07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਸਾਈਕਲਾਂ ਵਾਲੇ ਬਰਾਤੀ-ਜਦੋਂ ਔਕਾਤ ਦਾ ਮਾਪਾ ਬਦਲਿਆ

ਸਾਈਕਲਾਂ ਵਾਲੇ ਬਰਾਤੀ-ਜਦੋਂ ਔਕਾਤ ਦਾ ਮਾਪਾ ਬਦਲਿਆ

ਅਜੀਤ ਡੈਸਕ 07-10-2026

ਮੈਂ ਤੇ ਮੇਰਾ ਮਿੱਤਰ ਮੋਹਨ ਸ਼ਰਮਾ | ਦੋਹਾਂ ਨੂੰ ਇਕੋ ਵਿਆਹ ਦਾ ਸੱਦਾ ਮਿਲਿਆ ਸੀ | ਮੈਰਿਜ ਪੈਲੇਸ ਪਟਿਆਲਾ ਰੋਡ 'ਤੇ, ਸ਼ਹਿਰੋਂ ਤਿੰਨ-ਚਾਰ ਕਿਲੋਮੀਟਰ ਬਾਹਰ | ਅਸੀਂ ਫ਼ੈਸਲਾ ਕੀਤਾ ਕਿ ਚੱਲ ਅੱਜ ਕਾਰ-ਮੋਟਰਸਾਈਕਲ ਛੱਡ ਕੇ ਕੁਝ ਨਵਾਂ ਕਰਦੇ ਹਾਂ | ਮੈਂ ਤਾਂ ਵੈਸੇ ਵੀ ਚਿੱਟਾ ਕੁੜਤਾ-ਪਜਾਮਾ ਪਾਉਂਦਾ ਹਾਂ, ਮੋਹਨ ਨੇ ਵੀ ਉਸ ਦਿਨ ਪੈਂਟ-ਸ਼ਰਟ ਦੀ ਥਾਂ ਸਾਧਾਰਨ ਜਿਹਾ ਕੁੜਤਾ-ਪਜਾਮਾ ਪਾ ਲਿਆ | ਦੋਵਾਂ ਨੇ ਆਪੋ-ਆਪਣੇ ਸਾਈਕਲ ਕੱਢੇ ਤੇ ਚੱਲ ਪਏ |

ਰਸਤੇ ਦਾ ਆਪਣਾ ਹੀ ਮਜ਼ਾ ਸੀ | ਨਾ ਹਾਰਨ, ਨਾ ਧੂੰਆਂ | ਠੰਢੀ ਹਵਾ 'ਚ ਗੱਲਾਂ ਕਰਦੇ ਜਾ ਰਹੇ ਸਾਂ | ਮੈਰਿਜ ਪੈਲੇਸ ਦੇ ਬਾਹਰਲੇ ਗੇਟ 'ਤੇ ਪਹੁੰਚੇ ਤਾਂ ਮੇਲਾ ਲੱਗਿਆ ਹੋਇਆ ਸੀ | ਵੱਡੀਆਂ-ਵੱਡੀਆਂ ਕਾਰਾਂ | ਗੇਟ 'ਤੇ ਖੜ੍ਹੇ ਕਰਮਚਾਰੀ ਬੜੇ ਅਦਬ ਨਾਲ ਕਾਰਾਂ ਨੂੰ ਤਰਤੀਬ 'ਚ ਲਵਾ ਰਹੇ ਨੇ, 'ਆਓ ਜੀ ਸਰ, ਇੱਧਰ ਜੀ ਸਰ |'
