18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸਾਡੇ ਵਿਹੜਿਆਂ ਦੇ ਪੰਛੀ

ਸਾਡੇ ਵਿਹੜਿਆਂ ਦੇ ਪੰਛੀ

ਅਜੀਤ ਡੈਸਕ 18-10-2026

ਪੁਰਾਣੇ ਸਮਿਆਂ ਵਿਚ ਸਾਡੇ ਘਰਾਂ ਦੇ ਵਿਹੜੇ ਕੁਦਰਤ ਦਾ ਇਕ ਬਹੁਤ ਹੀ ਖੂਬਸੂਰਤ ਹਿੱਸਾ ਹੁੰਦੇ ਸਨ, ਜਿੱਥੇ ਪੰਛੀਆਂ ਦੀ ਚਹਿਚਹਾਹਟ ਨਾਲ ਦਿਨ ਦੀ ਸ਼ੁਰੂਆਤ ਹੁੰਦੀ ਸੀ | ਸਵੇਰ ਹੁੰਦਿਆਂ ਹੀ ਘਰੇਲੂ ਚਿੜੀਆਂ, ਗੁਟਾਰਾਂ ਅਤੇ ਕੋਇਲ ਵਰਗੇ ਪੰਛੀ ਸਾਡੇ ਆਲੇ-ਦੁਆਲੇ ਰੌਣਕ ਲਾ ਦਿੰਦੇ ਸਨ | ਬੱਚੇ ਵਿਹੜੇ ਵਿਚ ਖੇਡਦੇ ਹੋਏ ਇਨ੍ਹਾਂ ਪੰਛੀਆਂ ਨੂੰ  ਦਾਣੇ ਪਾਉਂਦੇ ਅਤੇ ਪਾਣੀ ਰੱਖਦੇ ਸਨ, ਜਿਸ ਨਾਲ ਇਨਸਾਨ ਅਤੇ ਕੁਦਰਤ ਵਿਚਕਾਰ ਇਕ ਬਹੁਤ ਪਿਆਰਾ ਅਤੇ ਨਿੱਘਾ ਰਿਸ਼ਤਾ ਬਣਿਆ ਰਹਿੰਦਾ ਸੀ | ਚਿੜੀਆਂ ਸਾਡੇ ਘਰਾਂ ਦੀਆਂ ਛੱਤਾਂ, ਬਾਲਿਆਂ ਵਾਲੀਆਂ ਛੱਤਾਂ ਦੇ ਆਲਿਆਂ ਅਤੇ ਰੁੱਖਾਂ ਦੀਆਂ ਟਾਹਣੀਆਂ 'ਤੇ ਬੜੇ ਚਾਅ ਨਾਲ ਆਪਣੇ ਆਲ੍ਹਣੇ ਬਣਾਉਂਦੀਆਂ ਸਨ | ਗੁਟਾਰਾਂ ਵਿਹੜੇ ਵਿਚ ਤੁਰਦੀਆਂ ਫਿਰਦੀਆਂ ਬਹੁਤ ਭਲੀਆਂ ਲੱਗਦੀਆਂ ਸਨ ਅਤੇ ਅੰਬਾਂ ਦੇ ਬਾਗਾਂ ਜਾਂ ਘਰਾਂ ਦੇ ਵੱਡੇ ਦਰੱਖਤਾਂ ਤੋਂ ਆਉਂਦੀ ਕੋਇਲ ਦੀ ਮਿੱਠੀ ਆਵਾਜ਼ ਮਨ ਨੂੰ  ਬਹੁਤ ਸਕੂਨ ਦਿੰਦੀ ਸੀ | ਉਨ੍ਹਾਂ ਵੇਲਿਆਂ ਵਿਚ ਘਰਾਂ ਦੀ ਬਣਤਰ ਵੀ ਅਜਿਹੀ ਹੁੰਦੀ ਸੀ ਕਿ ਪੰਛੀਆਂ ਨੂੰ  ਰਹਿਣ ਲਈ ਆਸਾਨੀ ਨਾਲ ਜਗ੍ਹਾ ਮਿਲ ਜਾਂਦੀ ਸੀ | ਕੱਚੇ ਘਰ, ਖੁੱਲ੍ਹੇ ਦਲਾਨ ਅਤੇ ਵੱਡੇ-ਵੱਡੇ ਦਰੱਖਤ ਇਨ੍ਹਾਂ ਨਿੱਕੇ-ਨਿੱਕੇ ਮਹਿਮਾਨਾਂ ਲਈ ਇਕ ਸੁਰੱਖਿਅਤ ਠਿਕਾਣਾ ਹੁੰਦੇ ਸਨ | ਪਰ ਸਮੇਂ ਦੇ ਨਾਲ-ਨਾਲ ਸਾਡੀ ਜੀਵਨ-ਸ਼ੈਲੀ ਅਤੇ ਘਰਾਂ ਦੀ ਬਣਤਰ ਵਿਚ ਬਹੁਤ ਵੱਡਾ ਬਦਲਾਅ ਆਇਆ ਹੈ | ਹੁਣ ਸਾਡੇ ਪਿੰਡਾਂ ਅਤੇ ਸ਼ਹਿਰਾਂ ਵਿਚ ਪੱਕੇ ਅਤੇ ਬੰਦ ਘਰਾਂ ਦਾ ਰੁਝਾਨ ਵੱਧ ਗਿਆ ਹੈ | ਖੁੱਲ੍ਹੇ ਵਿਹੜਿਆਂ ਦੀ ਥਾਂ ਪੱਥਰਾਂ ਅਤੇ ਇੱਟਾਂ ਨਾਲ ਬਣੇ ਬੰਦ ਕਮਰਿਆਂ ਨੇ ਲੈ ਲਈ ਹੈ | ਘਰਾਂ ਦੇ ਆਲੇ-ਦੁਆਲੇ ਹੁੰਦੇ ਰੁੱਖ-ਬੂਟੇ ਘਟ ਗਏ ਹਨ, ਜਿਸ ਕਾਰਨ ਪੰਛੀਆਂ ਕੋਲ ਆਪਣੇ ਆਲ੍ਹਣੇ ਬਣਾਉਣ ਲਈ ਥਾਂ ਨਹੀਂ ਬਚੀ | ਸ਼ੀਸ਼ੇ ਵਾਲੀਆਂ ਬਾਰੀਆਂ ਅਤੇ ਬੰਦ ਦਰਵਾਜ਼ਿਆਂ ਕਾਰਨ ਇਹ ਮਾਸੂਮ ਪੰਛੀ ਸਾਡੇ ਘਰਾਂ ਤੋਂ ਦੂਰ ਹੋ ਗਏ ਹਨ | ਅੱਜ-ਕੱਲ੍ਹ ਸਵੇਰੇ ਉੱਠਣ 'ਤੇ ਚਿੜੀਆਂ ਦੀ ਉਹ ਪਿਆਰੀ ਚੀਂ-ਚੀਂ ਬਹੁਤ ਘੱਟ ਸੁਣਨ ਨੂੰ  ਮਿਲਦੀ ਹੈ |

