25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਹੈਨਰੀ ਨੋਵਾਕ ਮਾਮਲੇ ’ਤੇ ਬਰਤਾਨੀਆ ਦੇ ਸਿੱਖ ਸੰਸਦ ਮੈਂਬਰ ਵੱਲੋਂ ਘਟਨਾ ਦੀ ਨਿੰਦਾ

ਅਜੀਤ ਡੈਸਕ 03-06-2026

ਲੰਡਨ, 2 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਹੈਨਰੀ ਨੌਵਾਕ ਮਾਮਲੇ ‘ਚ ਅੱਜ ਬਰਤਾਨੀਆਂ ਦੀ ਸੰਸਦ ‘ਚ ਬਹਿਸ ਹੋਈ, ਜਿਸ ਦੌਰਾਨ ਸਿੱਖ ਸੰਸਦ ਮੈਂਬਰਾਂ ਨੇ ਘਟਨਾਂ ਦੀ ਸਖ਼ਤ ਨਿੰਦਾ ਕਰਦਿਆਂ ਪੀੜਤ ਹੈਨਰੀ ਨੋਵਾਕ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਕਿਰਪਾਨ ਨੂੰ ਲੇ ਕੇ ਕਿਸੇ ਤਰ੍ਹਾਂ ਦੀ ਸਮੀਖਿਆ ਕਰਨ ਤੋਂ ਨਾਂਹ ਕੀਤੀ ਹੈ। ਇਸ ਮੌਕੇ ਸੰਸਦ ਮੈਂਬਰ ਜਸ ਅਠਵਾਲ ਚੇਅਰਮੈਨ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫਾਰ ਸਿੱਖਸ, ਸਤਵੀਰ ਕੌਰ, ਕੀਰਥ ਐਂਟਵਿਸਲ, ਵਰਿੰਦਰ ਜੱਸ, ਪ੍ਰੀਤ ਕੌਰ ਗਿੱਲ, ਹਰਪ੍ਰੀਤ ਕੌਰ ਉੱਪਲ, ਸੋਨੀਆ ਕੁਮਾਰ, ਜੀਵਨ ਸੰਧਰ, ਬਾਗੀ ਸ਼ੰਕਰ, ਗੁਰਿੰਦਰ ਸਿੰਘ ਜੋਸ, ਤਨਮਨਜੀਤ ਸਿੰਘ ਢੇਸੀ (ਸਾਰੇ ਸੰਸਦ ਮੈਂਬਰ) ਨੇ ਸਾਂਝਾ ਪੱਤਰ ਜਾਰੀ ਕਰਦਿਆਂ ਕਿਹਾ ਕਿ ਅਸੀਂ ਹੈਨਰੀ ਨੋਵਾਕ ਦੀ ਬੇਵਕਤੀ ਤੇ ਦੁਖਦਾਈ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਅਤੇ ਪਿਆਰਿਆਂ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ। ਬਿਆਨ ‘ਚ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਮਾਮਲਾ ਵਿਕਰਮ ਦਿਗਵਾ ਦੁਆਰਾ ਹੈਨਰੀ ਨੋਵਾਕ ਦੇ ਕੀਤੇ ਗਏ ਕਤਲ ਬਾਰੇ ਹੈ। ਇਹ ਨਸਲਵਾਦ ਜਾਂ ਧਰਮ ਦਾ ਮਾਮਲਾ ਨਹੀਂ ਸੀ, ਬਲਕਿ ਇਕ ਵਿਅਕਤੀ ਦਾ ਅਪਰਾਧਿਕ ਮਾਮਲਾ ਸੀ, ਜੋ ਆਪਣੇ ਕੰਮਾਂ ਲਈ ਖੁਦ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਅਫਸੋਸ ਕਿ ਰਿਫਾਰਮ ਯੂ.