ਯੂ.ਕੇ. ਭਰ ’ਚ ਸਿੱਖ-ਵਿਰੋਧੀ ਨਫ਼ਰਤ ’ਚ ਬੀਤੀ 14 ਮਈ ਤੋਂ ਬਾਅਦ ਭਾਰੀ ਵਾਧਾ ਸਿੱਖ ਨੈਟਵਰਕ ਦੇ ਸਰਵੇਖਣ ‘ਚ ਹੋਇਆ ਖੁਲਾਸਾ
ਅਜੀਤ ਡੈਸਕ
18-07-2026
ਬਰਤਾਨੀਆ ਭਰ ਦੇ 1,000 ਤੋਂ ਵੱਧ ਸਿੱਖਾਂ ਦੁਆਰਾ ਮੁਕੰਮਲ ਕੀਤਾ ਗਿਆ ਇਹ ਸਰਵੇਖਣ ਵਧ ਰਹੀ ਨਫਰਤ, ਡਰ ਤੇ ਪੁਲਿਸ ਵਿਚ ਘਟਦੇ ਭਰੋਸੇ ਦੀ ਇਕ ਪਰੇਸ਼ਾਨ ਕਰਨ ਵਾਲੀ ਤਸਵੀਰ ਪੇਸ਼ ਕਰਦਾ ਹੈ। ਸਰਵੇਖਣ ਅਨੁਸਾਰ 40 ਫ਼ੀਸਦ ਨੇ ਨਿੱਜੀ ਤੌਰ ’ਤੇ ਸਿੱਖ-ਵਿਰੋਧੀ ਨਫ਼ਰਤੀ ਅਪਰਾਧ ਦਾ ਸਾਹਮਣਾ ਕਰਨ ਜਾਂ ਇਸ ਦੇ ਗਵਾਹ ਬਣਨ ਦੀ ਗੱਲ ਮੰਨੀ ਹੈ, ਜਿਸ ਦੌਰਾਨ 500 ਤੋਂ ਵੱਧ ਵਿਅਕਤੀਗਤ ਘਟਨਾਵਾਂ ਦਰਜ ਕੀਤੀਆਂ ਗਈਆਂ। 90 ਫ਼ੀਸਦ ਦਾ ਮੰਨਣਾ ਹੈ ਕਿ ਮਈ ਦੇ ਅੱਧ ਤੋਂ ਬਾਅਦ ਸਿੱਖ-ਵਿਰੋਧੀ ਨਫ਼ਰਤ ’ਚ ਵਾਧਾ ਹੋਇਆ ਹੈ, ਜਿਨ੍ਹਾਂ ਵਿਚੋਂ 61 ਫ਼ੀਸਦ ਨੇ ਇਸ ਵਾਧੇ ਨੂੰ ਬਹੁਤ ਵੱਡਾ ਦੱਸਿਆ ਹੈ। 2-ਤਿਹਾਈ ਤੋਂ ਵੱਧ ਲੋਕਾਂ ਦਾ ਮੰਨਣਾ ਸੀ ਕਿ ਇਹ ਵਾਧਾ ਉਸ ਸਮੇਂ ਹੋਇਆ ਜਦੋਂ ਸਿਆਸਤਦਾਨਾਂ ਨੇ ਜਨਤਕ ਤੌਰ ’ਤੇ ਅਤੇ ਗਲਤ ਢੰਗ ਨਾਲ ਪਵਿੱਤਰ ਕਿਰਪਾਨ ’ਤੇ ਸਵਾਲ ਉਠਾਏ, ਜਿਸ ਨਾਲ ਅਜਿਹਾ ਮਾਹੌਲ ਸਿਰਜਿਆ ਗਿਆ। 53 ਫ਼ੀਸਦ ਉੱਤਰਦਾਤਾਵਾਂ ਖਾਸ ਕਰਕੇ ਬਜ਼ੁਰਗ ਸਿੱਖਾਂ ਨੇ ਕਿਹਾ ਕਿ ਉਹ ਹੁਣ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਅਤੇ 2-ਤਿਹਾਈ ਲੋਕਾਂ ਨੇ ਆਪਣੀ ਰੋਜ਼ਾਨਾ ਦੀ ਦਿਨਚਰਿਆ ਬਦਲ ਦਿੱਤੀ ਹੈ। ਸਰਵੇਖਣ ਮੁਤਾਬਿਕ ਲਗਭਗ 50 ਫ਼ੀਸਦ ਘਟਨਾਵਾਂ ਜ਼ੁਬਾਨੀ ਬਦਸਲੂਕੀ, 25 ਫ਼ੀਸਦ ਤੋਂ ਘੱਟ ਘਟਨਾਵਾਂ ਆਨਲਾਈਨ ਦੁਰਵਿਵਹਾਰ, 15 ਫ਼ੀਸਦ ਪਰੇਸ਼ਾਨ ਕਰਨ ਤੇ ਡਰਾਉਣ-ਧਮਕਾਉਣ ਅਤੇ ਲਗਭਗ 10 ਫ਼ੀਸਦ ਭੰਨਤੋੜ, ਸਰੀਰਕ ਹਮਲੇ ਨਾਲ ਸਬੰਧਤ ਸੀ। 10 ’ਚੋਂ 7 ਉੱਤਰਦਾਤਾਵਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ’ਤੇ ਭਰੋਸਾ ਨਹੀਂ ਹੈ ਕਿ ਪੁਲਿਸ ਸਿੱਖ-ਵਿਰੋਧੀ ਨਫ਼ਰਤੀ ਅਪਰਾਧਾਂ ਨੂੰ ਗੰਭੀਰਤਾ ਨਾਲ ਲਵੇਗੀ।
ਸਾਰਥਕ ਕਦਮ ਚੁੱਕਣ ਦੀ ਲੋੜ-ਸਿੱਖ ਨੈੱਟਵਰਕ
ਸਿੱਖ ਨੈੱਟਵਰਕ ਦੇ ਬੁਲਾਰੇ ਨੇ ਕਿਹਾ ਕਿ ਇਹ ਨਤੀਜੇ ਹਰ ਕਿਸੇ ਲਈ ਚਿੰਤਾ ਦਾ ਵਿਸ਼ਾ ਹੋਣੇ ਚਾਹੀਦੇ ਹਨ। ਆਪਣੇ ਧਰਮ ਦੇ ਆਲੇ-ਦੁਆਲੇ ਚੱਲ ਰਹੀ ਜਨਤਕ ਬਹਿਸ ਕਾਰਨ ਕਿਸੇ ਵੀ ਭਾਈਚਾਰੇ ਨੂੰ ਅਸੁਰੱਖਿਅਤ ਮਹਿਸੂਸ ਨਹੀਂ ਕਰਨਾ ਚਾਹੀਦਾ। ਉੱਤਰਦਾਤਾਵਾਂ ਦਾ ਸਭ ਤੋਂ ਵੱਡਾ ਸੁਨੇਹਾ ਇਹ ਹੈ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਸਿੱਖ-ਵਿਰੋਧੀ ਨਫ਼ਰਤ ’ਚ ਬਹੁਤ ਵਾਧਾ ਹੋਇਆ ਹੈ, ਤੇ ਕਈਆਂ ਦਾ ਮੰਨਣਾ ਹੈ ਕਿ ਗੈਰ-ਜ਼ਿੰਮੇਵਾਰਾਨਾ ਜਨਤਕ ਟਿੱਪਣੀਆਂ ਨੇ ਇਸ ਮਾਹੌਲ ਨੂੰ ਸਿਰਜਣ ’ਚ ਯੋਗਦਾਨ ਪਾਇਆ ਹੈ। ਜਿਸ ਲਈ ਸਾਰਥਕ ਕਦਮ ਚੁੱਕਣ ਦੀ ਲੋੜ ਹੈ।