ਸਾਡੇ ਵਿਹੜਿਆਂ ਵਿਚੋਂ ਇਨ੍ਹਾਂ ਪੰਛੀਆਂ ਦਾ ਇਸ ਤਰ੍ਹਾਂ ਰੁੱਸ ਜਾਣਾ ਸਾਡੇ ਲਈ ਇਕ ਬਹੁਤ ਹੀ ਭਾਵਨਾਤਮਕ ਘਾਟ ਹੈ | ਇਹ ਪੰਛੀ ਸਿਰਫ਼ ਉੱਡਣ ਵਾਲੇ ਜੀਵ ਨਹੀਂ ਸਨ, ਸਗੋਂ ਇਹ ਸਾਡੇ ਪਰਿਵਾਰ ਦੇ ਜੀਆਂ ਵਾਂਗ ਸਾਡੇ ਰੋਜ਼ਾਨਾ ਜੀਵਨ ਦਾ ਹਿੱਸਾ ਸਨ | ਉਨ੍ਹਾਂ ਦੀ ਮੌਜੂਦਗੀ ਸਾਨੂੰ ਕੁਦਰਤ ਦੇ ਨੇੜੇ ਰੱਖਦੀ ਸੀ ਅਤੇ ਮਨ ਨੂੰ  ਸ਼ਾਂਤੀ ਬਖਸ਼ਦੀ ਸੀ |  ਕੁਦਰਤ ਅਤੇ ਇਨ੍ਹਾਂ ਪੰਛੀਆਂ ਨਾਲ ਸਾਡਾ ਪਿਆਰ ਭਰਿਆ ਰਿਸ਼ਤਾ ਸਾਡੀ ਆਤਮਾ ਨੂੰ  ਖੁਸ਼ੀ ਦਿੰਦਾ ਹੈ | ਜੇਕਰ ਅਸੀਂ ਥੋੜ੍ਹਾ ਜਿਹਾ ਵੀ ਯਤਨ ਕਰੀਏ, ਤਾਂ ਸਾਡੇ ਵਿਹੜੇ ਮੁੜ ਇਨ੍ਹਾਂ ਪੰਛੀਆਂ ਦੀ ਮਿੱਠੀ ਆਵਾਜ਼ ਨਾਲ ਗੂੰਜ ਉੱਠਣਗੇ ਅਤੇ ਸਾਡੀ ਜ਼ਿੰਦਗੀ ਵਿਚ ਕੁਦਰਤ ਦਾ ਉਹ ਪੁਰਾਣਾ ਸਕੂਨ ਫਿਰ ਤੋਂ ਵਾਪਸ ਆ ਜਾਵੇਗਾ |

ਨੰਗਲ ਡੈਮ, ਰੂਪਨਗਰ

ਪਿਛਲੀ ਖ਼ਬਰ ਸਚਿਨ ਪਾਇਲਟ ਦੀ ਸਰਗਰਮੀ ਅਗਲੀ ਖ਼ਬਰ ਮਨੁੱਖ ਦਾ ਚੰਗਾ ਬਣਨਾ ਅਜੇ ਬਾਕੀ ਹੈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।