ਕੇ. ਤੇ ਰੀਸਟੋਰ ਪਾਰਟੀ ਨੇ ਲੋਕਾਂ ਦੇ ਦੁੱਖ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਪਾਰਟੀਆਂ ਧਾਰਮਿਕ ਕਿਰਪਾਨ ਪਹਿਨਣ ਨੂੰ ਲੈ ਕੇ ਸਿੱਖ ਭਾਈਚਾਰੇ ਤੇ ਨਿਸ਼ਾਨਾ ਸਾਧ ਰਹੀਆਂ ਹਨ, ਜਦੋਂ ਕਿ ਇਸ ਹਮਲੇ ‘ਚ ਕਿਰਪਾਨ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਗਈ ਸੀ। ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਕਿਹਾ ਕਿ ਇਹ ਮਾਮਲਾ ਸਿੱਖ ਧਰਮ ਜਾਂ ਨਸਲਵਾਦ ਦਾ ਨਹੀਂ ਹੈ, ਸਗੋਂ ਇਹ ਸਿੱਧਾ ਕਤਲ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਦੇਸ਼ ‘ਚ ਸਮੂਹਿਕ ਸਜ਼ਾ ਦੇਣ ਵਿੱਚ ਵਿਸ਼ਵਾਸ ਨਹੀਂ ਰੱਖਦੇ। ਉਹਨਾਂ ਨੇ ਕਿਰਪਾਨ ਨੂੰ ਲੇ ਕੇ ਕਿਸੇ ਤਰ੍ਹਾਂ ਦੀ ਕਾਨੂੰਨੀ ਸਮੀਖਿਆ ਕਰਨ ਤੋਂ ਨਾਂਹ ਕੀਤੀ ਹੈ।
ਕਿਰਪਾਨ ’ਤੇ ਪਾਬੰਦੀ ਦਾ ਵਿਰੋਧ ਕਰਨ ’ਤੇ ਢੇਸੀ ਨੂੰ ਪੰਜਾਬ ਚਲੇ ਜਾਣ ਦੀ ਦਿੱਤੀ ਸਲਾਹ
ਬਰਤਾਨੀਆ ਦੇ ਪਹਿਲੇ ਸਿੱਖ ਸੰਸਦ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਕੁੱਝ ਪਾਰਟੀਆਂ ਵਲੋਂ ਕਿਰਪਾਨ ‘ਤੇ ਪਾਬੰਦੀ ਲਗਾਉਣ ਦੀ ਗੱਲ ਦਾ ਵਿਰੋਧ ਕੀਤਾ। ਰੀਸਟੋਰ ਪਾਰਟੀ ਦੇ ਸੰਸਦ ਮੈਂਬਰ ਰੂਪਰਟ ਲੋਅ ਨੇ ਸ਼ੋਸ਼ਲ ਮੀਡੀਆ ‘ਤੇ ਕਿਹਾ ਕਿ ਰੀਸਟੋਰ ਬਰਤਾਨਵੀ ਸਰਕਾਰ ਮੌਕੇ ਸਭ ਬਰਾਬਰ ਹੋਣਗੇ। ਗੈਰ-ਬਰਤਾਨਵੀ ਧਾਰਮਿਕ ਨਿਯਮਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜਾਂ ਮਾਨਤਾ ਨਹੀਂ ਦਿੱਤੀ ਜਾਵੇਗੀ। ਇਸੇ ਤਰ੍ਹਾਂ ਸੰਸਦ ਮੈਂਬਰ ਕੈਥਰੀਨ ਬਲੇਕਲੌਕ ਨੇ ਸ਼ੋਸ਼ਲ ਮੀਡੀਆ ‘ਤੇ ਢੇਸੀ ਦੇ ਪਿੰਡ ਵਾਲੀ ਤਸਵੀਰ ਸਾਂਝੀ ਕਰਦਿਆਂ ਕਿਹਾ ਢੇਸੀ ਮੈਨੂੰ ਤੇ ਹੋਰਾਂ ਨੂੰ ਨਸਲਵਾਦੀ ਕਹਿ ਰਹੇ ਹਨ, ਪਰ ਉਹ ਭਾਰਤ ਦੀ ਬਜਾਏ ਯੂ.ਕੇ. ਵਿਚ ਰਹਿਣ ਦਾ ਫ਼ੈਸਲਾ ਕਰਦਾ ਹੈ, ਜਿੱਥੇ ਉਸ ਕੋਲ ਨਾਗਰਿਕਤਾ ਲੈਣ ਦਾ ਅਧਿਕਾਰ ਵੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਉਹ ਆਪਣੇ ਪਿੰਡ ਵਾਪਸ ਚਲੇ ਜਾਣਗੇ।
ਪ੍ਰਧਾਨ ਮੰਤਰੀ ਕੀਰ ਸਟਾਰਮਰ ਵੱਲੋਂ ਘਟਨਾ ਦੀ ਨਿੰਦਾ
ਇਸ ਸੰਬੰਧੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਪੁਲਿਸ ‘ਤੇ ਬਹੁਤ ਹੀ ਗੰਭੀਰ ਸਵਾਲ ਖੜ੍ਹੇ ਕਰਦੇ ਹੋਏ। ਇਸ ਘਟਨਾ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਆਈ..ਪੀ.ਸੀ. ਨੂੰ ਇਸ ਮਾਮਲੇ ਵਿੱਚ ਦੇਖਣਾ ਹੋਵੇਗਾ, ਇਹਨਾਂ ਬਹੁਤ ਗੰਭੀਰ ਸਵਾਲਾਂ ਦਾ ਪੁਲਿਸ ਨੂੰ ਜਵਾਬ ਦੇਣਾ ਪਵੇਗਾ। ਇਸ ਦੇ ਨਾਲ ਹੀ ਹੈਂਪਸ਼ਾਇਰ ਪੁਲਿਸ ਨੇ ਕਿਹਾ ਹੈ ਕਿ ਘਟਨਾ ‘ਚ ਸ਼ਾਮਿਲ ਚਾਰ ਪੁਲਿਸ ਅਧਿਕਾਰੀਆਂ ‘ਚੋਂ ਇਕ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਉਹਨਾਂ ਸਿੱਖਾਂ ਦੀ ਸੁਰੱਖਿਆ ਅਤੇ ਭਰੋਸੇ ਦੀ ਮੰਗ ਕੀਤੀ ਤੇ ਕਿਹਾ ਕਿ ਸਿੱਖ ਖੁਦ ਇਸ ਕਤਲ ਤੋਂ ਨਿਰਾਸ਼ ਅਤੇ ਸਦਮੇਂ ‘ਚ ਹਨ। ਸੰਸਦ ਮੈਂਬਰ ਗੁਰਿੰਦਰ ਜੋਸਨ ਨੇ ਕਤਲ ਦੀ ਨਿੰਦਾ ਕਰਦਿਆਂ ਕਿਹਾ ਕਿ ਸਿੱਖ ਧਾਰਮਿਕ ਮਰਿਯਾਦਾ ਅਨੁਸਾਰ 5 ਕਕਾਰ ਧਾਰਨ ਕਰਦੇ ਹਨ। ਜਿਸ ‘ਚ ਕਿਰਪਾਨ ਵੀ ਸ਼ਾਮਿਲ ਹੈ। ਇਸ ਘਟਨਾਂ ਨੇ ਸਭ ਦੇ ਮਨਾਂ ‘ਤੇ ਪ੍ਰਭਾਵ ਪਾਇਆ ਹੈ। ਇਸ ਘਟਨਾਂ ਲਈ ਕਿਸੇ ਵੀ ਧਾਰਮਿਕ ਦਲੀਲ ਨਹੀਂ ਦਿੱਤੀ ਜਾ ਸਕਦੀ, ਇਹ ਭਾਵਨਾ ਸਮੁੱਚੇ ਸਿੱਖ ਭਾਈਚਾਰੇ ਦੀ ਹੈ। ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਕਿਹਾ ਕਿ ਆਖਰੀ ਸਾਹ ਲੈ ਰਹੇ ਨੋਵਾਕ ਨੂੰ ਪੁਲਿਸ ਅਧਿਕਾਰੀਆਂ ਵੱਲੋਂ ਹੱਥਕੜੀ ਲਗਾਉਣ ਦੀ ਵੀਡੀ ਫੁਟੇਜ ਪ੍ਰੇਸ਼ਾਨ ਕਰਨ ਵਾਲੀ ਅਤੇ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ‘ਇੰਡੀਪੈਂਡੈਂਟ ਆਫਿਸ ਫਾਰ ਪੁਲਿਸ ਕੰਡਕਟ’ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਜੇਕਰ ਲੋੜ ਪਈ ਤਾਂ ਜ਼ਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਯਕੀਨੀ ਬਣਾਈ ਜਾਵੇਗੀ। ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਕਤਲ ਦੇ ਪ੍ਰਤੀਕਰਮ ਵਜੋਂ ਇੱਕ ‘ਖ਼ਤਰਨਾਕ ਮਾਹੌਲ’ ਦੇਖਣ ਨੂੰ ਮਿਲਿਆ ਹੈ, ਜਿਸ ਕਾਰਨ ਇਕ ਪੁਲਿਸ ਅਧਿਕਾਰੀ (ਜਿਸ ਦੀ ਗਲਤ ਪਛਾਣ ਕੀਤੀ ਗਈ ਸੀ) ਨੂੰ ਆਪਣੀ ਸੁਰੱਖਿਆ ਲਈ ਦੂਜੀ ਜਗ੍ਹਾ ਜਾਣ ਲਈ ਮਜਬੂਰ ਹੋਣਾ ਪਿਆ। ਚਾਕੂ ਨਾਲ ਹੋਣ ਵਾਲੇ ਅਪਰਾਧਾਂ ਬਾਰੇ ਬੋਲਦਿਆਂ ਕਿਹਾ ਕਿ ਸਾਨੂੰ ਅਜੇ ਹੋਰ ਬਹੁਤ ਕੁਝ ਕਰਨ ਦੀ ਲੋੜ ਹੈ। ਮਹਿਮੂਦ ਨੇ ਇਹ ਵੀ ਕਿਹਾ ਕਿ ਦਿਗਵਾ ਦੀ ਮਾਂ ਨੂੰ ਵੀ ਦੋਸ਼ੀ ਦੀ ਮਦਦ ਕਰਨ ਦੇ ਦੋਸ਼ ‘ਚ ਦੋਸ਼ੀ ਕਰਾਰ ਦਿੱਤਾ ਗਿਆ ਹੈ, ਜਦੋਂ ਕਿ ਕਰਾਊਨ ਪ੍ਰੋਸੀਕਿਊਸ਼ਨ ਸਰਵਿਸ ਨੇ ਉਸ ਦੇ ਪਰਿਵਾਰ ਦੇ ਹੋਰ ਮੈਂਬਰਾਂ ਖ਼ਿਲਾਫ਼ ਵੀ ਵਾਧੂ ਦੋਸ਼ਾਂ ਨੂੰ ਮਨਜ਼ੂਰੀ ਦਿੱਤੀ ਹੈ।

ਪਿਛਲੀ ਖ਼ਬਰ ਆਕਿਬ ਨਬੀ ਭਾਰਤੀ ਟੈਸਟ ਟੀਮ ’ਚ ਹੋਏ ਸ਼ਾਮਿਲ ਅਗਲੀ ਖ਼ਬਰ ਨਾਰਵੇ ਸ਼ਤਰੰਜ : ਪ੍ਰਗਨਾਨੰਧਾ ਤੇ ਗੁਕੇਸ਼ ਦੀ ਜਿੱਤ, ਦਿਵਿਆ ਨੇ ਹੰਪੀ ਨੂੰ ਹਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।