ਸਿੱਖ ਇਤਿਹਾਸ ਵਿਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜੀਵਨ ਇਸ ਸੱਚਾਈ ਦਾ ਪ੍ਰਤੱਖ ਪ੍ਰਮਾਣ ਹੈ ਕਿ ਰੂਹਾਨੀ ਮਹਾਨਤਾ ਨਾ ਉਮਰ ਦੀ ਮੁਥਾਜ ਹੁੰਦੀ ਹੈ ਅਤੇ ਨਾ ਹੀ ਸੰਸਾਰਕ ਵਿਦਵਤਾ ਦੀ | ਕੇਵਲ ਅੱਠ ਸਾਲਾਂ ਦੇ ਸੰਖੇਪ ਜੀਵਨ ਵਿਚ ਉਨ੍ਹਾਂ ਨੇ ਮਨੁੱਖਤਾ ਦੀ ਸੇਵਾ, ਨਿਮਰਤਾ, ਸਮਾਨਤਾ ਅਤੇ ਪਰਉਪਕਾਰ ਦੇ ਅਜਿਹੇ ਆਦਰਸ਼ ਸਥਾਪਤ ਕੀਤੇ, ਜੋ ਸਦੀਆਂ ਬਾਅਦ ਵੀ ਮਨੁੱਖਤਾ ਲਈ ਚਾਨਣ-ਮੁਨਾਰਾ ਬਣੇ ਹੋਏ ਹਨ | ਇਸੇ ਲਈ ਸਿੱਖ ਪੰਥ ਵਿਚ ਉਨ੍ਹਾਂ ਨੂੰ ਪਿਆਰ ਨਾਲ 'ਬਾਲਾ ਪ੍ਰੀਤਮ' ਕਿਹਾ ਜਾਂਦਾ ਹੈ | ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ 7 ਜੁਲਾਈ 1656 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਸੱਤਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਅਤੇ ਮਾਤਾ ਕ੍ਰਿਸ਼ਨ ਦੇਵੀ ਜੀ ਦੇ ਗ੍ਰਹਿ ਵਿਖੇ ਹੋਇਆ | ਬਚਪਨ ਤੋਂ ਹੀ ਉਨ੍ਹਾਂ ਦੇ ਸ਼ਾਂਤ ਸੁਭਾਅ, ਕਰੁਣਾ, ਧੀਰਜ ਅਤੇ ਆਤਮਿਕ ਪ੍ਰਤਿਭਾ ਨੇ ਸੰਗਤਾਂ ਨੂੰ ਪ੍ਰਭਾਵਿਤ ਕਰ ਦਿੱਤਾ ਸੀ | ਗੁਰੂ ਹਰਿਰਾਇ ਸਾਹਿਬ ਜੀ ਵਲੋਂ ਆਪਣੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਗੁਰਗੱਦੀ ਦੀ ਜ਼ਿੰਮੇਵਾਰੀ ਇਨ੍ਹਾਂ ਨੂੰ ਛੋਟੀ ਉਮਰ ਵਿਚ ਸੌਂਪਣ ਦਾ ਫ਼ੈਸਲਾ ਰੂਹਾਨੀ ਯੋਗਤਾ ਦੇ ਆਧਾਰ 'ਤੇ ਸੀ | ਇਹ ਘਟਨਾ ਸਿੱਖੀ ਦੇ ਉਸ ਸਿਧਾਂਤ ਨੂੰ ਹੋਰ ਮਜ਼ਬੂਤ ਕਰਦੀ ਹੈ ਕਿ ਗੁਰਤਾ ਦਾ ਮਾਪਦੰਡ ਆਤਮਿਕ ਪ੍ਰਕਾਸ਼ ਹੈ, ਨਾ ਕਿ ਸੰਸਾਰਕ ਕੱਦ ਜਾਂ ਉਮਰ | ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਜੀਵਨ ਦਾ ਇਕ ਮਹੱਤਵਪੂਰਨ ਪ੍ਰਸੰਗ ਪੰਡਤ ਲਾਲ ਚੰਦ ਨਾਲ ਜੁੜਿਆ ਹੋਇਆ ਹੈ, ਜਿਸ ਨੇ ਬਾਲ ਗੁਰੂ ਦੀ ਪ੍ਰਤਿਭਾ ਨੂੰ ਪਰਖਣ ਦੀ ਕੋਸ਼ਿਸ਼ ਕੀਤੀ ਸੀ | ਗੁਰੂ ਸਾਹਿਬ ਨੇ ਇਕ ਸਾਧਾਰਨ ਪਾਣੀ ਢੋਣ ਵਾਲੇ ਛੱਜੂ ਝੀਵਰ 'ਤੇ ਕਿਰਪਾ ਦਿ੍ਸ਼ਟੀ ਕੀਤੀ ਅਤੇ ਉਸ ਨੇ ਗੀਤਾ ਦੇ ਡੂੰਘੇ ਅਰਥਾਂ ਦੀ ਅਜਿਹੀ ਵਿਆਖਿਆ ਕੀਤੀ ਕਿ ਵਿਦਵਾਨ ਹੈਰਾਨ ਰਹਿ ਗਏ | ਇਹ ਘਟਨਾ ਇਕ ਕਰਾਮਾਤ ਨਹੀਂ, ਸਗੋਂ ਇਹ ਸੰਦੇਸ਼ ਦਿੰਦੀ ਹੈ ਕਿ ਗਿਆਨ ਪਰਮਾਤਮਾ ਦੀ ਬਖ਼ਸ਼ਿਸ਼ ਹੈ ਅਤੇ ਹੰਕਾਰ ਉਸ ਦਾ ਸਭ ਤੋਂ ਵੱਡਾ ਵੈਰੀ | 1664 ਵਿਚ ਜਦੋਂ ਦਿੱਲੀ ਵਿਖੇ ਚੇਚਕ ਅਤੇ ਹੈਜ਼ੇ ਦੀ ਭਿਆਨਕ ਮਹਾਂਮਾਰੀ ਫੈਲ ਗਈ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਆਪਣੇ ਜੀਵਨ ਦੀ ਪ੍ਰਵਾਹ ਕੀਤੇ ਬਿਨਾਂ ਬਿਮਾਰਾਂ ਦੀ ਸੇਵਾ ਕੀਤੀ | ਧਰਮ, ਜਾਤ, ਵਰਗ ਅਤੇ ਮਜ਼ਹਬ ਤੋਂ ਉੱਪਰ ਉੱਠ ਕੇ ਉਨ੍ਹਾਂ ਨੇ ਮਨੁੱਖਤਾ ਨੂੰ ਪਹਿਲ ਦਿੱਤੀ | ਇਹ ਸੇਵਾ ਹੀ ਸਿੱਖੀ ਦਾ ਅਸਲ ਸਰੂਪ ਹੈ | ਅੰਤ ਵਿਚ ਉਹ ਖ਼ੁਦ ਵੀ ਚੇਚਕ ਦੀ ਬਿਮਾਰੀ ਤੋਂ ਪ੍ਰਭਾਵਿਤ ਹੋ ਗਏ ਅਤੇ 30 ਮਾਰਚ 1664 ਨੂੰ ਜੋਤੀ ਜੋਤਿ ਸਮਾ ਗਏ | ਵਿਛੋੜੇ ਦੇ ਉਨ੍ਹਾਂ ਪਲਾਂ ਵਿਚ ਉਚਾਰੇ ਗਏ 'ਬਾਬਾ ਬਕਾਲੇ' ਦੇ ਸ਼ਬਦਾਂ ਨੇ ਅਗਲੇ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਦਾ ਰਾਹ ਵੀ ਖੋਲ੍ਹ ਦਿੱਤਾ |
![]()
ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜੀਵਨ ਸਾਨੂੰ ਇਹ ਸਿੱਖਿਆ ਦਿੰਦਾ ਹੈ ਕਿ ਧਰਮ ਸਿਰਫ਼ ਰਸਮਾਂ ਦਾ ਨਾਂਅ ਨਹੀਂ ਹੈ, ਸਗੋਂ ਦੁਖੀ ਮਨੁੱਖ ਦੇ ਅੱਥਰੂ ਪੂੰਝਣ ਦਾ ਨਾਂਅ ਹੈ | ਜਿਸ ਸਮਾਜ ਵਿਚ ਬਿਮਾਰ, ਲੋੜਵੰਦ ਅਤੇ ਬੇਸਹਾਰਾ ਮਨੁੱਖ ਦੀ ਸੇਵਾ ਨਹੀ ਹੁੰਦੀ, ਉੱਥੇ ਧਾਰਮਿਕਤਾ ਦਾ ਦਾਅਵਾ ਅਧੂਰਾ ਹੈ | ਅੱਜ ਜਦੋਂ ਦੁਨੀਆ ਭੌਤਿਕ ਤਰੱਕੀ ਦੇ ਬਾਵਜੂਦ ਮਾਨਸਿਕ ਤਣਾਅ, ਹਿੰਸਾ, ਨਫ਼ਰਤ ਅਤੇ ਸੁਆਰਥ ਨਾਲ ਜੂਝ ਰਹੀ ਹੈ, ਉਦੋਂ ਗੁਰੂ ਜੀ ਦਾ ਜੀਵਨ ਮਨੁੱਖਤਾ ਨੂੰ ਸੇਵਾ, ਸਹਿਣਸ਼ੀਲਤਾ ਅਤੇ ਨਿਮਰਤਾ ਦਾ ਸੱਦਾ ਦਿੰਦਾ ਹੈ | ਸਿੱਖ ਵਿਰਸੇ ਵਿਚ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਵਿਰਾਸਤ ਕੇਵਲ ਇਤਿਹਾਸ ਦਾ ਇਕ ਅਧਿਆਇ ਨਹੀਂ, ਸਗੋਂ ਜੀਵਨ ਜਿਊਣ ਦੀ ਇਕ ਪੂਰੀ ਵਿਚਾਰਧਾਰਾ ਹੈ | ਉਨ੍ਹਾਂ ਨੇ ਦੱਸਿਆ ਕਿ ਮਨੁੱਖ ਦਾ ਸਭ ਤੋਂ ਵੱਡਾ ਧਰਮ ਮਨੁੱਖਤਾ ਹੈ ਅਤੇ ਸਭ ਤੋਂ ਵੱਡੀ ਇਬਾਦਤ ਨਿਸ਼ਕਾਮ ਸੇਵਾ | ਇਹੀ ਕਾਰਨ ਹੈ ਕਿ ਅੱਜ ਵੀ ਦਿੱਲੀ ਸਥਿਤ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹਰ ਧਰਮ, ਹਰ ਭਾਸ਼ਾ ਅਤੇ ਹਰ ਵਰਗ ਦੇ ਲੋਕ ਸ਼ਰਧਾ ਨਾਲ ਨਤਮਸਤਕ ਹੁੰਦੇ ਹਨ | ਉੱਥੇ ਦੀ ਸਰੋਵਰ ਸੇਵਾ, ਲੰਗਰ ਪਰੰਪਰਾ ਅਤੇ ਮਨੁੱਖਤਾ ਪ੍ਰਤੀ ਸਮਰਪਣ ਗੁਰੂ ਸਾਹਿਬ ਦੀ ਸਿੱਖਿਆ ਨੂੰ ਨਿਰੰਤਰ ਜੀਵੰਤ ਰੱਖ ਰਹੇ ਹਨ |
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸਿਰਫ਼ ਇਕ ਧਾਰਮਿਕ ਦਿਹਾੜਾ ਨਹੀਂ, ਸਗੋਂ ਆਪਣੇ ਅੰਦਰ ਝਾਤ ਮਾਰਨ ਦਾ ਵੀ ਮੌਕਾ ਹੈ | ਇਹ ਦਿਨ ਸਾਨੂੰ ਯਾਦ ਕਰਵਾਉਂਦਾ ਹੈ, ਕਿ ਜੇਕਰ ਇਕ ਅੱਠ ਸਾਲ ਦੇ ਬਾਲ ਗੁਰੂ ਆਪਣੇ ਜੀਵਨ ਨੂੰ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਕਰ ਸਕਦੇ ਹਨ ਤਾਂ ਅਸੀਂ ਵੀ ਆਪਣੇ ਜੀਵਨ ਦਾ ਕੁਝ ਹਿੱਸਾ ਸਮਾਜ, ਲੋੜਵੰਦਾਂ ਅਤੇ ਮਨੁੱਖੀ ਕਦਰਾਂ-ਕੀਮਤਾਂ ਦੀ ਸੇਵਾ ਲਈ ਜ਼ਰੂਰ ਸਮਰਪਿਤ ਕਰ ਸਕਦੇ ਹਾਂ | ਇਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਦਾ ਅਸਲ ਸੰਦੇਸ਼ ਅਤੇ ਉਨ੍ਹਾਂ ਪ੍ਰਤੀ ਸੱਚੀ ਸ਼ਰਧਾ ਹੋਵੇਗੀ |
-ਪਿੰਡ ਤੇ ਡਾਕ-ਕੋਹਾਲੀ, ਰਾਮ ਤੀਰਥ ਰੋਡ ਅੰਮਿ੍ਤਸਰ-143109
ਮੋਬਾਈਲ : 98152-82283