ਲੰਡਨ, 14 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ’ਚ ਹਥਿਆਰ ਰੱਖਣ, ਹਵਾਲਾ ਰਾਸ਼ੀ ਆਦਿ ਦੋਸ਼ਾਂ ਤਹਿਤ ਚਾਰ ਪੰਜਾਬੀਆਂ ਨੂੰ ਕੈਦ ਦੀ ਸਜ਼ਾ ਸੁਣਾਈ ਹੈ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਇੰਗਲੈਂਡ ਦੇ ਸ਼ਹਿਰ ਬਰਮਿੰੰਘਮ ਰਸਕਿਨ ਸਟ੍ਰੀਟ ਵਿਚ ਇਕ ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਹਰਕਤ ’ਚ ਆਈ ਪੁਲਿਸ ਨੇ ਵੁਲਵਰਹੈਂਪਟਨ ’ਚ ਇਕ ਕਾਰ ਨੂੰ ਰੋਕ ਕੇ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ। ਜਿਹਨਾਂ ਕੋਲੋਂ ਇਕ ਹਥਿਆਰ ਵੀ ਬਰਾਮਦ ਕੀਤਾ ਗਿਆ। ਪੁਲਿਸ ਮੁਤਾਬਿਕ ਇਕ ਇਮਾਰਤ ਉਸਾਰੀ ਮਜ਼ਦੂਰ ‘ਤੇ ਲੋਹੇ ਦੀਆਂ ਪਾਈਪਾਂ ਅਤੇ ਰਾਡਾਂ ਨਾਲ ਹਮਲਾ ਕੀਤਾ ਗਿਆ ਸੀ। ਇਸ ਹਮਲੇ ਵਿਚ ਪੀੜਤ ਦੀਆਂ ਦੋਵੇਂ ਲੱਤਾਂ ਤੇ ਖੱਬੀ ਬਾਂਹ ਟੁੱਟ ਗਈ ਸੀ, ਜਿਸ ਕਾਰਨ ਉਸ ਨੂੰ ਸਰਜਰੀ ਕਰਵਾਉਣੀ ਪਈ। ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਕ ਚਿੱਟੇ ਰੰਗ ਦੀ ਬੀ.ਐਮ.ਡਬਲਯੂ. ਕਾਰ ਵਿਚ ਫ਼ਰਾਰ ਹੋ ਗਏ ਸਨ। ਤਿੰਨ ਦਿਨਾਂ ਬਾਅਦ, ਜਦੋਂ ਇਹ ਕਾਰ ਲੰਡਨ ਤੋਂ ਬਲੈਕ ਕੰਟਰੀ ਰੂਟ ਰਾਹੀਂ ਸਪਰਿੰਗ ਵੇਲ ਆਈਲੈਂਡ ਨੇੜੇ ਵੁਲਵਰਹੈਂਪਟਨ ਵੱਲ ਜਾ ਰਹੀ ਸੀ, ਤਾਂ ਹਥਿਆਰਬੰਦ ਪੁਲਿਸ ਨੇ ਇਸ ਨੂੰ ਰੋਕ ਲਿਆ। ਜਾਰੀ ਕੀਤੀ ਵੀਡੀਓ ’ਚ ਨੌਜਵਾਨਾਂ ਕੋਲੋਂ 11 ਗੋਲੀਆਂ ਨਾਲ ਲੋਡ ਕੀਤੀ ਇਕ ਪਿਸਤੌਲ ਤੇ ਕਾਰ ਦੇ ਪਿਛਲੇ ਹਿੱਸੇ ਵਿੱਚੋਂ ਤਲਵਾਰਾਂ ਤੇ ਹੋਰ ਮਾਰੂ ਹਥਿਆਰ ਬਰਾਮਦ ਹੋਏ। ਉਕਤ ਮਾਮਲੇ ’ਚ ਵਲਵਰਹੈਂਪਟਨ ਕਰਾਊਨ ਕੋਰਟ ਨੇ 9 ਜੁਲਾਈ ਨੂੰ ਹਥਿਆਰ, ਤਲਵਾਰਾਂ ਰੱਖਣ ਦੇ ਦੋਸ਼ਾਂ ਤਹਿਤ ਗੁਰਵਿੰਦਰ ਸਿੰਘ (25 ਸਾਲ), ਨਿਵਾਸੀ ਈਲੰਗ, ਲੰਡਨ ਨੂੰ 5 ਸਾਲ ਤੇ 11 ਮਹੀਨੇ ਕੈਦ, ਹਰਪਨਦੀਪ ਸਿੰਘ (23 ਸਾਲ), ਨਿਵਾਸੀ ਹੈਕਨੀ, ਲੰਡਨ ਨੂੰ 7 ਸਾਲ ਕੈਦ, ਹਰਸ਼ਹਿਜਦੀਪ ਸਿੰਘ (21 ਸਾਲ), ਨਿਵਾਸੀ ਈਲਿੰਗ, ਲੰਡਨ ਨੂੰ 6 ਸਾਲ ਅਤੇ 8 ਮਹੀਨੇ ਕੈਦ, ਜ਼ੋਰਾਵਰ ਸਿੰਘ (31 ਸਾਲ) ਜਿਸ ਦਾ ਪੱਕਾ ਪਤਾ ਨਹੀਂ ਨੂੰ 6 ਸਾਲ ਅਤੇ 2 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ।