07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ : ਜਨਤਕ ਜੀਵਨ ਦੇ 25 ਸਾਲ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ : ਜਨਤਕ ਜੀਵਨ ਦੇ 25 ਸਾਲ

ਅਜੀਤ ਡੈਸਕ 07-10-2026

7 ਅਕਤੂਬਰ 2026 ਨੂੰ  ਸ੍ਰੀ ਨਰਿੰਦਰ ਮੋਦੀ ਕਿਸੇ ਸਰਕਾਰ ਦੇ ਮੁਖੀ ਵਜੋਂ 25 ਸਾਲ ਪੂਰੇ ਕਰ ਰਹੇ ਹਨ | ਇਹ ਜਨਤਕ ਜੀਵਨ ਦੀ ਉਹ ਯਾਤਰਾ ਹੈ ਜਿਸ ਦੀ ਸ਼ੁਰੂਆਤ 2001 ਵਿਚ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਨਾਲ ਹੋਈ ਤੇ 2014 ਵਿਚ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਨਾਲ ਰਾਸ਼ਟਰੀ ਪੱਧਰ 'ਤੇ ਅੱਗੇ ਵਧੀ | ਇਹ ਮੀਲ ਪੱਥਰ ਸਿਰਫ਼ ਇਸ ਦੀ ਲੰਬੀ ਮਿਆਦ ਕਰਕੇ ਹੀ ਮਹੱਤਵਪੂਰਨ ਨਹੀਂ ਹੈ, ਸਗੋਂ ਇਸ ਲਈ ਵੀ ਮਹੱਤਵਪੂਰਨ ਹੈ ਕਿ ਇਹ ਉਹ ਦੌਰ ਹੈ ਜਿਸ ਦੌਰਾਨ ਭਾਰਤ ਨੇ ਆਰਥਿਕ, ਤਕਨੀਕੀ, ਬੁਨਿਆਦੀ ਢਾਂਚੇ ਤੇ ਸਮਾਜਿਕ ਖੇਤਰਾਂ ਵਿਚ ਵੱਡੇ ਪੱਧਰ 'ਤੇ ਬਦਲਾਅ ਦੇਖੇ ਹਨ | ਜਨਤਕ ਅਹੁਦੇ 'ਤੇ ਇਕ ਚੌਥਾਈ ਸਦੀ ਦਾ ਇਹ ਪੜਾਅ ਵਿਅਕਤੀਗਤ ਯੋਜਨਾਵਾਂ ਜਾਂ ਰਾਜਨੀਤਕ ਮੀਲ ਪੱਥਰਾਂ ਤੋਂ ਅੱਗੇ ਵਧ ਕੇ ਦੇਸ਼ ਵਿਚ ਆਏ ਵਿਆਪਕ ਬਦਲਾਅ ਨੂੰ  ਸਮਝਣ ਅਤੇ ਪਰਖਣ ਦਾ ਮੌਕਾ ਪ੍ਰਦਾਨ ਕਰਦਾ ਹੈ |

2014 ਤੋਂ ਬਾਅਦ ਮੋਦੀ ਸਰਕਾਰ ਨੇ ਵੱਡੇ ਪੱਧਰ 'ਤੇ ਨੀਤੀਆਂ ਲਾਗੂ ਕਰਨ, ਤਕਨਾਲੋਜੀ, ਬੁਨਿਆਦੀ ਢਾਂਚਾ, ਵਿੱਤੀ ਸ਼ਮੂਲੀਅਤ, ਨਿਰਮਾਣ, ਸਮਾਜਿਕ ਭਲਾਈ ਅਤੇ ਵਿਸ਼ਵ ਅਰਥਵਿਵਸਥਾ ਵਿਚ ਭਾਰਤ ਦੀ ਵਧ ਰਹੀ ਭਾਗੀਦਾਰੀ 'ਤੇ ਕੇਂਦਰਿਤ ਪਹੁੰਚ ਅਪਣਾਈ ਹੈ | ਸਮਰਥਕ ਇਸ ਦੌਰ ਨੂੰ  ਤੇਜ਼ ਰਫ਼ਤਾਰ ਨਾਲ ਹੋਏ ਰਾਸ਼ਟਰ-ਨਿਰਮਾਣ ਦਾ ਸਮਾਂ ਦੱਸਦੇ ਹਨ, ਜਦਕਿ ਆਲੋਚਕਾਂ ਤੇ ਸੁਤੰਤਰ ਵਿਸ਼ਲੇਸ਼ਕਾਂ ਨੇ ਨੀਤੀਆਂ ਲਾਗੂ ਕਰਨ, ਸੰਸਥਾਗਤ ਪ੍ਰਕਿਰਿਆਵਾਂ ਅਤੇ ਆਰਥਿਕ ਲਾਭਾਂ ਦੀ ਵੰਡ ਨਾਲ ਜੁੜੇ ਸਵਾਲ ਉਠਾਏ ਹਨ | ਇਸ ਲਈ ਇਸ ਦੌਰ ਨੂੰ  ਸਮਝਣ ਲਈ ਮਾਪਣਯੋਗ ਬਦਲਾਵਾਂ ਦੇ ਨਾਲ-ਨਾਲ ਉਨ੍ਹਾਂ ਨਾਲ ਜੁੜੇ ਵਿਚਾਰ-ਵਟਾਂਦਰੇ ਨੂੰ  ਵੀ ਧਿਆਨ ਵਿਚ ਰੱਖਣਾ ਜ਼ਰੂਰੀ ਹੈ | ਇਸ ਦੌਰ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ 'ਚੋਂ ਇਕ 'ਡਿਜੀਟਲ ਪਬਲਿਕ ਇਨਫਰਾਸਟਰਕਚਰ' ਦਾ ਵਿਸਤਾਰ ਰਿਹਾ ਹੈ | 2015 ਵਿਚ ਸ਼ੁਰੂ ਕੀਤੇ ਗਏ ਡਿਜੀਟਲ ਇੰਡੀਆ ਪ੍ਰੋਗਰਾਮ ਨੇ ਇਕ ਅਜਿਹਾ ਤੰਤਰ ਵਿਕਸਿਤ ਕਰਨ ਵਿਚ ਮਦਦ ਕੀਤੀ, ਜਿਸ ਵਿਚ ਪਛਾਣ, ਬੈਂਕਿੰਗ, ਮੋਬਾਈਲ ਕੁਨੈਕਟੀਵਿਟੀ ਅਤੇ ਜਨਤਕ ਸੇਵਾਵਾਂ ਨੂੰ  ਵੱਡੇ ਪੱਧਰ 'ਤੇ ਚਲਾਇਆ ਜਾ ਸਕੇ | 2026 ਤੱਕ ਭਾਰਤ ਵਿਚ 144 ਕਰੋੜ ਤੋਂ ਵੱਧ ਆਧਾਰ ਪਛਾਣਾਂ, 57.71 ਕਰੋੜ ਜਨ ਧਨ ਖਾਤੇ ਅਤੇ ਡਿਜੀਟਲ ਸੇਵਾਵਾਂ ਦਾ ਤੇਜ਼ੀ ਨਾਲ ਵਧਦਾ ਨੈੱਟਵਰਕ ਮੌਜੂਦ ਸੀ |
ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂ.ਪੀ.ਆਈ.) ਇਸ ਬਦਲਾਅ ਦੇ ਸਭ ਤੋਂ ਪ੍ਰਮੁੱਖ ਪ੍ਰਤੀਕਾਂ 'ਚੋਂ ਇਕ ਬਣ ਗਿਆ ਹੈ | ਵਿੱਤੀ ਸਾਲ 2016-17 ਵਿਚ ਲਗਭਗ 2 ਕਰੋੜ ਸਾਲਾਨਾ ਲੈਣ-ਦੇਣ ਤੋਂ ਵਧ ਕੇ ਵਿੱਤੀ ਸਾਲ 2025-26 ਵਿਚ ਯੂ.ਪੀ.ਆਈ. ਲੈਣ-ਦੇਣ 24,162 ਕਰੋੜ ਤੋਂ ਵੱਧ ਹੋ ਗਏ | ਵਿੱਤੀ ਸਾਲ 2025-26 ਵਿਚ ਲੈਣ-ਦੇਣ ਦੀ ਕੀਮਤ ਲਗਭਗ 314 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ, ਜਦਕਿ ਯੂ.ਪੀ.ਆਈ. ਦਾ ਵਿਸਤਾਰ ਅੰਤਰਰਾਸ਼ਟਰੀ ਪੱਧਰ 'ਤੇ ਵੀ ਹੋਇਆ ਹੈ |
ਡਿਜੀਲਾਕਰ, ਉਮੰਗ, ਕਾਮਨ ਸਰਵਿਸ ਸੈਂਟਰ ਅਤੇ ਭਾਰਤਨੈੱਟ ਵਰਗੇ ਪਲੇਟਫਾਰਮਾਂ ਨੇ ਸਰਕਾਰੀ ਅਤੇ ਜ਼ਰੂਰੀ ਸੇਵਾਵਾਂ ਤੱਕ ਪਹੁੰਚ ਦਾ ਵਿਸਤਾਰ ਕੀਤਾ ਹੈ | ਬੁਨਿਆਦੀ ਢਾਂਚਾ ਵੀ ਇਸ ਦੌਰ ਦਾ ਇਕ ਕੇਂਦਰੀ ਥੰਮ੍ਹ ਰਿਹਾ ਹੈ | ਪਿਛਲੇ 12 ਸਾਲਾਂ ਦੌਰਾਨ ਭਾਰਤ ਨੇ ਸੜਕਾਂ, ਰੇਲਵੇ, ਹਵਾਈ ਅੱਡਿਆਂ, ਬੰਦਰਗਾਹਾਂ, ਜਲ ਮਾਰਗਾਂ, ਰਿਹਾਇਸ਼, ਊਰਜਾ ਤੇ ਸ਼ਹਿਰੀ ਆਵਾਜਾਈ ਵਿਚ ਨਿਵੇਸ਼ ਨੂੰ  ਤੇਜ਼ ਕੀਤਾ ਹੈ | ਸਰਕਾਰੀ ਅੰਕੜਿਆਂ ਅਨੁਸਾਰ ਜਨਤਕ ਪੂੰਜੀਗਤ ਖਰਚ ਵਿੱਤੀ ਸਾਲ 2014-15 'ਚ ਲਗਭਗ 2 ਲੱਖ ਕਰੋੜ ਰੁਪਏ ਤੋਂ ਵਧ ਕੇ ਵਿੱਤੀ ਸਾਲ 2026-27 ਵਿਚ 12.2 ਲੱਖ ਕਰੋੜ ਰੁਪਏ ਹੋ ਗਿਆ | ਮਾਰਚ 2026 ਤੱਕ ਭਾਰਤੀ ਰੇਲਵੇ ਨੈੱਟਵਰਕ ਦਾ 99.6 ਫ਼ੀਸਦੀ ਬਿਜਲੀਕਰਨ ਹੋ ਚੁੱਕਾ ਸੀ, ਜਦਕਿ ਦੇਸ਼ ਦਾ ਮੈਟਰੋ ਨੈੱਟਵਰਕ 1,155 ਕਿਲੋਮੀਟਰ ਤੋਂ ਵੱਧ ਹੋ ਗਿਆ ਸੀ |
