਂ ਸ਼ਾਮਿਲ ਹੋਣਗੇ। ਉਦਘਾਟਨੀ ਸਮਾਰੋਹ ਅਤੇ ਲੀਗ ਪੜਾਅ 27 ਅਕਤੂਬਰ ਤੋਂ 2 ਨਵੰਬਰ ਤੱਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਹੋਵੇਗਾ ਅਤੇ ਭਾਰਤ-ਪਾਕਿਸਤਾਨ ਮੈਚ 1 ਨਵੰਬਰ ਨੂੰ ‘ਪੰਜਾਬ ਦਿਵਸ’ ਵਾਲੇ ਦਿਨ ਹੀ ਖੇਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਟੂਰਨਾਮੈਂਟ ਦਾ ਅਗਲਾ ਪੜਾਅ ਓਲੰਪੀਅਨ ਬਲਬੀਰ ਸਿੰਘ (ਸੀਨੀਅਰ) ਇੰਟਰਨੈਸ਼ਨਲ ਹਾਕੀ ਸਟੇਡੀਅਮ, ਮੁਹਾਲੀ ਵਿਚ ਹੋਵੇਗਾ, ਜਿਥੇ ਕਿ 4 ਨਵੰਬਰ ਨੂੰ ਸੈਮੀਫਾਈਨਲ ਮੈਚ ਖੇਡੇ ਜਾਣਗੇ, ਜਦਕਿ ਚੈਂਪੀਅਨਸ਼ਿਪ ਦੀ ਸਮਾਪਤੀ 5 ਨਵੰਬਰ ਨੂੰ ਮੁਹਾਲੀ ਵਿਖੇ ਸ਼ਾਨਦਾਰ ਫਾਈਨਲ ਅਤੇ ਸਮਾਪਤੀ ਸਮਾਰੋਹ ਨਾਲ ਹੋਵੇਗੀ। ਇਸ ਮੌਕੇ ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਨਾਥ ਸਿੰਘ, ਡਾਇਰੈਕਟਰ ਜਨਰਲ ਕਮਾਂਡਰ ਆਰ. ਕੇ. ਸ੍ਰੀਵਾਸਤਵ, ਕਾਰਜਕਾਰੀ ਬੋਰਡ ਮੈਂਬਰ ਆਰ. ਪੀ. ਸਿੰਘ ਤੇ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਕੈਂਬਰਿਜ ਯੂਨੀਵਰਸਿਟੀ ’ ਚ ਡਾ . ਮਨਮੋਹਨ ਸਿੰਘ ਦੀ ਤਸਵੀਰ ਲਗਾਈ ਅਗਲੀ ਖ਼ਬਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।