ਅਸੀਂ ਜਦੋਂ ਸਾਈਕਲਾਂ 'ਤੇ ਅੰਦਰ ਵੜੇ ਤਾਂ, ਉਨ੍ਹਾਂ ਦਾ ਲਹਿਜ਼ਾ ਬਦਲ ਗਿਆ | ਸਾਡੇ ਵੱਲ ਹੋਰਵੇਂ ਜਿਹੇ ਵੇਖਿਆ | ਅਸੀਂ ਸਾਈਕਲ ਇਕ ਪਾਸੇ ਲਾਉਣ ਲੱਗੇ ਤਾਂ ਆਵਾਜ਼ ਆਈ, 'ਇੱਥੇ ਨਹੀਂ, ਉੱਥੇ ਖੜ੍ਹੇ ਕਰਕੇ ਆਓ |' ਅਸੀਂ ਉੱਥੇ ਲਾਏ ਤਾਂ ਫੇਰ ਆਵਾਜ਼ ਆਈ, 'ਪਰ੍ਹਾਂ ਲੈ ਕੇ ਜਾਓ, ਪਤਾ ਨਹੀਂ ਕਿਹੋ ਜਿਹੇ ਲੋਕ ਆ ਜਾਂਦੇ ਨੇ |' ਅਸੀਂ ਕੁਝ ਨਾ ਬੋਲੇ | ਸਾਈਕਲ ਪਰ੍ਹਾਂ ਲਾ ਤੇ ਜਦੋਂ ਅਸੀਂ ਮੈਰਿਜ ਪੈਲੇਸ ਦੇ ਅੰਦਰਲੇ ਗੇਟ ਵੱਲ ਹੋਏ, ਤਾਂ ਜੋ ਹੋਇਆ ਉਹ ਵੇਖਣ ਵਾਲਾ ਸੀ |
ਅਸਲੀ ਕਹਾਣੀ ਤਾਂ ਅੰਦਰ ਸ਼ੁਰੂ ਹੋਈ | ਅੰਦਰਲੇ ਗੇਟ 'ਤੇ ਅਜੇ ਪੈਰ ਹੀ ਰੱਖਿਆ ਸੀ ਕਿ ਦੂਰੋਂ 20-25 ਜਣਿਆਂ ਦੀ ਟੋਲੀ ਨੇ ਸਾਨੂੰ ਵੇਖ ਲਿਆ | ਉਹ ਸਾਡੇ ਸ਼ਹਿਰ ਦੇ ਹੀ ਜਾਣੇ-ਪਛਾਣੇ ਲੋਕ, ਵਪਾਰੀ, ਅਫ਼ਸਰ, ਮਾਸਟਰ ਸਨ | 'ਓਹ ਆਹ ਦੇਖੋ, ਫੁੱਲ ਸਾਹਿਬ ਆ ਗਏ, ਸ਼ਰਮਾ ਜੀ ਆ ਗਏ |'
ਇਕਦਮ ਰੌਣਕ ਜਿਹੀ ਲੱਗ ਗਈ | ਉਹ ਸਾਰੇ ਦੌੜ ਕੇ ਸਾਡੇ ਵੱਲ ਆਏ | ਕੋਈ ਜੱਫੀ ਪਾ ਰਿਹਾ ਐ, ਕੋਈ ਹੱਥ ਮਿਲਾ ਰਿਹਾ ਐ | 'ਕਿੱਥੇ ਰਹਿ ਗਏ ਸੀ ਤੁਸੀਂ, ਅਸੀਂ ਤੁਹਾਡਾ ਹੀ ਇੰਤਜ਼ਾਰ ਕਰ ਰਹੇ ਸੀ |'
ਅਸੀਂ ਅਜੇ ਉਨ੍ਹਾਂ ਨੂੰ  ਮਿਲ ਹੀ ਰਹੇ ਸਾਂ ਕਿ ਵਿਆਹ ਵਾਲੇ ਪਰਿਵਾਰ ਦੇ ਮੈਂਬਰਾਂ ਨੇ ਦੂਰੋਂ ਵੇਖ ਲਿਆ | ਲੜਕੇ ਦਾ ਪਿਤਾ, ਉਸ ਦਾ ਚਾਚਾ, ਉਹ ਸਾਰੇ ਕਾਹਲੀ ਨਾਲ ਸਾਡੇ ਕੋਲ ਆ ਗਏ ਤੇ ਕਹਿਣ ਲੱਗੇ, 'ਆਓ ਜੀ, ਆਓ ਫੁੱਲ ਸਾਹਿਬ, ਤੁਸੀਂ ਆ ਗਏ ਤਾਂ ਸਾਡਾ ਵਿਆਹ ਸਫਲ ਹੋ ਗਿਆ |' ਉਹ ਸਾਨੂੰ ਬਾਂਹੋਂ ਫੜ ਕੇ ਅੰਦਰ ਸਟੇਜ ਵੱਲ ਲੈ ਕੇ ਜਾਣ ਲੱਗੇ |