'ਮੇਕ ਇਨ ਇੰਡੀਆ', ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਯੋਜਨਾਵਾਂ ਅਤੇ ਵਿਆਪਕ 'ਆਤਮਨਿਰਭਰ ਭਾਰਤ' ਢਾਂਚੇ ਰਾਹੀਂ ਘਰੇਲੂ ਨਿਰਮਾਣ ਸਮਰੱਥਾ ਵਧਾਉਣ, ਨਿਵੇਸ਼ ਆਕਰਸ਼ਿਤ ਕਰਨ ਅਤੇ ਇਲੈੱਕਟ੍ਰਾਨਿਕਸ ਤੇ ਦੂਰਸੰਚਾਰ ਤੋਂ ਲੈ ਕੇ ਫਾਰਮਾਸਿਊਟੀਕਲ ਅਤੇ ਰੱਖਿਆ ਤੱਕ ਵੱਖ-ਵੱਖ ਰਣਨੀਤਕ ਖੇਤਰਾਂ ਵਿਚ ਸਮਰੱਥਾ ਵਿਕਸਿਤ ਕਰਨ ਦੀ ਕੋਸ਼ਿਸ਼ ਕੀਤੀ ਗਈ | ਵੱਡਾ ਉਦੇਸ਼ ਭਾਰਤ ਨੂੰ  ਮੁੱਖ ਤੌਰ 'ਤੇ ਇਕ ਵੱਡੇ ਖਪਤਕਾਰ ਬਾਜ਼ਾਰ ਤੋਂ ਅੱਗੇ ਵਧਾ ਕੇ ਇਕ ਪ੍ਰਮੁੱਖ ਉਤਪਾਦਕ ਅਤੇ ਨਿਰਯਾਤਕ ਵਜੋਂ ਸਥਾਪਿਤ ਕਰਨਾ ਰਿਹਾ |
ਮੋਦੀ ਯੁੱਗ ਦਾ ਇਕ ਹੋਰ ਮਹੱਤਵਪੂਰਨ ਪੱਖ ਭਾਰਤ ਦੀ 'ਵਿਸ਼ਵ ਪੱਧਰੀ ਆਰਥਿਕ ਅਤੇ ਰਣਨੀਤਕ ਮੌਜੂਦਗੀ' ਨੂੰ  ਮਜ਼ਬੂਤ ਕਰਨ ਦੀ ਕੋਸ਼ਿਸ਼ ਰਿਹਾ ਹੈ | ਭਾਰਤ ਨੇ ਆਪਣੇ ਆਪ ਨੂੰ  ਗਲੋਬਲ ਸਾਊਥ ਦੀ ਆਵਾਜ਼, ਇਕ ਪ੍ਰਮੁੱਖ ਤਕਨਾਲੋਜੀ ਅਤੇ ਨਿਰਮਾਣ ਅਰਥਵਿਵਸਥਾ ਅਤੇ ਜਲਵਾਯੂ ਕਾਰਵਾਈ ਤੋਂ ਲੈ ਕੇ ਡਿਜੀਟਲ ਪਬਲਿਕ ਇਨਫਰਾਸਟਰਕਚਰ ਤੱਕ ਵੱਖ-ਵੱਖ ਵਿਸ਼ਵ ਪੱਧਰੀ ਪਹਿਲਕਦਮੀਆਂ ਵਿਚ ਇਕ ਮਹੱਤਵਪੂਰਨ ਭਾਗੀਦਾਰ ਵਜੋਂ ਪੇਸ਼ ਕੀਤਾ ਹੈ | ਡਿਜੀਟਲ ਭੁਗਤਾਨਾਂ ਅਤੇ ਆਧਾਰ ਤੋਂ ਲੈ ਕੇ ਪੁਲਾੜ ਖੋਜ, ਸੈਮੀਕੰਡਕਟਰ ਨਿਰਮਾਣ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਤੱਕ, ਨੀਤੀਆਂ ਦਾ ਕੇਂਦਰ ਤੇਜ਼ੀ ਨਾਲ ਸਵਦੇਸ਼ੀ ਸਮਰੱਥਾਵਾਂ ਦੇ ਨਿਰਮਾਣ ਵੱਲ ਵਧਿਆ ਹੈ | 
ਹਾਲਾਂਕਿ, ਜਨਤਕ ਜੀਵਨ ਦੇ 25 ਸਾਲਾਂ ਦੀ ਕਹਾਣੀ ਨੂੰ  ਸਿਰਫ਼ ਉਪਲਬਧੀਆਂ ਦੀ ਸੂਚੀ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ | ਇਸ ਦੌਰਾਨ ਭਾਰਤ ਦੀ ਯਾਤਰਾ ਰੋਜ਼ਗਾਰ, ਅਸਮਾਨਤਾ, ਖੇਤੀਬਾੜੀ ਸੰਕਟ, ਕੇਂਦਰ-ਰਾਜ ਸੰਬੰਧਾਂ, ਸੰਸਥਾਗਤ ਖੁਦਮੁਖਤਿਆਰੀ, ਸਮਾਜਿਕ ਏਕਤਾ ਅਤੇ ਜਨਤਕ ਵਿਚਾਰ-ਵਟਾਂਦਰੇ ਦੀ ਗੁਣਵੱਤਾ ਵਰਗੇ ਮਹੱਤਵਪੂਰਨ ਸਵਾਲਾਂ ਨਾਲ ਵੀ ਜੁੜੀ ਰਹੀ ਹੈ | ਇਸ ਲਈ 25 ਸਾਲਾਂ ਦਾ ਇਹ ਮੀਲ ਪੱਥਰ ਜਿਸ ਗੱਲ ਨੂੰ  ਵਿਸ਼ੇਸ਼ ਬਣਾਉਂਦਾ ਹੈ, ਉਹ ਹੈ ਬਦਲਾਅ ਦੇ ਯਤਨਾਂ ਦਾ ਵਿਸ਼ਾਲ ਪੈਮਾਨਾ | ਗੁਜਰਾਤ ਦੇ ਰਾਜ ਪ੍ਰਸ਼ਾਸਨ ਤੋਂ ਲੈ ਕੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਅਗਵਾਈ ਤੱਕ ਨਰਿੰਦਰ ਮੋਦੀ ਦਾ ਜਨਤਕ ਜੀਵਨ ਭਾਰਤ ਦੇ ਉਸ ਬਦਲਾਅ ਨਾਲ ਜੁੜਿਆ ਰਿਹਾ ਹੈ ਜਿਸ ਵਿਚ ਦੇਸ਼ ਇਕ ਵੱਡੇ ਪੱਧਰ 'ਤੇ ਰਵਾਇਤੀ ਅਰਥਵਿਵਸਥਾ ਤੋਂ ਦੁਨੀਆ ਦੇ ਸਭ ਤੋਂ ਵੱਧ ਡਿਜੀਟਲ ਤੌਰ 'ਤੇ ਜੁੜੇ ਸਮਾਜਾਂ 'ਚੋਂ ਇਕ ਬਣਨ ਵੱਲ ਵਧਿਆ ਹੈ | ਭਾਰਤ ਲਈ ਅਗਲਾ ਅਧਿਆਇ ਇਸ ਗੱਲ ਨਾਲ ਪਰਿਭਾਸ਼ਿਤ ਹੋਵੇਗਾ ਕਿ ਇਹ ਬੁਨਿਆਦਾਂ ਉਤਪਾਦਕਤਾ, ਰੋਜ਼ਗਾਰ, ਮਨੁੱਖੀ ਵਿਕਾਸ ਅਤੇ ਜੀਵਨ ਪੱਧਰ ਵਿਚ ਲਗਾਤਾਰ ਸੁਧਾਰ ਵਿਚ ਕਿੰਨੀ ਪ੍ਰਭਾਵਸ਼ਾਲੀ ਢੰਗ ਨਾਲ ਬਦਲਦੀਆਂ ਹਨ | 'ਵਿਕਸਿਤ ਭਾਰਤ 2047' ਦਾ ਰਾਸ਼ਟਰੀ ਟੀਚਾ ਇਸ ਚੁਣੌਤੀ ਨੂੰ  ਇਕ ਲੰਬੇ ਸਮੇਂ ਦੇ ਏਜੰਡੇ ਵਜੋਂ ਵਿਚ ਦੇਖਦਾ ਹੈ |
