06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਪੰਜਾਬ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ ਸਿਆਸੀ ਦਲ

ਪੰਜਾਬ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ ਸਿਆਸੀ ਦਲ

ਅਜੀਤ ਡੈਸਕ 07-08-2026

ਵੋ ਤੋ ਬਸ ਝੂਠੀ ਤਸੱਲੀ ਕੋ ਕਹਾ ਥਾ ਤੁਮਸੇ,
ਹਮ ਤੋ ਅਪਨੇ ਭੀ ਨਹੀਂ ਖ਼ਾਕ ਤੁਮਾਹਰੇ ਹੋਤੇ |

ਜੁਨੈਦ ਅਖ਼ਤਰ ਦਾ ਇਹ ਸ਼ਿਅਰ ਪੰਜਾਬ ਦੇ ਸਿਆਸਤਦਾਨਾਂ 'ਤੇ ਹੀ ਨਹੀਂ ਸਗੋਂ ਹੁਣ ਤਾਂ ਬਹੁਤੇ ਪੰਜਾਬੀਆਂ 'ਤੇ ਵੀ ਢੁਕਦਾ ਹੈ | ਇਥੇ ਨੇਤਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਸਿਰਫ਼ ਅਵਾਮ ਨੂੰ  ਬੇਵਕੂਫ਼ ਬਣਾਉਣ ਲਈ ਹੀ ਕਰਦੇ ਹਨ, ਨਹੀਂ ਤਾਂ ਜਿਸ ਤਰ੍ਹਾਂ ਪੰਜਾਬ ਦਾ ਪਾਣੀ, ਹਵਾ, ਧਰਤੀ, ਅਣਖ ਤੇ ਸੱਭਿਆਚਾਰ ਨੂੰ  ਗੰਧਲਾ ਕੀਤਾ ਜਾ ਰਿਹਾ ਹੈ ਅਤੇ ਜਿਸ ਤਰ੍ਹਾਂ ਪੰਜਾਬ ਨਾਲ ਧੱਕੇ ਹੋਏ ਹਨ ਤੇ ਹੋ ਰਹੇ ਹਨ, ਕੋਈ ਪਾਰਟੀ ਜਾਂ ਕੋਈ ਨੇਤਾ ਤਾਂ ਹੁੰਦਾ ਜੋ ਇਸ ਦੇ ਖਿਲਾਫ਼ ਖੁੱਲ੍ਹ ਕੇ ਕੋਈ ਸਟੈਂਡ ਲੈਂਦਾ | ਸਾਡੇ ਪੰਜਾਬੀ ਜਿਨ੍ਹਾਂ ਵਿਚ ਅਸੀਂ ਸਭ ਸ਼ਾਮਿਲ ਹਾਂ, ਨਿੱਕੀਆਂ-ਨਿੱਕੀਆਂ ਗ਼ਰਜਾਂ ਤੇ ਫਾਇਦਿਆਂ ਵੱਲ ਹੀ ਵੇਖਣ ਦੇ ਆਦੀ ਹੋ ਗਏ ਹਾਂ | 
ਕਿਸੇ ਨੂੰ  ਫਿਕਰ ਨਹੀਂ ਕਿ ਮੁਫ਼ਤ ਦੀਆਂ ਸਹੂਲਤਾਂ ਪੰਜਾਬੀਅਤ ਦੀ ਅਣਖ ਨੂੰ  ਖ਼ਤਮ ਕਰ ਰਹੀਆਂ ਹਨ, ਪੰਜਾਬ ਲਗਾਤਾਰ ਰੇਗਿਸਤਾਨ ਬਣਨ ਵੱਲ ਵਧ ਰਿਹਾ ਹੈ ਪਰ ਅਸੀਂ ਝੋਨਾ ਜੋ ਸਾਡੀ ਰੋਜ਼ਾਨਾ ਦੀ ਖੁਰਾਕ ਵੀ ਨਹੀਂ, ਲਈ ਮੁਫ਼ਤ ਬਿਜਲੀ ਦੇਣ ਤੋਂ ਗੁਰੇਜ਼ ਨਹੀਂ ਕਰ ਰਹੇ | ਇਥੇ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਅਸੀਂ ਕਿਸਾਨਾਂ ਨੂੰ  ਸਬਸਿਡੀਆਂ ਦੇਣ ਦੇ ਵਿਰੁੱਧ ਨਹੀਂ ਹਾਂ ਪਰ ਇਹ ਤਰਕ-ਸੰਗਤ ਤੇ ਸਮੁੱਚੇ ਪੰਜਾਬ ਦੇ ਹਿਤ ਵਿਚ ਹੋਣੀਆਂ ਚਾਹੀਦੀਆਂ ਹਨ | ਚਾਹੀਦਾ ਤਾਂ ਇਹ ਹੈ ਕਿ ਝੋਨੇ ਲਈ ਮੁਫ਼ਤ ਬਿਜਲੀ ਦੀ ਥਾਂ ਹੋਰ ਫ਼ਸਲਾਂ ਨੂੰ  ਉਤਸ਼ਾਹਿਤ ਕਰਨ ਲਈ ਇਹੀ ਪੈਸੇ ਉਨ੍ਹਾਂ ਫ਼ਸਲਾਂ ਦੀ ਘੱਟੋ-ਘੱਟ ਖਰੀਦ ਕੀਮਤ ਤੈਅ ਕਰਨ 'ਤੇ ਖਰਚੇ ਜਾਣ ਤਾਂ ਕਿ ਕਿਸਾਨ ਲਈ ਝੋਨਾ ਲਾਉਣ ਨਾਲੋਂ ਦੂਸਰੀਆਂ ਫ਼ਸਲਾਂ ਜ਼ਿਆਦਾ ਲਾਹੇਵੰਦੀਆਂ ਹੋ ਸਕਣ | ਇਹੀ ਪੈਸਾ ਖੇਤੀ ਆਧਾਰਿਤ ਕਾਰਖਾਨੇ ਲਾਉਣ 'ਤੇ ਕਿਉਂ ਨਹੀਂ ਵਰਤਿਆ ਜਾਂਦਾ | ਜਿੰਨੀ ਬਿਜਲੀ ਸਬਸਿਡੀ ਹੁਣ ਤੱਕ ਪੰਜਾਬ ਨੇ ਦਿੱਤੀ ਹੈ ਜੇ ਕਰ ਉਸ ਨੂੰ  ਬਿਜਲੀ ਦੀ ਉਦਯੋਗਿਕ ਕੀਮਤ ਨਾਲ ਮਾਪਿਆ ਜਾਵੇ ਤਾਂ ਉਹ ਕਰੀਬ 1 ਲੱਖ 65 ਹਜ਼ਾਰ ਕਰੋੜ ਰੁਪਏ ਬਣਦੀ ਹੈ | ਇਸ ਕੀਮਤ ਨਾਲ ਪੰਜਾਬ ਨੂੰ  ਕੁਝ ਵੱਡੇ ਖੇਤੀ ਆਧਾਰਿਤ ਉਦਯੋਗ ਦਿੱਤੇ ਜਾ ਸਕਦੇ ਸਨ | ਜੋ ਪੰਜਾਬ ਦੇ ਕਿਸਾਨਾਂ ਦੀ ਖੇਤੀ ਝੋਨੇ ਦੇ ਚੱਕਰ ਵਿਚੋਂ ਨਿਕਲਣ ਵਿਚ ਹੀ ਮਦਦ ਨਹੀਂ ਕਰਦੇ, ਸਗੋਂ ਸਮੁੱਚੇ ਪੰਜਾਬ ਦੇ ਵਿਕਾਸ ਦਾ ਕਾਰਨ ਵੀ ਬਣਦੇ | ਝੋਨੇ ਵਰਗੀ ਫ਼ਸਲ ਲਈ ਮੁਫਤ ਬਿਜਲੀ ਦੇਣੀ ਪੰਜਾਬ ਨਾਲ ਧਰੋਹ ਕਮਾਉਣ ਤੋਂ ਘੱਟ ਨਹੀਂ, ਪਰ ਹਾਂ ਕਿਸਾਨ ਦੀ ਆਰਥਿਕਤਾ ਨੂੰ  ਮਜ਼ਬੂਤ ਕਰਨ ਲਈ ਬਦਲਵੇਂ ਕਦਮ ਚੁੱਕਣੇ ਵੀ ਜ਼ਰੂਰੀ ਹਨ | ਪੰਜਾਬ ਦੀਆਂ ਰਾਜਸੀ ਪਾਰਟੀਆਂ ਪੰਜਾਬ ਦੇ ਹਿੱਤਾਂ ਦੀ ਸਿਰਫ਼ ਗੱਲ ਹੀ ਕਰਦੀਆਂ ਹਨ, ਪਰ ਅਸਲ ਵਿਚ ਉਨ੍ਹਾਂ ਦੀ ਹਰ ਲੜਾਈ ਸਿਰਫ਼ ਥੋੜ੍ਹ-ਚਿਰੇ ਹਿੱਤਾਂ ਤੇ ਚੋਣ ਰਾਜਨੀਤੀ 'ਤੇ ਆਧਾਰਿਤ ਹੁੰਦੀ ਹੈ | ਬਲਕਿ ਸਚਾਈ ਤਾਂ ਇਹ ਹੈ ਕਿ ਹੁਣ ਨੇਤਾ ਆਪਣੀਆਂ ਪਾਰਟੀਆਂ ਦੀ ਭਲਾਈ ਲਈ ਨਹੀਂ ਸਗੋਂ ਆਪਣੇ ਗੁੱਟ ਅਤੇ ਉਸ 'ਤੋਂ ਵੀ ਅੱਗੇ ਵਧ ਕੇ ਆਪਣੇ ਨਿੱਜ ਨੂੰ  ਹੀ ਤਰਜੀਹ ਦੇ ਰਹੇ ਹਨ | ਅਕਬਰ ਇਲਾਹਾਬਾਦੀ ਦੇ ਲਫ਼ਜ਼ਾਂ ਵਿਚ:
ਕੌਮ ਕੇ ਗ਼ਮ ਮੇਂ ਡਿਨਰ ਖਾਤੇ ਹੈਾ ਹੁਕਾਮ ਕੇ ਸਾਥ,
ਰੰਜ ਲੀਡਰ ਕੋ ਬਹੁਤ ਹੈ, ਮਗਰ ਆਰਾਮ ਕੇ ਸਾਥ |
ਪੰਜਾਬ ਭਾਜਪਾ ਦੀ ਹਾਲਤ
ਭਾਜਪਾ ਇਕੋ ਇਕ ਅਜਿਹੀ ਪਾਰਟੀ ਸੀ ਜਿਥੇ ਪਾਰਟੀ ਦੇ ਫੈਸਲੇ ਖਿਲਾਫ਼ ਆਮ ਤੌਰ 'ਤੇ ਬਗ਼ਾਵਤ ਦੇਖਣ ਨੂੰ  ਨਹੀਂ ਮਿਲਦੀ ਸੀ | ਪਰ ਇਸ ਵਾਰ ਪਾਰਟੀ ਦੇ ਟਕਸਾਲੀ ਨੇਤਾਵਾਂ ਦੇ ਸਬਰ ਦਾ ਪਿਆਲਾ ਭਰ ਗਿਆ ਜਾਪਦਾ ਹੈ | ਪਹਿਲੀ ਵਾਰ ਹੈ ਕਿ ਕਰੀਬ 7 ਜ਼ਿਲਿ੍ਹਆਂ ਵਿਚ ਪਾਰਟੀ ਵਿਚ ਨਵੀਆਂ ਨਿਯੁਕਤੀਆਂ ਖਿਲਾਫ਼ ਆਵਾਜ਼ ਉੱਠ ਰਹੀ ਹੈ | ਉਂਝ ਤਾਂ ਪਿਛਲੀਆਂ ਕੌਂਸਲ ਚੋਣਾਂ ਦੇ ਨਤੀਜਿਆਂ ਨੇ ਹੀ ਸਾਬਤ ਕਰ ਦਿੱਤਾ ਸੀ ਕਿ ਸ਼ਹਿਰਾਂ ਵਿਚਲਾ ਪਾਰਟੀ ਦਾ ਪੁਰਾਣਾ ਕੇਡਰ ਪਾਰਟੀ ਤੋਂ ਨਿਰਾਸ਼ ਹੈ, ਇਹੀ ਕਾਰਨ ਸੀ ਕਿ ਸ਼ਹਿਰੀ ਵੋਟਾਂ ਵਿਚ ਭਾਜਪਾ ਸਭ ਤੋਂ ਪਿੱਛੇ ਰਹਿ ਗਈ ਸੀ | ਪਰ ਹੁਣ ਨਵੀਆਂ ਨਿਯੁਕਤੀਆਂ ਵਿਚ ਤਾਂ ਸ਼ਾਇਦ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ  ਵੀ ਵਿਸ਼ਵਾਸ ਵਿਚ ਨਹੀਂ ਲਿਆ ਗਿਆ | ਸਾਨੂੰ ਜੋ 'ਸਰਗੋਸ਼ੀਆਂ' ਸੁਣਾਈ ਦਿੱਤੀਆਂ ਹਨ, ਉਨ੍ਹਾਂ ਅਨੁਸਾਰ ਢਿੱਲੋਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ  ਇਕ ਚਿੱਠੀ ਲਿਖ ਕੇ ਕਿਹਾ ਹੈ ਕਿ ਜਦੋਂ ਨਿਯੁਕਤੀਆਂ ਵਿਚ ਮੈਨੂੰ ਨਹੀਂ ਪੁੱਛਿਆ ਗਿਆ ਤਾਂ ਨਤੀਜਿਆਂ ਦੀ ਜ਼ਿੰਮੇਵਾਰੀ ਵੀ ਮੇਰੀ ਨਹੀਂ ਹੋਵੇਗੀ | ਸਾਡੀ ਜਾਣਕਾਰੀ ਅਨੁਸਾਰ ਨਵੀਆਂ ਨਿਯੁਕਤੀਆਂ ਵਿਚ ਸਿਰਫ਼ ਪੰਜਾਬ ਭਾਜਪਾ ਦੇ ਸੰਗਠਨ ਜਨਰਲ ਸਕੱਤਰ ਮੰਥਰੀ ਸ੍ਰੀਨਿਵਾਸਲੂ ਅਤੇ ਕੇਂਦਰੀ ਸੰਗਠਨ ਜਨਰਲ ਸਕੱਤਰ ਬੀ.ਐਲ. ਸੰਤੋਸ਼ ਦੀ ਹੀ ਚੱਲੀ ਹੈ | ਹਾਂ, ਕੁਝ ਇਕ ਨਿਯੁਕਤੀਆਂ 'ਤੇ ਆਰ.ਐਸ.ਐਸ. ਦੇ ਕੁਝ ਹੋਰ ਨੇਤਾਵਾਂ ਦਾ ਪ੍ਰਭਾਵ ਵੀ ਦਿਖਾਈ ਦਿੰਦਾ ਹੈ | ਪੰਜਾਬ ਭਾਜਪਾ ਵਿਚ ਪਹਿਲਾਂ ਕਾਂਗਰਸ ਤੋਂ ਆਏ ਸੁਨੀਲ ਜਾਖੜ ਅਤੇ ਫਿਰ ਕੇਵਲ ਸਿੰਘ ਢਿੱਲੋਂ ਨੂੰ  ਪ੍ਰਧਾਨ ਬਣਾਏ ਜਾਣ 'ਤੇ ਹੀ ਪਾਰਟੀ ਦੇ ਟਕਸਾਲੀ ਕੇਡਰ ਵਿਚ ਨਿਰਾਸ਼ਾ ਸੀ, ਪਰ ਬਲਦੀ 'ਤੇ ਤੇਲ ਪਾਉਣ ਦਾ ਕੰਮ ਨਵੀਆਂ ਨਿਯੁਕਤੀਆਂ ਨੇ ਕਰ ਦਿੱਤਾ ਹੈ | ਗੌਰਤਲਬ ਹੈ ਪਾਰਟੀ ਦੇ 5 ਵੱਡੇ ਅਹੁਦੇਦਾਰ ਸਿਰਫ਼ ਲੁਧਿਆਣਾ ਵਿਚੋਂ ਹੀ ਲੈ ਲਏ ਗਏ ਹਨ, ਜਿਨ੍ਹਾਂ ਵਿਚ 5 ਵਿਚੋਂ 3 ਜਨਰਲ ਸਕੱਤਰ, ਇਕ ਮੀਤ ਪ੍ਰਧਾਨ ਅਤੇ ਖਜ਼ਾਨਚੀ ਸ਼ਾਮਿਲ ਹਨ | ਪਾਰਟੀ ਦੇ ਨਰਾਜ਼ ਨੇਤਾਵਾਂ ਦੀ ਹਾਲਤ ਸ਼ਕੀਲ ਬਦਾਯੂਨੀ ਦੇ ਇਸ ਸ਼ਿਅਰ ਵਰਗੀ ਹੈ:
ਕਿਤਨੇ ਮਸਰੂਰ ਥੇ ਜੀਨੇ ਕੀ ਦੁਆਓਾ ਪੇ ਸ਼ਕੀਲ,
ਜਬ ਮਿਲੇ ਰੰਜ ਤੋ ਤਾਸੀਰ ਪੇ ਰੋਨਾ ਆਇਆ |
(ਮਸਰੂਰ-ਖ਼ੁਸ਼, ਅਨੰਦਿਤ)
ਪੰਜਾਬ 'ਆਪ' ਦੀ ਹਾਲਤ
ਚਾਹੇ ਸੋਨੇ ਕੇ ਫਰਮੇ ਮੇਂ ਜੜ ਦੋ,
ਆਇਨਾ ਝੂਠ ਬੋਲਤਾ ਹੀ ਨਹੀਂ | (ਕਿ੍ਸ਼ਨ ਬਿਹਾਰੀ ਨੂਰ)
ਆਇਨਾ-ਸ਼ੀਸ਼ਾ
ਪੰਜਾਬ ਦੀ ਆਮ ਆਦਮੀ ਪਾਰਟੀ ਵਿਚ ਕਿੰਨੇ ਹੀ ਵਿਧਾਇਕਾਂ ਤੇ ਮੰਤਰੀਆਂ ਖਿਲਾਫ਼ ਉਨ੍ਹਾਂ ਦੀ ਆਪਣੀ ਹੀ ਪਾਰਟੀ ਜਾਂ ਸਰਕਾਰ ਨੇ ਕਾਰਵਾਈ ਕੀਤੀ ਸੀ ਪਰ ਪਾਰਟੀ ਵਿਚ ਕਿਸੇ ਤਰ੍ਹਾਂ ਦੀ ਬਗ਼ਾਵਤ ਨਜ਼ਰ ਨਹੀਂ ਸੀ ਆਈ | ਪਰ ਹੁਣ ਜਦੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੇ ਦਰਜਨਾਂ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਜਾਣ ਦਾ ਚਰਚਾ ਸ਼ੁਰੂ ਹੋਇਆ ਹੈ ਤਾਂ ਉਹ ਵਿਧਾਇਕ ਆਪਸ ਵਿਚ ਗੱਲਬਾਤ ਕਰਕੇ ਆਪਣੀ ਰਣਨੀਤੀ ਬਣਾ ਰਹੇ ਦੱਸੇ ਜਾਂਦੇ ਹਨ, ਜਿਨ੍ਹਾਂ ਨੂੰ  ਕਿ ਆਪਣੀਆਂ ਟਿਕਟਾਂ ਕੱਟੇ ਜਾਣ ਦਾ ਖ਼ਦਸ਼ਾ ਸਤਾ ਰਿਹਾ ਹੈ | ਪਰ ਅਜੇ ਇਹ ਗੱਲਾਂ ਸਿਰਫ਼ ਹਵਾ ਵਿਚ ਹਨ, ਕਿਉਂਕਿ ਕੁਝ ਥਾਵਾਂ 'ਤੇ ਜਿਥੋਂ ਵਿਧਾਇਕਾਂ ਦੇ ਮੁਕਾਬਲੇ ਨਵੇਂ ਹਲਕਾ ਇੰਚਾਰਜ ਲਾਏ ਵੀ ਗਏ ਹਨ, ਉਥੇ ਕਿਤੇ ਵੀ ਖੁੱਲ੍ਹੀ ਬਗ਼ਾਵਤ ਦਿਖਾਈ ਨਹੀਂ ਦਿੱਤੀ | ਪਰ ਚਰਚਾ ਹੈ ਕਿ ਇਹ ਵਿਧਾਇਕ ਸਰਕਾਰ ਦੇ ਡੰਡੇ ਤੋਂ ਡਰਦੇ ਹਨ ਤੇ ਚੋਣ ਜ਼ਾਬਤਾ ਲੱਗਣ ਦੀ ਉਡੀਕ ਕਰ ਰਹੇ ਹਨ | ਪਰ ਸਚਾਈ ਤਾਂ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਹੀ ਸਾਹਮਣੇ ਆਵੇਗੀ |


ਪੰਜਾਬ ਕਾਂਗਰਸ ਦੀ ਹਾਲਤ
ਪੰਜਾਬ ਕਾਂਗਰਸ ਦੀ ਹਾਲਤ ਦਿਨੋ-ਦਿਨ ਵਿਗੜਦੀ ਹੀ ਜਾ ਰਹੀ ਹੈ | ਹਾਲਾਂਕਿ ਸਾਡੀ ਸੂਚਨਾ ਅਨੁਸਾਰ ਪਾਰਟੀ ਦੇ ਪ੍ਰਮੁੱਖ ਨੇਤਾ ਕੇ. ਸੀ. ਵੇਣੂਗੋਪਾਲ ਨੇ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ 2 ਹੋਰ ਪ੍ਰਮੁੱਖ ਨੇਤਾਵਾਂ ਨੂੰ  ਬੁਲਾ ਕੇ ਕੁਝ ਦਿਨ ਚੁੱਪ ਰਹਿਣ ਅਤੇ ਪਾਰਟੀ ਕਾਨਫਰੰਸਾਂ ਵਿਚ ਆਪਣੇ ਸਮਰਥਕਾਂ ਨੂੰ  ਨਾਅਰੇਬਾਜ਼ੀ ਤੋਂ ਰੋਕਣ ਲਈ ਕਿਹਾ ਹੈ | ਸਾਡੀ ਜਾਣਕਾਰੀ ਅਨੁਸਾਰ ਕਾਂਗਰਸ ਹਾਈਕਮਾਨ ਕੋਈ ਵਿਚਕਾਰਲਾ ਰਾਹ ਕੱਢਣ ਬਾਰੇ ਸੋਚ ਰਹੀ ਹੈ | ਅਜਿਹੀ ਹਾਲਤ ਵਿਚ ਰਾਜਾ ਵੜਿੰਗ ਦੀ ਥਾਂ ਚੰਨੀ ਨੂੰ  ਛੱਡ ਕੇ ਕੋਈ ਤੀਸਰਾ ਵਿਅਕਤੀ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵੇਲੇ ਸਭ ਤੋਂ ਅੱਗੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਨਾਂਅ ਹੈ, ਕਿਉਂਕਿ ਉਹ ਪੰਜਾਬ ਕਾਂਗਰਸ ਦੀ ਅੰਦਰੂਨੀ ਲੜਾਈ ਵਿਚ ਕਿਸੇ ਵੀ ਧਿਰ ਨਾਲ ਖੁੱਲ੍ਹ ਕੇ ਨਹੀਂ ਚੱਲੇ | ਜਦੋਂ ਕਿ ਹੋਰ ਨਾਵਾਂ ਵਿਚ ਵਿਜੈਇੰਦਰ ਸਿੰਗਲਾ, ਸੁਖਜਿੰਦਰ ਸਿੰਘ ਰੰਧਾਵਾ, ਪ੍ਰਗਟ ਸਿੰਘ ਤੇ ਗੁਰਜੀਤ ਸਿੰਘ ਔਜਲਾ ਦੇ ਨਾਵਾਂ ਦੀ ਵੀ ਚਰਚਾ ਹੈ | ਪਰ ਸਿਰਫ਼ ਇਹ ਹੀ ਨਹੀਂ ਕਰੀਬ ਅੱਧੀ ਦਰਜਨ ਹੋਰ ਗ਼ੈਰ-ਜੱਟ ਨੇਤਾਵਾਂ ਦੇ ਨਾਂਅ ਵੀ ਚਰਚਾ 'ਚ ਹਨ | ਹੋ ਸਕਦਾ ਹੈ ਕੋਈ ਡਾਰਕ ਹੌਰਸ ਭਾਵ ਅਨਜਾਣਿਆ ਨਾਂਅ ਹੀ ਅੱਗੇ ਲੈ ਆਂਦਾ ਜਾਵੇ | ਇਸ ਦਰਮਿਆਨ ਜਦੋਂ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ, ਰਾਜਾ ਵੜਿੰਗ ਨੂੰ  ਮੁੜ ਸਥਾਪਿਤ ਕਰਨ ਦੇ ਯਤਨ ਕਰ ਰਹੇ ਹਨ, ਉਸ ਵੇਲੇ ਹੀ ਪਾਰਟੀ ਦੇ ਚੋਣ ਰਣਨੀਤੀਕਾਰ ਤੇ ਪ੍ਰਸ਼ਾਂਤ ਕਿਸ਼ੋਰ ਦੇ ਪੁਰਾਣੇ ਸਾਥੀ ਸੁਨੀਲ ਕਾਨੂਗੋਲੂ ਅਤੇ ਕਾਂਗਰਸ ਦੇ ਐਮ.ਪੀ. ਸ਼ਸ਼ੀਕਾਂਤ ਸੈਂਥਿਲ ਵੀ ਪੰਜਾਬ ਦਾ ਜਾਇਜ਼ਾ ਲੈ ਕੇ ਗਏ ਹਨ | ਕਾਂਗਰਸ ਹਾਈਕਮਾਨ ਦੀ ਹਾਲਤ ਤਾਂ ਮੋਮਿਨ ਖਾਂ ਮੋਮਿਨ ਦੇ ਇਸ ਮਸ਼ਹੂਰ ਸ਼ਿਅਰ ਵਰਗੀ ਜਾਪ ਰਹੀ ਹੈ:
ਚਲ ਦੀਏ ਸੂ-ਏ-ਹਰਮ, ਕੂ-ਏ-ਬੁਤਾਂ ਸੇ ਮੋਮਿਨ,
ਜਬ ਦੀਆ ਰੰਜ ਬੁਤੋਂ ਨੇ ਤੋ ਖ਼ੁਦਾ ਯਾਦ ਆਇਆ |
(ਸੂ-ਏ-ਹਰਮ=ਰੱਬ ਦੇ ਘਰ ਵੱਲ, ਕੂ-ਏ-ਬੁਤਾਂ=ਮਹਿਬੂਬ ਦਾ ਮਹੱਲਾ)
ਅਕਾਲੀ ਦਲਾਂ ਦੀ ਹਾਲਤ
ਅਕਾਲੀ ਦਲਾਂ ਦੀ ਹਾਲਤ ਹੰਨੇ ਹੰਨੇ ਮੀਰੀ ਵਾਲੀ ਬਣੀ ਹੋਈ ਹੈ, ਉਪਰਲੀ ਨਜ਼ਰੇ ਇਹ ਸਿੱਖਾਂ ਦੀਆਂ 12 ਮਿਸਲਾਂ ਵੇਲੇ ਵਰਗੀ ਜਾਪਦੀ ਹੈ, ਪਰ ਅਸਲੀਅਤ ਵਿਚ ਇਹ ਉਸ ਤੋਂ ਵੀ ਕਿਤੇ ਮਾੜੀ ਹੈ | ਇਕ ਤਾਂ ਸਿੱਖ ਵੋਟਾਂ ਕਾਂਗਰਸ, ਆਪ ਤੇ ਭਾਜਪਾ ਨੂੰ  ਵੀ ਪੈਂਦੀਆਂ ਹਨ ਤੇ ਬਾਕੀ ਰਹਿੰਦੀਆਂ ਪੰਥਕ ਵੋਟਾਂ ਵੀ ਕਈ ਅਕਾਲੀ ਦਲਾਂ ਵਿਚ ਵੰਡੀਆਂ ਜਾਣਗੀਆਂ | ਮਿਸਲਾਂ ਵੇਲੇ ਵੀ ਸਿੱਖ ਸਾਂਝੇ ਦੁਸ਼ਮਣ ਨਾਲ ਲੜਨ ਲਈ ਆਪਸੀ ਵਿਰੋਧ ਭੁਲਾ ਕੇ ਇਕ ਹੋ ਕੇ ਲੜਦੇ ਸਨ | ਪਰ ਹੁਣ ਅਕਾਲੀ ਦਲਾਂ ਦੇ ਇਕ ਹੋਣ ਦੇ ਆਸਾਰ ਨਾਂਹ ਦੇ ਬਰਾਬਰ ਹਨ | ਭਾਵੇਂ ਕੁਝ ਅਕਾਲੀ ਦਲਾਂ ਵਿਚ ਏਕਤਾ ਦੀ ਗੱਲਬਾਤ ਗਾਹੇ-ਬਗਾਹੇ ਚਲਦੀ ਰਹਿੰਦੀ ਹੈ, ਪਰ ਏਕਤਾ ਲਈ ਲਾਈਆਂ ਜਾਂਦੀਆਂ ਸ਼ਰਤਾਂ ਇਹ ਸਾਫ਼ ਪ੍ਰਗਟ ਕਰਦੀਆਂ ਹਨ ਕਿ ਏਕਤਾ ਦੇ ਆਸਾਰ ਅਜੇ ਬਹੁਤ ਦੂਰ ਹਨ | ਇਸ ਦਰਮਿਆਨ ਪਤਾ ਲੱਗਾ ਹੈ ਕਿ ਅਕਾਲੀ ਦਲ ਪੁਨਰ ਸੁਰਜੀਤ ਅਕਾਲੀ ਦਲ (ਬਾਦਲ) ਦੇ ਨੇਤਾਵਾਂ ਸਮੇਤ ਬਾਬਾ ਸਰਬਜੋਤ ਸਿੰਘ ਬੇਦੀ ਰਾਹੀਂ ਜਲਦੀ ਹੀ ਸਾਰੇ ਅਕਾਲੀ ਦਲਾਂ ਦੀ ਮੀਟਿੰਗ ਬੁਲਾਉਣ ਬਾਰੇ ਵਿਚਾਰ ਕਰ ਰਿਹਾ ਹੈ | ਪਰ ਅਸਲ ਵਿਚ ਇਸ ਵੇਲੇ ਅਕਾਲੀ ਦਲਾਂ ਦੀ ਹਾਲਤ ਇਕ ਗੀਤ ਦੇ ਬੋਲਾਂ ਵਰਗੀ ਹੈ | 
ਇਸ ਦਿਲ ਕੇ ਟੁਕੜੇ ਹਜ਼ਾਰ ਹੂਏ,
ਕੋਈ ਯਹਾਂ ਿਗ਼ਰਾ ਕੋਈ ਵਹਾਂ ਗਿਰਾ |

-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000
E. mail : hslall@ymail.com

ਪਿਛਲੀ ਖ਼ਬਰ ਹਸੀਨਾ ਦੀ ਵਾਪਸੀ ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਦਾ ਸੰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।