ਇਹ ਸਾਰਾ ਨਜ਼ਾਰਾ ਬਾਹਰ ਖੜ੍ਹੇ, ਉਨ੍ਹਾਂ ਕਰਮਚਾਰੀਆਂ ਨੇ ਵੀ ਵੇਖ ਲਿਆ ਸੀ ਤੇ ਹੁਣ ਉਨ੍ਹਾਂ ਦੇ ਹਾਵ-ਭਾਵ ਵੇਖਣ ਵਾਲੇ ਸਨ | ਜਿਹੜੇ ਦੋ ਮਿੰਟ ਪਹਿਲਾਂ ਸਾਨੂੰ 'ਪਤਾ ਨਹੀਂ ਕਿਹੋ ਜਿਹੇ ਲੋਕ' ਕਹਿ ਰਹੇ ਸੀ, ਉਨ੍ਹਾਂ ਦੇ ਚਿਹਰਿਆਂ 'ਤੇ ਹਵਾਈਆਂ ਉੱਡ ਰਹੀਆਂ ਸਨ | ਉਹ ਇਕ-ਦੂਜੇ ਵੱਲ ਦੇਖ ਰਹੇ ਸੀ ਤੇ ਫਿਰ ਸਾਡੇ ਵੱਲ | ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ, ਜਿਨ੍ਹਾਂ ਨੂੰ  ਉਨ੍ਹਾਂ ਨੇ ਸਾਈਕਲਾਂ ਕਰਕੇ ਪਰ੍ਹਾਂ ਧੱਕਿਆ ਸੀ, ਉਹ ਅੰਦਰ ਸਭ ਤੋਂ ਵੱਡੇ ਮਹਿਮਾਨ ਕਿਵੇਂ ਨਿਕਲੇ? ਅਸੀਂ ਮੁਸਕਰਾ ਪਏ ਤੇ ਅਸੀਂ ਉਨ੍ਹਾਂ ਨੂੰ ਕੁਝ ਨਾ ਕਿਹਾ, ਕਿਉਂਕਿ ਗ਼ਲਤੀ ਉਨ੍ਹਾਂ ਦੀ ਨਹੀਂ ਸੀ | ਗ਼ਲਤੀ ਇਸ ਸਿਸਟਮ ਦੀ ਐ, ਇਸ ਸੋਚ ਦੀ ਐ ਜਿਹੜੀ ਅਸੀਂ ਬਣਾ ਲਈ ਐ | ਅੱਜ-ਕੱਲ੍ਹ ਲੋਕ ਚੰਗੇ ਕੱਪੜਿਆਂ ਅਤੇ ਕਾਰਾਂ ਤੋਂ ਹੀ ਅੰਦਾਜ਼ਾ ਲਗਾਉਂਦੇ ਹਨ | ਉਸ ਦਿਨ ਜੇ ਅਸੀਂ ਦੋ ਅਨਜਾਣ ਬੰਦੇ ਹੁੰਦੇ ਤਾਂ ਸਾਨੂੰ ਉਹ ਕਰਮਚਾਰੀ ਉਸੇ ਪਰ੍ਹਾਂ ਵਾਲੀ ਥਾਂ 'ਤੇ ਹੀ ਰਹਿਣ ਦਿੰਦੇ ਤੇ ਸਾਡੀ ਕੋਈ ਔਕਾਤ ਨਾ ਹੁੰਦੀ | ਪਰ ਜਦੋਂ ਸਾਡੀ ਪਛਾਣ ਸਾਹਮਣੇ ਆਈ ਤਾਂ ਸਾਡੇ ਸਾਈਕਲ ਵੀ ਉਨ੍ਹਾਂ ਨੂੰ  ਮੋਟਰਸਾਈਕਲ ਲੱਗਣ ਲੱਗ ਪਏ | ਇਹੀ ਤਾਂ ਰੋਗ ਐ | ਅਸੀਂ ਬੰਦੇ ਨੂੰ ਉਸ ਦੇ ਕੱਪੜਿਆਂ ਤੋਂ ਤੋਲਦੇ ਹਾਂ | ਚਿੱਟਾ ਕੁੜਤਾ-ਪਜਾਮਾ ਪਾਇਆ ਹੋਇਆ, ਬੰਦਾ ਸਾਨੂੰ ਮਾਮੂਲੀ ਲਗਦਾ ਐ | ਸਾਨੂੰ ਲਗਦਾ ਹੈ ਕਿ ਜਿਹੜਾ ਬੰਦਾ ਸਾਈਕਲ 'ਤੇ ਆਇਆ ਹੈ, ਉਹ ਗਰੀਬ  ਜਿਹਾ ਇਨਸਾਨ ਹੋਵੇਗਾ | ਅਸੀਂ ਭੁੱਲ ਜਾਂਦੇ ਹਾਂ ਕਿ ਇੱਜ਼ਤ ਕੱਪੜਿਆਂ 'ਚ ਨਹੀਂ, ਕਿਰਦਾਰ 'ਚ ਹੁੰਦੀ ਹੈ | ਵੱਡਾ ਬੰਦਾ ਕਾਰ ਤੋਂ ਨਹੀਂ, ਆਪਣੀ ਸੋਚ ਤੋਂ ਬਣਦਾ ਹੈ |
ਉਸ ਦਿਨ ਮੈਰਿਜ ਪੈਲੇਸ 'ਚ ਦੋ ਫ਼ਿਲਮਾਂ ਇਕੱਠੀਆਂ ਚੱਲੀਆਂ | ਇਕ ਬਾਹਰਲੇ ਗੇਟ 'ਤੇ, ਜਿੱਥੇ ਸਾਈਕਲਾਂ ਵਾਲਿਆਂ ਨੂੰ  'ਪਤਾ ਨਹੀਂ ਕਿਹੋ ਜਿਹੇ ਲੋਕ' ਸਮਝਿਆ ਗਿਆ ਅਤੇ ਦੂਜੀ ਅੰਦਰਲੇ ਗੇਟ 'ਤੇ, ਜਿੱਥੇ ਉਹੀ ਸਾਈਕਲਾਂ ਵਾਲੇ ਸਭ ਤੋਂ ਖ਼ਾਸ ਮਹਿਮਾਨ ਬਣ ਗਏ | ਇਹ ਕਹਾਣੀ ਹਰ ਰੋਜ਼ ਹਰ ਥਾਂ ਵਾਪਰਦੀ ਹੈ | ਕਚਹਿਰੀਆਂ 'ਚ, ਹਸਪਤਾਲਾਂ 'ਚ, ਸਕੂਲਾਂ 'ਚ | ਇਸ ਲਈ ਅਗਲੀ ਵਾਰ ਜਦੋਂ ਤੁਹਾਡੇ ਸਾਹਮਣੇ ਕੋਈ ਸਾਧਾਰਨ ਜਿਹੇ ਕੱਪੜਿਆਂ 'ਚ ਕੋਈ ਇਨਸਾਨ ਨਜ਼ਰ ਆਵੇ ਤਾਂ ਉਸ ਦੀ ਸਵਾਰੀ ਨਾ ਦੇਖੋ, ਉਸ ਦਾ ਮੱਥਾ ਦੇਖੋ | ਹੋ ਸਕਦਾ ਹੈ ਉਹ ਸਾਈਕਲ 'ਤੇ ਆਇਆ ਬੰਦਾ ਤੁਹਾਡੀ ਕਾਰ 'ਚ ਬੈਠੇ ਬੰਦੇ ਨਾਲੋਂ ਕਿਤੇ ਵੱਡਾ ਹੋਵੇ |

-ਇੰਚਾਰਜ ਉਪ ਦਫ਼ਤਰ, ਸੰਗਰੂਰ |
ਮੋਬਾਈਲ : 98142-82543

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ : ਜਨਤਕ ਜੀਵਨ ਦੇ 25 ਸਾਲ ਅਗਲੀ ਖ਼ਬਰ ਵਿਕਾਸ ਦੇ ਨਾਲ ਕਿਉਂ ਨਹੀਂ ਵਧ ਰਹੀਆਂ ਨੌਕਰੀਆਂ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।