ਪ੍ਰਧਾਨ ਮੰਤਰੀ ਵਜੋਂ ਸ੍ਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਹਰਿਆਣਾ ਨੂੰ  ਵੀ ਰਾਸ਼ਟਰੀ ਵਿਕਾਸ ਯਾਤਰਾ ਵਿਚ ਮਹੱਤਵਪੂਰਨ ਨਿਵੇਸ਼ ਅਤੇ ਵਿਕਾਸ ਪ੍ਰੋਜੈਕਟ ਪ੍ਰਾਪਤ ਹੋਏ ਹਨ, ਜਿਸ ਨਾਲ ਭਾਰਤ ਦੀ ਵਿਕਾਸ ਯਾਤਰਾ ਵਿਚ ਰਾਜ ਦੀ ਭੂਮਿਕਾ ਹੋਰ ਮਜ਼ਬੂਤ ਹੋਈ ਹੈ | ਨਰਿੰਦਰ ਮੋਦੀ ਦੇ ਜਨਤਕ ਜੀਵਨ ਦੇ 25 ਸਾਲਾਂ ਦੇ ਇਸ ਸਫ਼ਰ ਦਾ ਮਹੱਤਵ ਆਖ਼ਰਕਾਰ ਇਸ ਯਾਤਰਾ ਦੇ ਪੈਮਾਨੇ ਅਤੇ ਇਸ ਤੋਂ ਪੈਦਾ ਹੋਈਆਂ ਉਮੀਦਾਂ ਦੇ ਪੈਮਾਨੇ 'ਚ ਨਿਹਿਤ ਹੈ | ਇਸ ਯਾਤਰਾ ਦਾ ਅਗਲਾ ਮਾਪਦੰਡ ਇਹ ਹੋਵੇਗਾ ਕਿ ਅੱਜ ਦੀਆਂ ਸੰਸਥਾਵਾਂ, ਬੁਨਿਆਦੀ ਢਾਂਚੇ ਅਤੇ ਤਕਨੀਕੀ ਸਮਰੱਥਾਵਾਂ ਨੂੰ  ਭਾਰਤ ਦੇ 140 ਕਰੋੜ ਨਾਗਰਿਕਾਂ ਲਈ ਮੌਕੇ, ਖੁਸ਼ਹਾਲੀ ਤੇ ਬਿਹਤਰ ਜੀਵਨ ਪੱਧਰ ਵਿਚ ਕਿੰਨੇ ਕੁ ਪ੍ਰਭਾਵਸ਼ਾਲੀ ਢੰਗ ਨਾਲ ਬਦਲਿਆ ਜਾਂਦਾ ਹੈ |

-(ਲੇਖਕ ਕੇਂਦਰੀ ਬਿਜਲੀ ਮੰਤਰੀ ਅਤੇ ਰਿਹਾਇਸ਼ ਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਨ |)

ਪਿਛਲੀ ਖ਼ਬਰ ਨਵੇਂ ਝੋਨੇ ਦੇ ਭੰਡਾਰਨ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ ਅਗਲੀ ਖ਼ਬਰ ਸਾਈਕਲਾਂ ਵਾਲੇ ਬਰਾਤੀ-ਜਦੋਂ ਔਕਾਤ ਦਾ ਮਾਪਾ ਬਦਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।